- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਬਸੀ ਜਲਾਲ ਤੋਂ ਜਿੱਥੇ ਓਹੜਪੁਰ-ਬਸੀ ਜਲਾਲ ਸੰਪਰਕ ਸੜਕ 'ਨੇੜੇ ਪੋਲਟਰੀ ਫਾਰਮ ਬੀਤੇ ਦਿਨ ਦੇਰ ਸ਼ਾਮ ਅਵਾਰਾ ਕੁੱਤਿਆਂ ਨੇ ਇੱਕ ਪ੍ਰਵਾਸੀ ਮਜ਼ਦੂਰ ਦੀ ਇੱਕ 4 ਸਾਲਾਂ ਬੱਚੀ ਨੂੰ ਨੋਚ ਨੋਚ ਕੇ ਮਾਰ ਮੁਕਾਇਆ।

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਭਾਵੇਂ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਵਾਰਾ ਕੁੱਤਿਆਂ ਦੀ ਦਿਨੋਂ ਵੱਧ ਰਹੀਆਂ ਜਾਨਲੇਵਾ ਵਾਰਦਾਤਾਂ ਰੋਕਣ ਸਬੰਧੀ ਪ੍ਰਸ਼ਾਸਨ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ ਪਰ ਇਸ ਦੇ ਬਾਵਜੂਦ ਵੀ ਆਵਾਰਾ ਕੁੱਤਿਆਂ ਦੀਆਂ ਲੋਕਾਂ ਨੂੰ ਵੱਢਣ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।
ਅਜਿਹੀ ਤਸਵੀਰ ਸਾਹਮਣੇ ਆਈ ਹੈ ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਬਸੀ ਜਲਾਲ ਤੋਂ ਜਿੱਥੇ ਓਹੜਪੁਰ-ਬਸੀ ਜਲਾਲ ਸੰਪਰਕ ਸੜਕ 'ਨੇੜੇ ਪੋਲਟਰੀ ਫਾਰਮ ਬੀਤੇ ਦਿਨ ਦੇਰ ਸ਼ਾਮ ਅਵਾਰਾ ਕੁੱਤਿਆਂ ਨੇ ਇੱਕ ਪ੍ਰਵਾਸੀ ਮਜ਼ਦੂਰ ਦੀ ਇੱਕ 4 ਸਾਲਾਂ ਬੱਚੀ ਨੂੰ ਨੋਚ ਨੋਚ ਕੇ ਮਾਰ ਮੁਕਾਇਆ। ਮ੍ਰਿਤਕ ਬੱਚੀ ਦੀ ਪਛਾਣ ਗੁਣਗੁਣ ਪੁੱਤਰੀ ਰਾਮ ਜੀਵਨ ਵਾਸੀ ਧਿਆਨਪੁਰ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਬਸੀ ਜਲਾਲ ਵਜੋਂ ਹੋਈ ਹੈ ।
ਮਿਲੀ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਸ਼ਾਮ ਸਾਢੇ 5 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਰਾਮ ਜੀਵਨ ਆਪਣੀ ਪਤਨੀ ਪ੍ਰੀਤੀ ਨਾਲ ਓਹੜਪੁਰ-ਬਸੀ ਜਲਾਲ ਸੰਪਰਕ ਸੜਕ ਨੇੜੇ ਪੋਲਟਰੀ ਫਾਰਮ ਇਕ ਜ਼ਿਮੀਂਦਾਰ ਦੇ ਖੇਤ ਵਿੱਚ ਝੋਨਾ ਲਗਾ ਰਿਹਾ ਸੀ ਤੇ ਆਪਣੀ 4 ਸਾਲਾ ਬੱਚੀ ਨੂੰ ਸਿਰਫ ਸੌ ਮੀਟਰ ਦੀ ਦੂਰੀ ਤੇ ਖੇਤ ਵਿਚਲੀ ਮੋਟਰ ਤੇ ਇੱਕ ਦਰਖਤ ਦੀ ਛਾਂ ਵਿੱਚ ਬਿਠਾਇਆ ਸੀ ਕਿ ਅਚਾਨਕ ਇਸ ਦੌਰਾਨ ਘੁੰਮਦੇ ਹੋਏ ਕਰੀਬ 6/7 ਅਵਾਰਾ ਕੁੱਤਿਆਂ ਦੇ ਝੁੰਡ ਨੇ ਬੱਚੀ 'ਤੇ ਹਮਲਾ ਕਰ ਦਿੱਤਾ ਅਤੇ ਬੱਚੀ ਨੂੰ ਨੋਚਦੇ ਹੋਏ ਥੋੜ੍ਹੀ ਦੂਰ ਘੜੀਸ ਕੇ ਲੈ ਗਏ।
ਮੌਕੇ 'ਤੇ ਬੱਚੀ ਦੀਆਂ ਚੀਕਾਂ ਸੁਣ ਉਸ ਦੇ ਮਾਤਾ-ਪਿਤਾ ਅਤੇ ਹੋਰ ਖੇਤ ਮਜ਼ਦੂਰ ਮੌਕੇ 'ਤੇ ਪਹੁੰਚੇ ਤੇ ਕੁੱਤਿਆਂ ਨੂੰ ਉੱਥੋਂ ਭਜਾਇਆ। ਇਸ ਮੌਕੇ ਗੁਣਗੁਣ ਨੂੰ ਕੁੱਤਿਆਂ ਵਲੋਂ ਨੋਚਣ ਤੇ ਬੇਹੱਦ ਗੰਭੀਰ ਰੂਪ ਵਿਚ ਜਖ਼ਮੀ ਹੋਈ ਪਈ ਸੀ। ਰਾਮ ਜੀਵਨ ਨੇ ਹੋਰ ਮਜ਼ਦੂਰਾਂ ਦੀ ਮੱਦਦ ਨਾਲ ਗੁਣਗੁਣ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਬੱਚੀ ਦੀ ਹਾਲਤ ਗੰਭੀਰ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਪਰ ਬੀਤੀ ਦੇਰ ਰਾਤ ਹੁਸ਼ਿਆਰਪੁਰ ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਰਾਤ ਬੱਚੀ ਦੀ ਮੌਤ ਹੋ ਗਈ। ਰਾਮ ਜੀਵਨ ਤੇ ਉਸਦਾ ਪਰਿਵਾਰ ਪਿੰਡ ਬਸੀ ਜਲਾਲ ਵਿਖੇ ਰਹਿੰਦਾ ਹੈ ਤੇ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਹੈ ।
ਜ਼ਿਕਰਯੋਗ ਹੈ ਕਿ ਇਸ ਵਾਰਦਾਤ ਤੋਂ ਕਰੀਬ ਦੋ ਮਹੀਨੇ ਪਹਿਲਾਂ ਅਵਾਰਾ ਕੁੱਤਿਆਂ ਦੇ ਕਹਿਰ ਕਾਰਨ 6 ਮਈ ਨੂੰ ਬਲਾਕ ਟਾਂਡਾ ਦੇ ਨਜ਼ਦੀਕੀ ਪਿੰਡ ਖਰਲ ਖ਼ੁਰਦ ਵਿਖੇ ਵੀ ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਦੀ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਨੂੰ ਲੈ ਕੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਪੂਰੇ ਸੂਬੇ ਵਿਚ ਜਾਨਵਰ ਪ੍ਰੇਮੀਆਂ ਨੇ ਪੰਜਾਬ ਸਰਕਾਰ ਦੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੇ ਫੁਰਮਾਨ ਦਾ ਬਹੁਤ ਵਿਰੋਧ ਕੀਤਾ ਸੀ ਪਰ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਆਮ ਲੋਕਾਂ ਵਿੱਚ ਆਪਣੇ ਛੋਟੇ ਬੱਚਿਆਂ ਦੀ ਜਾਨ ਮਾਲ ਦੀ ਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਜਤਾਈ ਜਾ ਰਹੀ ਹੈ।