ਗੁਰਦੁਆਰਾ ਹਰੀਆਂ ਵੇਲਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਗੁ: ਹਰੀਆਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
Publish Date: Thu, 18 Jun 2026 05:39 PM (IST)
Updated Date: Fri, 19 Jun 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੱਬੇਵਾਲ: ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਜਥੇਬੰਦੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿੱਚ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਰਧਾ ਨਾਲ਼ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਗੁਰਨਾਮ ਸਿੰਘ ਖੁਰਦਪੁਰ , ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਬੀਬੀ ਬਲਰਾਜ ਕੌਰ ਕੈਨੇਡਾ, ਭਾਈ ਅਜੈ ਸਿੰਘ, ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ ਨੇ ਸੰਗਤਾਂ ਨੂੰ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਗੌਰਮਈ ਇਤਿਹਾਸ ਨੂੰ ਸੰਗਤਾਂ ਨੂੰ ਸਰਵਣ ਕਰਵਾਇਆ। ਉਹਨਾਂ ਗੁਰਬਾਣੀ ਵਿੱਚ ਦਰਸਾਏ ਸੇਵਾ ਸਿਮਰਨ ਦੇ ਮਾਰਗ ਤੇ ਚੱਲਣ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਕਿਹਾ। ਉਹਨਾਂ ਕਿਹਾ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੱਕ ਸੱਚ ਅਤੇ ਸਰਬੱਤ ਦੇ ਭਲੇ ਵਾਸਤੇ ਜਬਰ ਦਾ ਟਾਕਰਾ ਸਬਰ ਨਾਲ ਕੀਤਾ। ਉਹਨਾਂ ਕਿਹਾ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਮੁੱਖ ਉਦੇਸ਼ ਸਮਾਜਿਕ ਏਕਤਾ, ਪ੍ਰਮਾਤਮਾ ਨਾਲ ਪ੍ਰੇਮ, ਮਨੁੱਖਤਾ ਦੀ ਭਲਾਈ ਅਤੇ ਨਿਮਰਤਾ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਸਾਨੂੰ ਸੰਸਾਰ ਵਿੱਚ ਰਹਿੰਦੇ ਹੋਏ ਵੀ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਜੀ ਨੇ ਪ੍ਰਮਾਤਮਾ ਦੇ ਨਾਮ ਨੂੰ ਸਭ ਤੋਂ ਉੱਤਮ ਮੰਨਿਆ ਹੈ। ਗੁਰੂ ਸਾਹਿਬ ਦਾ ਮੰਨਣਾ ਹੈ ਕਿ ਪ੍ਰਭੂ ਦਾ ਸਿਮਰਨ ਸਾਰੇ ਦੁੱਖਾਂ ਅਤੇ ਕਲੇਸ਼ਾਂ ਨੂੰ ਦੂਰ ਕਰ ਦਿੰਦਾ ਹੈ। ਗੁਰੂ ਸਾਹਿਬ ਨੇ ਕਿਸੇ ਨਾਲ ਵੀ ਜਾਤ-ਪਾਤ, ਧਰਮ ਜਾਂ ਅਮੀਰੀ-ਗਰੀਬੀ ਦਾ ਵਿਤਕਰਾ ਨਹੀਂ ਕੀਤਾ। ਸਭ ਨੂੰ ਇੱਕੋ ਪਰਮਾਤਮਾ ਦੀ ਸੰਤਾਨ ਮੰਨਿਆ। ਉਨ੍ਹਾਂ ਦੀ ਬਾਣੀ ਸਿਖਾਉਂਦੀ ਹੈ ਕਿ ਮਨੁੱਖ ਨੂੰ ਪ੍ਰਮਾਤਮਾ ਦੀ ਰਜ਼ਾ ਭਾਣੇ ਵਿੱਚ ਖੁਸ਼ੀ-ਖੁਸ਼ੀ ਰਹਿਣਾ ਚਾਹੀਦਾ ਹੈ। ਗੁਰੂ ਜੀ ਦੀ ਬਾਣੀ ਮਨ ਨੂੰ ਅੰਦਰੂਨੀ ਸ਼ਾਂਤੀ, ਧੀਰਜ ਅਤੇ ਸੰਤੁਸ਼ਟੀ ਪ੍ਰਦਾਨ ਕਰਦੀ ਹੈ। ਇਸ ਮੌਕੇ ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ, ਗਿਆਨੀ ਬਹਾਦਰ ਸਿੰਘ ਮਿੱਠਾ ਟਿਵਾਣਾ, ਭਾਈ ਅਮਰੀਕ ਸਿੰਘ ਜਲੰਧਰ, ਅਰਸ਼ਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।