ਨਰਿੰਦਰ ਮੋਦੀ ਨਵੇਂ ਭਾਰਤ ਦੇ ਸ਼ਿਲਪਕਾਰ ਹਨ : ਸੋਮ ਪ੍ਰਕਾਸ਼
ਨਰਿੰਦਰ ਮੋਦੀ ਨਵੇਂ ਭਾਰਤ ਦੇ ਸ਼ਿਲਪਕਾਰ ਹਨ — ਸੋਮਪ੍ਰਕਾਸ਼
Publish Date: Thu, 18 Jun 2026 04:32 PM (IST)
Updated Date: Fri, 19 Jun 2026 04:01 AM (IST)

ਕਿਹਾ- 12 ਸਾਲਾਂ ਦੇ ਪ੍ਰਸ਼ਾਸਨਿਕ ਕਾਰਜਕਾਲ ਦੌਰਾਨ ਮੋਦੀ ਨੇ ਬਦਲੀ ਭਾਰਤ ਦੀ ਤਸਵੀਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਸਫਲ ਅਤੇ ਇਤਿਹਾਸਕ ਪ੍ਰਸ਼ਾਸਨਿਕ ਕਾਰਜਕਾਲ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੂਬਾ ਭਾਜਪਾ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਮੀਡੀਆ ਨੂੰ ਸੰਬੋਧਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਹਾ ਕਿ ਦੇਸ਼ ਦੀ ਜਨਤਾ ਨੇ ਲਗਾਤਾਰ ਤਿੰਨ ਵਾਰ ਉਨ੍ਹਾਂ ਨੂੰ ਦੇਸ਼ ਦੀ ਵਾਗਡੋਰ ਸੌਂਪ ਕੇ ਉਨ੍ਹਾਂ ਦੀ ਕਾਰਜਸ਼ੈਲੀ ਅਤੇ ਰਾਸ਼ਟਰੀ ਹਿੱਤ ਪ੍ਰਤੀ ਸਮਰਪਣ ਤੇ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਨ੍ਹਾਂ 12 ਸਾਲਾਂ ਵਿੱਚ ਦੇਸ਼ ਨੇ ਕਈ ਅਜਿਹੇ ਇਤਿਹਾਸਕ ਫੈਸਲੇ ਲਏ ਹਨ, ਜਿਨ੍ਹਾਂ ਨੇ ਭਾਰਤ ਦੀ ਦਿਸ਼ਾ ਅਤੇ ਦਸ਼ਾ ਦੋਵਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਸੋਮਪ੍ਰਕਾਸ਼ ਨੇ ਮੋਦੀ ਸਰਕਾਰ ਦੇ ਤਿੰਨੋਂ ਕਾਰਜਕਾਲਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਜਨ ਧਨ ਯੋਜਨਾ, ਸਵੱਛ ਭਾਰਤ ਮੁਹਿੰਮ, ਉੱਜਵਲਾ ਯੋਜਨਾ, ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀਆਂ ਯੋਜਨਾਵਾਂ ਰਾਹੀਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਆਇਆ। ਉਨ੍ਹਾਂ ਕਿਹਾ ਕਿ ਦੂਜੇ ਕਾਰਜਕਾਲ ਦੌਰਾਨ ਧਾਰਾ 370 ਅਤੇ 35-ਏ ਨੂੰ ਹਟਾਉਣਾ, ਨਾਗਰਿਕਤਾ ਸੋਧ ਕਾਨੂੰਨ, ਸ੍ਰੀ ਰਾਮ ਜਨਮ ਭੂਮੀ ਮੰਦਰ ਨਿਰਮਾਣ ਦਾ ਰਾਹ ਪੱਧਰਾ ਕਰਨਾ ਅਤੇ ਆਤਮ ਨਿਰਭਰ ਭਾਰਤ ਮੁਹਿੰਮ ਵਰਗੇ ਵੱਡੇ ਫੈਸਲੇ ਲਏ ਗਏ। ਤੀਜੇ ਕਾਰਜਕਾਲ ਵਿੱਚ ਵਿਕਸਤ ਭਾਰਤ-2047 ਦੇ ਟੀਚੇ ਨਾਲ ਦੇਸ਼ ਨੂੰ ਵਿਸ਼ਵ ਦੀਆਂ ਮੋਹਰੀ ਤਾਕਤਾਂ ਵਿੱਚ ਸ਼ਾਮਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਭਾਰਤ ਜੀ-20 ਦੀ ਸਫਲ ਪ੍ਰਧਾਨਗੀ, ਮਜ਼ਬੂਤ ਅਰਥਵਿਵਸਥਾ, ਚੰਦਰਯਾਨ-3 ਦੀ ਇਤਿਹਾਸਕ ਸਫਲਤਾ, ਨਵੇਂ ਸੰਸਦ ਭਵਨ ਦੇ ਨਿਰਮਾਣ, ਵੰਦੇ ਭਾਰਤ ਟ੍ਰੇਨਾਂ ਦੇ ਵਿਸਥਾਰ ਅਤੇ ਗਰੀਬ ਕਲਿਆਣ ਯੋਜਨਾਵਾਂ ਸਦਕਾ ਵਿਸ਼ਵ ਮੰਚ ਤੇ ਬੁਲੰਦ ਆਵਾਜ਼ ਬਣ ਕੇ ਉੱਭਰਿਆ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਤੀਕਸ਼ਣ ਸੂਦ, ਸੂਬਾ ਸਕੱਤਰ ਮੀਨੂੰ ਸੇਠੀ, ਸਾਬਕਾ ਮੇਅਰ ਸ਼ਿਵ ਸੂਦ, ਬਿੰਦੂਸਰ ਸ਼ੁਕਲਾ, ਸੁਰੇਸ਼ ਭਾਟੀਆ, ਕਮਲ ਵਰਮਾ, ਭਾਰਤ ਭੂਸ਼ਣ ਵਰਮਾ, ਅਸ਼ਵਨੀ ਗੈਂਦ, ਅੰਕੁਸ਼ ਵਾਲੀਆ, ਪ੍ਰੇਮ ਬਜਾਜ, ਮਨਜਿੰਦਰ ਸਿੰਘ ਸਿਆਨ, ਵਿਪੁਲ ਵਾਲੀਆ, ਯਸ਼ ਜੈਨ, ਅਰੁਣੇਸ਼ ਕਪੂਰ, ਸਮਰਜੀਤ ਸਿੰਘ ਅਤੇ ਤੁਸ਼ੇ ਸੂਦ ਸਮੇਤ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।