ਬੇਅਦਬੀ ਕਾਨੂੰਨਾਂ ਤਹਿਤ ਭਗਵੰਤ ਮਾਨ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ
ਬੇਅਦਬੀ ਕਾਨੂੰਨਾਂ ਤਹਿਤ ਭਗਵੰਤ ਮਾਨ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ, ਅਕਾਲੀ ਦਲ ਨੇ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਦਿੱਤੀ ਦਰਖਾਸਤ
Publish Date: Thu, 18 Jun 2026 04:45 PM (IST)
Updated Date: Fri, 19 Jun 2026 04:03 AM (IST)

ਅਕਾਲੀ ਦਲ ਨੇ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਦਿੱਤੀ ਦਰਖਾਸਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਇੱਕ ਲਿਖਤੀ ਦਰਖਾਸਤ ਦੇ ਕੇ ਭਗਵੰਤ ਸਿੰਘ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਵ ਤਲਵਾੜ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਸਨ ਤੇ ਵੀਡੀਓ ਵਾਲੇ ਸ਼ਖਸ ਨੂੰ ਕਥਿਤ ਤੌਰ ’ਤੇ ਭਗਵੰਤ ਮਾਨ ਦੱਸਿਆ ਜਾ ਰਿਹਾ ਸੀ। ਤਲਵਾੜ ਨੇ ਕਿਹਾ ਕਿ ਉਸ ਸਮੇਂ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਫ਼ਾਈ ਦਿੰਦਿਆਂ ਦਾਅਵਾ ਕੀਤਾ ਸੀ ਕਿ ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਈ ਗਈ ਇੱਕ ਫੇਕ ਵੀਡੀਓ ਹੈ। ਤਲਵਾੜ ਨੇ ਅੱਗੇ ਖੁਲਾਸਾ ਕੀਤਾ ਕਿ ਹੁਣ ਜਦੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਗਈ ਤਾਂ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਵੀਡੀਓ ਬਿਲਕੁਲ ਅਸਲੀ ਹੈ। ਇਸ ਗੰਭੀਰ ਗੁਨਾਹ ’ਤੇ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਨੇ ਭਗਵੰਤ ਮਾਨ ਨੂੰ ਪੰਥ ਦਾ ਦੋਖੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਰਮਨਾਕ ਹਰਕਤ ਨਾਲ ਸਮੁੱਚੀ ਸਿੱਖ ਕੌਮ ਤੇ ਨਾਨਕ ਨਾਮਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਉੱਪਰ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਤਹਿਤ ਤੁਰੰਤ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਸ ਮੌਕੇ ਸੰਜੀਵ ਤਲਵਾੜ ਦੇ ਨਾਲ ਸਰਦਾਰ ਪ੍ਰੇਮ ਸਿੰਘ (ਸਾਬਕਾ ਡਿਪਟੀ ਮੇਅਰ), ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ ਮਹਿੰਦੀਪੁਰ (ਪੰਜਾਬ ਜਨਰਲ ਸਕੱਤਰ, ਪਛੜੀਆਂ ਸ਼੍ਰੇਣੀਆਂ), ਸੰਤੋਖ ਸਿੰਘ ਔਜਲਾ (ਜ਼ਿਲਾ ਪ੍ਰਧਾਨ, ਵਪਾਰ ਸੈੱਲ), ਸੰਜੀਵ ਕੁਮਾਰ (ਹਲਕਾ ਇੰਚਾਰਜ, ਪਛੜੀਆਂ ਸ਼੍ਰੇਣੀਆਂ ਹੁਸ਼ਿਆਰਪੁਰ), ਰਨਧੀਰ ਭਾਰਜ (ਹਲਕਾ ਇੰਚਾਰਜ ਯੂਥ, ਹੁਸ਼ਿਆਰਪੁਰ), ਸੰਜੀਵ ਥਾਪਰ (ਸਿਟੀ ਪ੍ਰਧਾਨ, ਅਨੁਸੂਚਿਤ ਜਾਤੀ ਮੋਰਚਾ), ਇੰਦਰਦੀਪ, ਸੁਖਦੇਵ ਸਿੰਘ ਸਤੌਰ ਅਤੇ ਵੱਡੀ ਗਿਣਤੀ ਵਿੱਚ ਹੋਰ ਅਕਾਲੀ ਵਰਕਰ ਵੀ ਹਾਜ਼ਰ ਸਨ।