ਹੁਸ਼ਿਆਰਪੁਰ ਦੀਆਂ ਕੁੜੀਆਂ ਨੇ ਬਰਨਾਲਾ ਨੂੰ 95 ਦੌੜਾਂ ਨਾਲ ਹਰਾਇਆ
ਹੁਸ਼ਿਆਰਪੁਰ ਦੀਆਂ ਕੁੜੀਆਂ ਨੇ ਬਰਨਾਲਾ ਨੂੰ 95 ਦੌੜਾਂ ਨਾਲ ਹਰਾ ਕੇ ਸੀਨੀਅਰ ਮਹਿਲਾ ਕ੍ਰਿਕਟ ਵਿੱਚ ਰਚਿਆ ਇਤਿਹਾਸ: ਡਾ. ਰਮਨ ਘਈ
Publish Date: Thu, 18 Jun 2026 04:49 PM (IST)
Updated Date: Fri, 19 Jun 2026 04:03 AM (IST)

ਸੀਨੀਅਰ ਮਹਿਲਾ ਕ੍ਰਿਕਟ ’ਚ ਰਚਿਆ ਇਤਿਹਾਸ : ਡਾ. ਰਮਨ ਘਈ ਪੂਜਾ, ਸੁਹਾਨਾ ਤੇ ਸ਼ਿਵਾਨੀ ਦੀ ਬੱਲੇਬਾਜ਼ੀ ਤੇ ਸੁਰਭੀ, ਅੰਜਲੀ ਤੇ ਧਰੁਵਿਕਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਫਾਈਨਲ ’ਚ ਬਣਾਈ ਜਗ੍ਹਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਸੀਨੀਅਰ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰਨਾਲਾ ਦੀ ਟੀਮ ਨੂੰ 95 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰਕੇ ਇਤਿਹਾਸ ਰਚ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਬਰਨਾਲਾ ਵਿਖੇ ਖੇਡੇ ਗਏ 50 ਓਵਰਾਂ ਦੇ ਸੈਮੀਫਾਈਨਲ ਮੈਚ ਵਿੱਚ ਬਰਨਾਲਾ ਦੀ ਟੀਮ ਨੇ ਟਾਸ ਜਿੱਤ ਕੇ ਹੁਸ਼ਿਆਰਪੁਰ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਹੁਸ਼ਿਆਰਪੁਰ ਦੀ ਟੀਮ ਨੇ ਪੂਜਾ ਦੇਵੀ ਦੀਆਂ 77 ਦੌੜਾਂ, ਕਪਤਾਨ ਸੁਹਾਨਾ ਦੀਆਂ 42 ਦੌੜਾਂ, ਸ਼ਿਵਾਨੀ ਦੀਆਂ 30 ਦੌੜਾਂ ਅਤੇ ਮਨਪ੍ਰੀਤ ਓਲਖ ਦੀਆਂ 11 ਦੌੜਾਂ ਦੀ ਮਦਦ ਨਾਲ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ 195 ਦੌੜਾਂ ਬਣਾਈਆਂ। ਬਰਨਾਲਾ ਵੱਲੋਂ ਗੇਂਦਬਾਜ਼ੀ ਕਰਦਿਆਂ ਮਮਤਾ ਰਾਣੀ ਨੇ 4 ਵਿਕਟਾਂ, ਅਮਰਜੋਤ ਕੌਰ ਨੇ 2 ਵਿਕਟਾਂ ਅਤੇ ਅਕਸ਼ਿਤਾ ਭਗਤ ਤੇ ਸੁਖਮੀਤ ਕੌਰ ਨੇ 1-1 ਵਿਕਟ ਹਾਸਲ ਕੀਤੀ। 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬਰਨਾਲਾ ਦੀ ਟੀਮ ਹੁਸ਼ਿਆਰਪੁਰ ਦੀਆਂ ਖਿਡਾਰਨਾਂ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਟਿਕ ਨਾ ਸਕੀ ਅਤੇ ਪੂਰੀ ਟੀਮ 24.1 ਓਵਰਾਂ ਵਿੱਚ 100 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਹੁਸ਼ਿਆਰਪੁਰ ਵੱਲੋਂ ਰਾਸ਼ਟਰੀ ਪੱਧਰ ਦੀ ਖਿਡਾਰਨ ਸੁਰਭੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 28 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ, ਜਦਕਿ ਅੰਜਲੀ ਨੇ 22 ਦੌੜਾਂ ਦੇ ਕੇ 2 ਵਿਕਟਾਂ ਅਤੇ ਧਰੁਵਿਕਾ ਸੇਠ ਨੇ 27 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਡਾ. ਰਮਨ ਘਈ ਨੇ ਦੱਸਿਆ ਕਿ ਇਸ ਵੱਡੀ ਜਿੱਤ ਨਾਲ ਹੁਸ਼ਿਆਰਪੁਰ ਦੀ ਟੀਮ ਨੇ ਪਹਿਲੀ ਵਾਰ ਸੀਨੀਅਰ ਮਹਿਲਾ ਕ੍ਰਿਕਟ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ। ਹੁਸ਼ਿਆਰਪੁਰ ਦਾ ਫਾਈਨਲ ਮੁਕਾਬਲਾ 21 ਜੂਨ ਨੂੰ ਪੀਸੀਐਸ ਸਟੇਡੀਅਮ ਚੰਡੀਗੜ੍ਹ ਵਿਖੇ ਪਟਿਆਲਾ ਨਾਲ ਹੋਵੇਗਾ। ਐੱਚਡੀਸੀਏ ਪ੍ਰਧਾਨ ਡਾ. ਦਲਜੀਤ ਖੇਲਾ ਨੇ ਟੀਮ ਦੀ ਇਸ ਉਪਲਬਧੀ ਤੇ ਖੁਸ਼ੀ ਜ਼ਾਹਰ ਕਰਦਿਆਂ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਦੀ ਅਗਵਾਈ ਹੇਠ ਖਿਡਾਰਨਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਐਚਡੀਸੀਏ ਦੇ ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਪੰਕਜ ਸ਼ਿਵ, ਸੁਭਾਸ਼ ਸ਼ਰਮਾ, ਜਤਿੰਦਰ ਸੂਦ ਅਤੇ ਹੋਰ ਮੈਂਬਰਾਂ ਨੇ ਟੀਮ ਨੂੰ ਵਧਾਈ ਦਿੱਤੀ।