ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, 4 ਮੁਲਜ਼ਮ ਚੜ੍ਹੇ ਅੜਿੱਕੇ; ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ
ਥਾਣਾ ਮਾਹਿਲਪੁਰ ਦੇ ਏ.ਐਸ.ਆਈ. ਗੁਲਸ਼ਨ ਮੁਹੰਮਦ ਪੁਲਿਸ ਪਾਰਟੀ ਸਮੇਤ ਟੂਟੋਮਜਾਰਾ ਇਲਾਕੇ ਵਿੱਚ ਗਸ਼ਤ 'ਤੇ ਸਨ। ਜਦੋਂ ਉਹ ਇੱਕ ਬੇਆਬਾਦ (ਬੰਦ ਪਏ) ਪੈਟਰੋਲ ਪੰਪ ਕੋਲ ਪਹੁੰਚੇ ਤਾਂ ਪੰਪ ਤੇ ਇੱਕ ਬੈਠਾ ਨੌਜਵਾਨ ਨਸ਼ਾ ਕਰਦਾ ਦਿਖਾਈ ਦਿੱਤਾ। ਪੁਲਿਸ ਨੂੰ ਦੇਖ ਕੇ ਉਹ ਨੌਜਵਾਨ ਉੱਥੋਂ ਦੌੜਨ ਦੀ ਫਿਰਾਕ ਵਿੱਚ ਸੀ
Publish Date: Sat, 13 Jun 2026 11:56 AM (IST)
Updated Date: Sat, 13 Jun 2026 12:02 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਨਸ਼ਾ ਤਸਕਰੀ ਅਤੇ ਨਸ਼ਾਖੋਰੀ ਦੇ ਖ਼ਿਲਾਫ਼ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ, ਨਸ਼ਾ ਕਰਨ ਦਾ ਸਾਮਾਨ ਬਰਾਮਦ ਹੋਇਆ ਹੈ, ਜਦਕਿ ਦੋ ਨੌਜਵਾਨਾਂ ਨੂੰ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੱਬੇਵਾਲ ਪੁਲਿਸ ਦੀ ਨਾਕਾਬੰਦੀ : ਮਾਰੂਤੀ ਕਾਰ ਸਵਾਰ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ
ਪੁਲਿਸ ਮੁਤਾਬਕ, ਚੌਂਕੀ ਜੇਜੋਂ ਦੇ ਇੰਚਾਰਜ ਏ.ਐਸ.ਆਈ. ਮੰਨਾ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਚੌਂਕੀ ਤੋਂ ਥਾਣਾ ਚੱਬੇਵਾਲ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਲਹਿਲੀ ਖੁਰਦ ਦੇ ਚੌਂਕ ਨੇੜੇ ਪਹੁੰਚੀ ਤਾਂ ਗੁਰੂਦੁਆਰਾ ਅੰਗੀਠਾ ਸਾਹਿਬ ਵਾਲੇ ਪਾਸੇ ਤੋਂ ਆਉਂਦੇ ਰਸਤੇ 'ਤੇ ਇੱਕ ਚਿੱਟੇ ਰੰਗ ਦੀ ਮਾਰੂਤੀ 800 ਕਾਰ ਆਉਂਦੀ ਦਿਖਾਈ ਦਿੱਤੀ। ਕਾਰ ਚਲਾ ਰਿਹਾ ਸਰਦਾਰ ਵਿਅਕਤੀ ਸਾਹਮਣੇ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ ਕਰਨ ਲੱਗਾ।
ਸ਼ੱਕ ਦੇ ਆਧਾਰ 'ਤੇ ਮੁਸਤੈਦ ਪੁਲਿਸ ਕਰਮਚਾਰੀਆਂ ਨੇ ਕਾਰ ਸਵਾਰ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸਨੇ ਆਪਣੀ ਪਛਾਣ ਕੁਲਵਿੰਦਰ ਸਿੰਘ ਉਰਫ ਬੱਬੂ (48) ਪੁੱਤਰ ਦੀਦਾਰ ਸਿੰਘ, ਵਾਸੀ ਪਿੰਡ ਜਿਆਣ ਵਜੋਂ ਦੱਸੀ। ਜਦੋਂ ਪੁਲਿਸ ਨੇ ਕੁਲਵਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਦੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫੇ ਵਿੱਚ ਰੱਖੀਆਂ 30 ਫਿੱਕੇ ਪੀਲੇ ਰੰਗ ਦੀਆਂ ਖੁੱਲੀਆਂ ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ।
ਬੇਆਬਾਦ ਪੈਟਰੋਲ ਪੰਪ 'ਤੇ ਨਸ਼ਾ ਕਰਦਾ 'ਘੁੱਗਾ' ਮਾਹਿਲਪੁਰ ਪੁਲਿਸ ਦੇ ਅੜਿੱਕੇ ਚੜ੍ਹਿਆ
ਥਾਣਾ ਮਾਹਿਲਪੁਰ ਦੇ ਏ.ਐਸ.ਆਈ. ਗੁਲਸ਼ਨ ਮੁਹੰਮਦ ਪੁਲਿਸ ਪਾਰਟੀ ਸਮੇਤ ਟੂਟੋਮਜਾਰਾ ਇਲਾਕੇ ਵਿੱਚ ਗਸ਼ਤ 'ਤੇ ਸਨ। ਜਦੋਂ ਉਹ ਇੱਕ ਬੇਆਬਾਦ (ਬੰਦ ਪਏ) ਪੈਟਰੋਲ ਪੰਪ ਕੋਲ ਪਹੁੰਚੇ ਤਾਂ ਪੰਪ ਤੇ ਇੱਕ ਬੈਠਾ ਨੌਜਵਾਨ ਨਸ਼ਾ ਕਰਦਾ ਦਿਖਾਈ ਦਿੱਤਾ। ਪੁਲਿਸ ਨੂੰ ਦੇਖ ਕੇ ਉਹ ਨੌਜਵਾਨ ਉੱਥੋਂ ਦੌੜਨ ਦੀ ਫਿਰਾਕ ਵਿੱਚ ਸੀ, ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਹੀ ਦਬੋਚ ਲਿਆ। ਫੜੇ ਗਏ ਨੌਜਵਾਨ ਦੀ ਪਛਾਣ ਜਸਕਰਨ ਸਿੰਘ ਉਰਫ ਘੁੱਗਾ ਪੁੱਤਰ ਹਰਬੰਸ ਸਿੰਘ, ਵਾਸੀ ਮਹਿੰਗਰੋਵਾਲ ਵਜੋਂ ਹੋਈ ਹੈ।
ਪੁਲਿਸ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਉਸਦੀ ਸੱਜੀ ਜੇਬ 'ਚੋਂ ਇੱਕ ਅੱਗ ਜਲਾਉਣ ਵਾਲਾ ਲਾਈਟਰ, ਸਿਲਵਰ ਪੇਪਰ (ਐਲੂਮੀਨੀਅਮ ਫੋਇਲ) ਦੀ ਪੰਨੀ, ਇੱਕ ਬੋਤਲ ਦਾ ਢੱਕਣ ਅਤੇ ਨਸ਼ਾ ਖਿੱਚਣ ਲਈ ਰੋਲ ਕੀਤਾ ਹੋਇਆ 10 ਰੁਪਏ ਦਾ ਭਾਰਤੀ ਕਰੰਸੀ ਨੋਟ ਕਥਿਤ ਤੌਰ ’ਤੇ ਬਬਰਾਮਦ ਹੋਇਆ। ਮਾਹਿਲਪੁਰ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਪਰਿਵਾਰ ਵਾਲਿਆਂ ਨੇ ਖੁਦ ਨਸ਼ੇੜੀ ਪੁੱਤ ਕੀਤੇ ਪੁਲਿਸ ਹਵਾਲੇ: ਡੋਪ ਟੈਸਟ 'ਚ ਨਸ਼ੇ ਦੀ ਪੁਸ਼ਟੀ, ਟਾਂਡਾ ਪੁਲਿਸ ਵੱਲੋਂ ਕੇਸ ਦਰਜ
ਸਮਾਜ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਦੇ ਚਲਦਿਆਂ ਇੱਕ ਬੇਹੱਦ ਅਲੱਗ ਮਾਮਲਾ ਟਾਂਡਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਤੋਂ ਤੰਗ ਆਏ ਪਰਿਵਾਰਾਂ ਨੇ ਖੁਦ ਆਪਣੇ ਬੱਚਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਚੌਂਕੀ ਬਸਤੀ ਬੋਹੜਾ (ਥਾਣਾ ਟਾਂਡਾ) ਦੇ ਏ.ਐਸ.ਆਈ. ਲੋਕ ਰਾਮ ਜਦੋਂ ਪੁਲਿਸ ਕਰਮਚਾਰੀਆਂ ਸਮੇਤ ਚੌਂਕੀ ਵਿੱਚ ਹਾਜ਼ਰ ਸਨ ਤਾਂ ਦੋ ਨੌਜਵਾਨਾਂ ਦੇ ਵਾਰਿਸ (ਪਰਿਵਾਰਕ ਮੈਂਬਰ) ਉਨ੍ਹਾਂ ਨੂੰ ਚੌਂਕੀ ਲੈ ਕੇ ਆਏ। ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਨੌਜਵਾਨ ਬੁਰੀ ਤਰ੍ਹਾਂ ਨਸ਼ੇ ਦੇ ਆਦੀ ਹੋ ਚੁੱਕੇ ਹਨ ਅਤੇ ਘਰ ਦਾ ਨੁਕਸਾਨ ਕਰ ਰਹੇ ਹਨ।
ਪੁਲਿਸ ਹਵਾਲੇ ਕੀਤੇ ਗਏ ਨੌਜਵਾਨਾਂ ਦੀ ਪਛਾਣ ਤਰਨਜੀਤ ਸਿੰਘ ਪੁੱਤਰ ਸਤਵਿੰਦਰ ਸਿੰਘ (ਵਾਸੀ ਜਲਾਲਪੁਰ) ਅਤੇ ਲਵਪ੍ਰੀਤ ਸਿੰਘ ਉਰਫ ਡਾਕਟਰ ਪੁੱਤਰ ਤਰਸੇਮ ਸਿੰਘ (ਵਾਸੀ ਪਿੰਡੀ ਖੈਰ) ਵਜੋਂ ਹੋਈ। ਪੁਲਿਸ ਨੇ ਦੋਵਾਂ ਨੌਜਵਾਨਾਂ ਦਾ ਸਰਕਾਰੀ ਹਸਪਤਾਲ ਤੋਂ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਰਿਪੋਰਟ ਦੇ ਆਧਾਰ 'ਤੇ ਟਾਂਡਾ ਪੁਲਿਸ ਨੇ ਦੋਵਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।