ਜਨਗਣਨਾ 'ਚ ਆਦਿ ਧਰਮ ਦੇ ਕਾਲਮ ਨੂੰ ਬਹਾਲ ਕਰਨ ਦੀ ਮੰਗ
ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਲੋਂ ਜਨਗਣਨਾ 'ਚ ਆਦਿ ਧਰਮ ਦੇ ਕਾਲਮ ਨੂੰ ਬਹਾਲ ਕਰਨ ਦੀ ਮੰਗ
Publish Date: Thu, 18 Jun 2026 05:08 PM (IST)
Updated Date: Fri, 19 Jun 2026 04:06 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਹੋਏ ਇਕੱਠ ਦੌਰਾਨ ਮੰਗ ਕੀਤੀ ਗਈ ਕਿ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਦੌਰਾਨ 1931 ਵਿਚ ਹੋਈ ਜਨਗਣਨਾ ਦੌਰਾਨ ਬਣੇ ਆਦਿ ਧਰਮ ਦੇ ਕਾਲਮ ਨੂੰ ਭਾਰਤ ਸਰਕਾਰ ਜਲਦ ਮਾਨਤਾ ਦੇ ਕੇ ਆਦਿ ਧਰਮੀ ਕੌਮ ਨੂੰ ਬਣਦਾ ਸਤਿਕਾਰ ਦੇਵੇ। ਇਸ ਮੌਕੇ ਆਦਿ ਧਰਮ ਦੇ ਪ੍ਰਚਾਰਕਾਂ, ਵਿਦਵਾਨਾਂ ਅਤੇ ਸੰਗਤਾਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ 1931 ਦੀ ਜਨਗਣਨਾ ਵਿਚ ਆਦਿ ਧਰਮ ਲਈ ਬਣਾਏ ਗਏ ਵੱਖਰੇ ਕਾਲਮ ਨੂੰ ਮੁੜ ਬਹਾਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਆਦਿ ਧਰਮ ਇਕ ਵੱਖਰੀ ਧਾਰਮਿਕ ਅਤੇ ਸਮਾਜਿਕ ਪਛਾਣ ਰੱਖਦਾ ਹੈ, ਜਿਸ ਨੂੰ ਇਤਿਹਾਸਕ ਤੌਰ ਤੇ ਮਾਨਤਾ ਮਿਲੀ ਹੋਈ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ 1931 ਦੀ ਜਨਗਣਨਾ ਦੌਰਾਨ ਬ੍ਰਿਟਿਸ਼ ਭਾਰਤ ਵਿਚ ਆਦਿ ਧਰਮ ਲਈ ਵੱਖਰਾ ਕਾਲਮ ਰੱਖਿਆ ਗਿਆ ਸੀ। ਉਸ ਸਮੇਂ ਪੰਜਾਬ ਦੇ 4 ਲੱਖ ਤੋਂ ਵਧੇਰੇ ਲੋਕਾਂ ਨੇ ਆਪਣੀ ਪਛਾਣ ਆਦਿ ਧਰਮੀਂ ਵਜੋਂ ਦਰਜ ਕਰਵਾਈ ਸੀ। ਇਹ ਅੰਕੜਾ ਇਸ ਗੱਲ ਦਾ ਸਬੂਤ ਹੈ ਕਿ ਆਦਿ ਧਰਮ ਇਕ ਸੁਤੰਤਰ ਧਾਰਮਿਕ ਅਤੇ ਸਮਾਜਿਕ ਅੰਦੋਲਨ ਸੀ, ਜਿਸ ਨੂੰ ਵੱਡੀ ਗਿਣਤੀ ਲੋਕਾਂ ਦਾ ਸਮਰਥਨ ਪ੍ਰਾਪਤ ਸੀ। ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਅਗਵਾਈ ਹੇਠ ਚੱਲੇ ਆਦਿ ਧਰਮ ਅੰਦੋਲਨ ਨੇ ਸਮਾਜ ਵਿਚ ਸਵੈ-ਮਾਣ, ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਮਹੱਤ ਵਪੂਰਨ ਯੋਗਦਾਨ ਪਾਇਆ। ਇਸ ਅੰਦੋਲਨ ਨੇ ਹਜ਼ਾਰਾਂ ਲੋਕਾਂ ਨੂੰ ਆਪਣੀ ਅਸਲ ਪਛਾਣ ਅਤੇ ਇਤਿਹਾਸ ਨਾਲ ਜੋੜਿਆ। ਆਜ਼ਾਦੀ ਤੋਂ ਬਾਅਦ ਜਨਗਣਨਾ ਵਿਚ ਆਦਿ ਧਰਮ ਦਾ ਵੱਖਰਾ ਕਾਲਮ ਖ਼ਤਮ ਹੋ ਜਾਣ ਕਾਰਨ ਇਸ ਧਾਰਮਿਕ ਪਛਾਣ ਨੂੰ ਢੁਕਵਾਂ ਸਥਾਨ ਨਹੀਂ ਮਿਲ ਸਕਿਆ। ਆਉਣ ਵਾਲੀ ਜਨਗਣਨਾ ਵਿਚ ਆਦਿ ਧਰਮ ਨੂੰ ਮੁੜ ਵੱਖਰੇ ਤੌਰ ਤੇ ਦਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਦਿ ਧਰਮ ਨਾਲ ਸਬੰਧਿਤ ਲੋਕ ਆਪਣੀ ਧਾਰਮਿਕ ਪਛਾਣ ਨੂੰ ਸਹੀ ਢੰਗ ਨਾਲ ਦਰਜ ਕਰਵਾ ਸਕਣ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਧਾਰਮਿਕ ਪਛਾਣ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈ ਅਤੇ ਇਸ ਅਧਿਕਾਰ ਦਾ ਸਤਿਕਾਰ ਹੋਣਾ ਚਾਹੀਦਾ ਹੈ।