- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਆਰਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਮੰਨਣ ਵਿੱਚ ਬੀਤੇ ਦਿਨੀਂ ਇੱਕ ਵਿਅਕਤੀ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹਸਪਤਾਲ ਵਿੱਚ ਜ਼ੇਰੇ-ਇਲਾਜ ਜ਼ਖ਼ਮੀ ਹਰਪਿੰਦਰ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਸ਼ੁੱਕਰਵਾਰ ਸਵੇਰੇ ਦਮ ਤੋੜ ਦਿੱਤਾ। ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਸ਼ਾਮਲ ਕਰਕੇ ਕਾਰਵਾਈ ਤੇਜ਼ ਕਰ ਦਿੱਤੀ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਮੰਨਣ ਵਿੱਚ ਬੀਤੇ ਦਿਨੀਂ ਇੱਕ ਵਿਅਕਤੀ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹਸਪਤਾਲ ਵਿੱਚ ਜ਼ੇਰੇ-ਇਲਾਜ ਜ਼ਖ਼ਮੀ ਹਰਪਿੰਦਰ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਸ਼ੁੱਕਰਵਾਰ ਸਵੇਰੇ ਦਮ ਤੋੜ ਦਿੱਤਾ। ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਸ਼ਾਮਲ ਕਰਕੇ ਕਾਰਵਾਈ ਤੇਜ਼ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਪੁਲਿਸ ਮੁਤਾਬਕ, ਬੀਤੀ 11 ਜੂਨ ਨੂੰ ਦੁਪਹਿਰ ਸਮੇਂ ਜਦੋਂ ਹਰਪਿੰਦਰ ਸਿੰਘ ਹੁਸ਼ਿਆਰਪੁਰ ਤੋਂ ਆਪਣੇ ਪਿੰਡ ਮੰਨਣ ਪਰਤ ਰਿਹਾ ਸੀ, ਤਾਂ ਘਰ ਤੋਂ ਮਹਿਜ਼ 100-150 ਫੁੱਟ ਦੀ ਦੂਰੀ 'ਤੇ ਗਲੀ ਵਿੱਚ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਦੋਸ਼ ਹੈ ਕਿ ਭੁਪਿੰਦਰ ਸਿੰਘ ਉਰਫ਼ ਮੰਨੂ, ਗੁਰਿੰਦਰ ਸਿੰਘ ਉਰਫ਼ ਭਿੰਦਾ (ਦੋਵੇਂ ਵਾਸੀ ਮੰਨਣ), ਰਜਿੰਦਰ ਸਿੰਘ ਉਰਫ਼ ਕਾਕਾ (ਵਾਸੀ ਬਸੀ ਹਸਤ ਖਾਂ) ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਤੇ ਹੋਰ ਹਥਿਆਰਾਂ ਨਾਲ ਉਸ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਹਰਪਿੰਦਰ ਦੇ ਸਿਰ, ਬਾਂਹਾਂ, ਲੱਤਾਂ ਅਤੇ ਗੋਡਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਹ ਬੇਹੋਸ਼ ਹੋ ਗਿਆ ਸੀ। ਰੌਲਾ ਪੈਣ 'ਤੇ ਹਮਲਾਵਰ ਮੌਕੇ ਤੋਂ ਹਥਿਆਰਾਂ ਸਮੇਤ ਫਰਾਰ ਹੋ ਗਏ ਸਨ। ਜ਼ਖ਼ਮੀ ਹਰਪਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਇੱਕ ਨਿਜੀ ਹਸਪਤਾਲ, ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ , ਜਿੱਥੇ ਇਲਾਜ ਦੌਰਾਨ ਸ਼ੁੱਕਰਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਪਤਨੀ ਦੇ ਬਿਆਨਾਂ 'ਤੇ ਮਾਮਲਾ ਦਰਜ, ਕਤਲ ਦੀ ਧਾਰਾ ਜੋੜੀ
ਥਾਣਾ ਸਦਰ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਬਲਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕ ਹਰਪਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਵਿਖੇ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼ੁੱਕਰਵਾਰ ਸਵੇਰੇ ਹਰਪਿੰਦਰ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਹੁਣ ਇਸ ਐੱਫ.ਆਈ.ਆਰ. ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ।
ਮੁੱਖ ਅਫ਼ਸਰ ਬਲਜਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਮੁਢਲੀ ਜਾਂਚ ਦੌਰਾਨ ਇਹ ਪਤਾ ਲਗਾ ਹੈ ਕਿ ਮ੍ਰਿਤਕ ਹਰਪਿੰਦਰ ਸਿੰਘ ਅਤੇ ਦੂਜੀ ਧਿਰ ਵਿਚਕਾਰ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਮ੍ਰਿਤਕ ਹਰਪਿੰਦਰ ਸਿੰਘ ਨੇ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਸੀ।
ਸੀ.ਸੀ.ਟੀ.ਵੀ. ਫੁਟੇਜ ਨਾਲ ਹੋਈ ਮੁਲਜ਼ਮਾਂ ਦੀ ਪਛਾਣ, ਦੋ ਕਾਬੂ
ਬਲਜਿੰਦਰ ਸਿੰਘ ਮੱਲ੍ਹੀ ਤਫ਼ਤੀਸ਼ ਦੌਰਾਨ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਗਿਆ, ਜਿਸ ਦੀ ਮਦਦ ਨਾਲ ਵਾਰਦਾਤ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ 7 ਮੁਲਜ਼ਮਾਂ ਵਿੱਚੋਂ ਦੋ (ਭੁਪਿੰਦਰ ਸਿੰਘ ਅਤੇ ਗੁਰਿੰਦਰ ਸਿੰਘ) ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਉਨ੍ਹਾਂ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਤੀਜੇ ਮੁਲਜ਼ਮ ਰਜਿੰਦਰ ਸਿੰਘ ਅਤੇ ਬਾਕੀ ਫ਼ਰਾਰ ਸਾਥੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।