ਹਲਕਾ ਮੁਕੇਰੀਆਂ ਦੇ ਸਰਬਪੱਖੀ ਵਿਕਾਸ ਲਈ ਲਿਆ ਅਹਿਦ
ਹਲਕਾ ਮੁਕੇਰੀਆਂ ਦੇ ਸਰਬਪੱਖੀ ਵਿਕਾਸ ਲਈ ਲਿਆ ਅਹਿਦ
Publish Date: Thu, 18 Jun 2026 04:20 PM (IST)
Updated Date: Fri, 19 Jun 2026 04:01 AM (IST)

ਮਾਡਲ ਸ਼ਹਿਰ ਵਜੋਂ ਕੀਤਾ ਜਾਵੇਗਾ ਵਿਕਸਿਤ : ਸ਼ੰਭੂ ਨਾਥ ਭਾਰਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ ਮਜ਼ਬੂਤ ਦਾਅਵੇਦਾਰ ਸ਼ੰਭੂ ਨਾਥ ਭਾਰਤੀ ਨੇ ਆਪਣੀ ‘ਸੰਕਲਪ ਤੋਂ ਸਿੱਧੀ ਯਾਤਰਾ’ ਦੌਰਾਨ ਕਾਰਗਿਲ ਯੁੱਧ ਸਮਾਰਕ ਵਿਖੇ ਪੁੱਜ ਕੇ ਵੀਰ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਉਨ੍ਹਾਂ ਮੁਕੇਰੀਆਂ ਵਿਧਾਨ ਸਭਾ ਦੇ ਵਾਸੀਆਂ ਨੂੰ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਬੁਨਿਆਦੀ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਦਾ ਅਹਿਦ ਲਿਆ। ਸ਼ੰਭੂ ਨਾਥ ਭਾਰਤੀ ਨੇ ਕਿਹਾ ਕਿ ਕਾਰਗਿਲ ਦੀ ਪਵਿੱਤਰ ਧਰਤੀ ਸਾਨੂੰ ਦੇਸ਼ ਲਈ ਆਪਣਾ ਆਪ ਵਾਰਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਉਹ ਵੀ ਇਸੇ ਭਾਵਨਾ ਨਾਲ ਮੁਕੇਰੀਆਂ ਦੀ ਜਨਤਾ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਇਸ ਸਮੇਂ ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਪਾਰਟੀ ਹਾਈਕਮਾਨ ਕੋਲ ਮੁਕੇਰੀਆਂ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਵੀ ਪੇਸ਼ ਕੀਤੀ। ਹਲਕਾ ਮੁਕੇਰੀਆਂ ਦੇ ਵਿਕਾਸ ਲਈ ਆਪਣੀ ਦੂਰਦਰਸ਼ੀ ਸੋਚ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਦੀ ਜਨਤਾ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੀ ਹੈ ਤੇ ਉਨ੍ਹਾਂ ਦੀ ਪਹਿਲੀ ਤਰਜੀਹ ਹਾਜੀਪੁਰ ਵਿੱਚ ਲੰਬੇ ਸਮੇਂ ਤੋਂ ਲਟਕ ਰਹੀ ਸੀਵਰੇਜ ਦੀ ਮੰਗ ਨੂੰ ਪੂਰਾ ਕਰਨਾ ਅਤੇ ਮੁਕੇਰੀਆਂ ਦੇ ਗੜਬੜਾ ਗਏ ਟ੍ਰੈਫਿਕ ਪ੍ਰਬੰਧਾਂ ਅਤੇ ਜਾਮ ਦੀ ਸਮੱਸਿਆ ਦਾ ਸਥਾਈ ਹੱਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਖੇਤਰ ਵਿੱਚ ਇੱਕ ਆਧੁਨਿਕ ਸਰਕਾਰੀ ਕਾਲਜ ਅਤੇ ਕੌਮਾਂਤਰੀ ਪੱਧਰ ਦਾ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਕੇ ਪ੍ਰਸ਼ਾਸਨਿਕ ਪ੍ਰਬੰਧ ਨੂੰ ਇੰਨਾ ਸੁਚਾਰੂ ਬਣਾਇਆ ਜਾਵੇਗਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤਰ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ ਇੱਕ ਸਿਹਤਮੰਦ ਅਤੇ ਨਸ਼ਾ-ਮੁਕਤ ਮੁਕੇਰੀਆਂ ਦੀ ਮਾਡਲ ਸ਼ਹਿਰ ਵਜੋਂ ਸਿਰਜਣਾ ਕਰਨਾ ਹੀ ਉਨ੍ਹਾਂ ਦਾ ਮੁੱਖ ਸੰਕਲਪ ਹੈ। ਜ਼ਿਕਰਯੋਗ ਹੈ ਕਿ ਇਸ ਐਲਾਨ ਤੋਂ ਬਾਅਦ ਮੁਕੇਰੀਆਂ ਅਤੇ ਹਾਜੀਪੁਰ ਖੇਤਰ ਦੇ ਭਾਜਪਾ ਵਰਕਰਾਂ ਅਤੇ ਆਮ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।