ਸਾਬਕਾ ਕੌਂਸਲਰ ਵਿਕਰਮ ਮਹਿਤਾ ਭਾਜਪਾ ’ਚ ਸ਼ਾਮਲ
ਸਾਬਕਾ ਕੌਂਸਲਰ ਵਿਕਰਮ ਮਹਿਤਾ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ
Publish Date: Thu, 18 Jun 2026 05:11 PM (IST)
Updated Date: Fri, 19 Jun 2026 04:06 AM (IST)

ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਨੇ ਸਿਰੋਪਾ ਪਾ ਕੇ ਕੀਤਾ ਸਵਾਗਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਟਕਸਾਲੀ ਸਾਬਕਾ ਕੌਂਸਲਰ ਵਿਕਰਮ ਮਹਿਤਾ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਨੇ ਵਿਕਰਮ ਮਹਿਤਾ ਨੂੰ ਪਾਰਟੀ ਦਾ ਸਿਰੋਪਾ ਪਹਿਨਾ ਕੇ ਜਥੇਬੰਦੀ ਵਿੱਚ ਜੀ ਆਇਆਂ ਕਹਿ ਕੇ ਰਸਮੀ ਤੌਰ ਤੇ ਸ਼ਾਮਲ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਨੇ ਕਿਹਾ ਕਿ ਵਿਕਰਮ ਮਹਿਤਾ ਕੋਲ ਨਗਰ ਨਿਗਮ ਕੌਂਸਲਰ ਵਜੋਂ ਲੰਮਾ ਜਨਤਕ ਤਜਰਬਾ ਹੈ, ਜਿਸ ਦਾ ਫ਼ਾਇਦਾ ਪਾਰਟੀ ਨੂੰ ਹੁਸ਼ਿਆਰਪੁਰ ਵਿੱਚ ਮਜ਼ਬੂਤੀ ਪ੍ਰਦਾਨ ਕਰਨ ਲਈ ਮਿਲੇਗਾ। ਦੂਜੇ ਪਾਸੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਸੂਬੇ ਵਿੱਚ ਵਧ ਰਹੇ ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਚੋਣਾਂ ਦੌਰਾਨ ਕੀਤੇ ਗਏ ਝੂਠੇ ਵਾਅਦਿਆਂ ਕਾਰਨ ਹਰ ਵਰਗ ਪਰੇਸ਼ਾਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਲੋਕ ਪੰਜਾਬ ਨੂੰ ਬਚਾਉਣ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਭਾਜਪਾ ਨੂੰ ਇੱਕੋ-ਇੱਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਉਪਰੰਤ ਵਿਕਰਮ ਮਹਿਤਾ ਨੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਲਗਨ, ਤਨਦੇਹੀ ਅਤੇ ਵਫ਼ਾਦਾਰੀ ਨਾਲ ਪਾਰਟੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾ ਕੇ ਸੰਗਠਨ ਦਾ ਘੇਰਾ ਹੋਰ ਵਧਾਉਣਗੇ। ਇਸ ਸਿਆਸੀ ਮਿਲਣੀ ਦੌਰਾਨ ਜਿੰਦੂ ਸੈਣੀ, ਪ੍ਰੇਮ ਬਜਾਜ, ਗਗਨਦੀਪ ਸੈਣੀ, ਦਿਲਬਾਗ ਬਾਗੀ, ਮਹਿੰਦਰਪਾਲ ਸੈਣੀ, ਵਰੁਣ ਪੰਡਿਤ, ਯਸ਼ ਜੈਨ, ਅਭਿਸ਼ੇਕ ਕਪੂਰ, ਰਾਜੀਵ ਮਹਾਜਨ, ਰਜਤ ਸ਼ਰਮਾ, ਸੰਨੀ ਅਰੋੜਾ, ਮੇਸ਼ਾ, ਸੁਨੀਲ, ਰਾਜਿੰਦਰ ਕੁਮਾਰ, ਅਰੁਣੇਸ਼ ਕਪੂਰ, ਮੁਨੀਸ਼ ਕੁਮਾਰ, ਰਾਹੁਲ ਭਾਟੀਆ ਅਤੇ ਤਰਸੇਮ ਲਾਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਵਿਕਰਮ ਮਹਿਤਾ ਦੇ ਸਮਰਥਕ ਹਾਜ਼ਰ ਸਨ।