ਖੌਫ਼ਨਾਕ ਮਾਮਲਾ: ਇੱਟਾਂ ਦੇ ਭੱਠੇ 'ਤੇ ਪ੍ਰਵਾਸੀ ਮਹਿਲਾ ਦਾ ਬੇਰਹਿਮੀ ਨਾਲ ਕਤਲ, ਪਤੀ ਨੇ ਚਾਕੂ ਮਾਰ ਕੇ ਦਿੱਤੀ ਦਰਦਨਾਕ ਮੌਤ
ਹਾਜੀਪੁਰ ਪੁਲਿਸ ਥਾਣੇ ਦੇ ਅਧੀਨ ਆਉਂਦੇ ਪਿੰਡ ਦਗਨ ਦੇ ਇੱਕ ਇੱਟਾਂ ਦੇ ਭੱਠੇ ’ਤੇ ਬੀਤੀ ਰਾਤ ਇੱਕ ਬੇਹੱਦ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਮਹਿਲਾ ਦੀ ਪਛਾਣ ਜੋਤੀ (33) ਵਜੋਂ ਹੋਈ ਹੈ, ਜੋ ਕਿ ਛੱਤੀਸਗੜ੍ਹ ਦੀ ਰਹਿਣ ਵਾਲੀ ਸੀ।
Publish Date: Fri, 19 Jun 2026 01:42 PM (IST)
Updated Date: Fri, 19 Jun 2026 01:45 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਹਾਜੀਪੁਰ ਪੁਲਿਸ ਥਾਣੇ ਦੇ ਅਧੀਨ ਆਉਂਦੇ ਪਿੰਡ ਦਗਨ ਦੇ ਇੱਕ ਇੱਟਾਂ ਦੇ ਭੱਠੇ ’ਤੇ ਬੀਤੀ ਰਾਤ ਇੱਕ ਬੇਹੱਦ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਮਹਿਲਾ ਦੀ ਪਛਾਣ ਜੋਤੀ (33) ਵਜੋਂ ਹੋਈ ਹੈ, ਜੋ ਕਿ ਛੱਤੀਸਗੜ੍ਹ ਦੀ ਰਹਿਣ ਵਾਲੀ ਸੀ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਦੇਰ ਰਾਤ ਕਰੀਬ 2 ਵਜੇ ਵਾਪਰੀ। ਜੋਤੀ ਦਾ ਆਪਣੇ ਪਤੀ ਲਕਸ਼ਮੀ ਨਾਰਾਇਣ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਬਹਿਸਬਾਜ਼ੀ ਦੌਰਾਨ ਗੁੱਸੇ ’ਚ ਆ ਕੇ ਲਕਸ਼ਮੀ ਨਾਰਾਇਣ ਨੇ ਜੋਤੀ ’ਤੇ ਚਾਕੂ ਨਾਲ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਮੁਖੀ (ਐੱਸ.ਐੱਚ.ਓ.) ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਗਨ ਦੇ ਇੱਕ ਭੱਠੇ ’ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਢਾਰਿਆਂ ’ਚ ਇੱਕ ਮਹਿਲਾ ਦਾ ਕਤਲ ਹੋ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ।
ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਪੁਲਿਸ ਮੁਤਾਬਕ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫ਼ਰਾਰ ਮੁਲਜ਼ਮ ਪਤੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।