- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਬੋਲਦਿਆਂ ਐੱਸਪੀ ਡੀ ਜਲੰਧਰ ਦਿਹਾਤੀ ਵਨੀਤ ਨੇ ਦੱਸਿਆ ਕਿ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਤੇ ਇਲਜ਼ਾਮ ਹਨ ਕਿ ਉਸ ਨੇ ਵਿਦੇਸ਼ ’ਚ ਰਹਿੰਦੇ ਇੱਕ ਭਾਰਤੀ ਮੂਲ ਦੇ ਪੰਜਾਬੀ ਵਿਅਕਤੀ ਚਰਨਜੀਤ ਸਿੰਘ ਕੋਲੋਂ ਇੱਕ ਕਤਲ ਕੇਸ ਸਬੰਧੀ ਡਰਾ ਧਮਕਾ ਕੇ ਫ਼ਿਰੌਤੀ ਮੰਗੀ ਸੀ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਅਮਰੀਕਾ ’ਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਕੋਲੋਂ ਕਥਿਤ ਤੌਰ ’ਤੇ ਡਰਾ-ਧਮਕਾ ਕੇ ਜਬਰੀ ਵਸੂਲੀ ਕਰਨ ਦੇ ਮਾਮਲੇ ’ਚ ਜਲੰਧਰ ਪੁਲਿਸ ਵੱਲੋਂ ਐੱਸਪੀਡੀ ਜਲੰਧਰ ਵਨੀਤ ਦੀ ਰਹਿਨੁਮਾਈ ਹੇਠ ਪੁਲਿਸ ਟੀਮ ਵਲੋਂ ਸਿਵਲ ਵਰਦੀ ’ਚ ਮੁਲਜ਼ਮ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦੁਬਾਰਾ ਮਾਣਯੋਗ ਅਦਾਲਤ ਦਸੂਹਾ ਵਿਖੇ ਚੋਰ ਮੋਰੀ ਰਾਹੀਂ ਕੰਟੀਨ ਦੇ ਰਸਤੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਦਸੂਹਾ ਅਦਾਲਤ ਨੇ ਗੁਰਿੰਦਰਜੀਤ ਸਿੰਘ ਨਾਗਰਾ ਦਾ ਜਲੰਧਰ ਪੁਲਿਸ ਤਿੰਨ ਦਿਨ ਦਾ ਰਿਮਾਂਡ ਦਿੱਤਾ ਸੀ। ਇਸ ਮੌਕੇ ਬੋਲਦਿਆਂ ਐੱਸਪੀ ਡੀ ਜਲੰਧਰ ਦਿਹਾਤੀ ਵਨੀਤ ਨੇ ਦੱਸਿਆ ਕਿ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਤੇ ਇਲਜ਼ਾਮ ਹਨ ਕਿ ਉਸ ਨੇ ਵਿਦੇਸ਼ ’ਚ ਰਹਿੰਦੇ ਇੱਕ ਭਾਰਤੀ ਮੂਲ ਦੇ ਪੰਜਾਬੀ ਵਿਅਕਤੀ ਚਰਨਜੀਤ ਸਿੰਘ ਕੋਲੋਂ ਇੱਕ ਕਤਲ ਕੇਸ ਸਬੰਧੀ ਡਰਾ ਧਮਕਾ ਕੇ ਫ਼ਿਰੌਤੀ ਮੰਗੀ ਸੀ, ਜਿਸ ਸਬੰਧੀ ਪਿਛਲੇ ਦਿਨੀਂ ਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਵੱਲੋਂ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਇਸ ਸਾਰੇ ਮਾਮਲੇ ਸਬੰਧੀ ਖੁਲਾਸਾ ਕੀਤਾ ਸੀ।
ਇਸ ਤੋਂ ਬਾਅਦ ਡੀਆਈਜੀ ਜਲੰਧਰ ਰੇਂਜ ਨੇ ਨਾਗਰਾ ਨੂੰ ਲਾਈਨ ਹਾਜ਼ਰ ਕਰ ਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ’ਤੇ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਟਾਂਡਾ ਦੇ ਚਰਚਿਤ ਮਿਆਣੀ ਸੁਪਾਰੀ ਕਤਲ ਕਾਂਡ ’ਚ ਨਾਮਜ਼ਦ ਕੀਤਾ ਗਿਆ ਸੀ। ਐੱਸਪੀ ਡੀ ਵਨੀਤ ਨੇ ਦੱਸਿਆ ਕਿ ਮੰਗਲਵਾਰ ਫਿਰ ਮੁਲਜ਼ਮ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਮਾਣਯੋਗ ਅਦਾਲਤ ਦਸੂਹਾ ਵਿਖੇ ਪੇਸ਼ ਕਰ ਕੇ ਅਦਾਲਤ ਕੋਲੋਂ ਤਿੰਨ ਦਿਨ ਦਾ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਵੱਲੋਂ ਸਿਰਫ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ। ਐੱਸਪੀ ਨੇ ਦੱਸਿਆ ਕਿ ਗੁਰਿੰਦਰਜੀਤ ਸਿੰਘ ਨਾਗਰਾ ਕੋਲੋਂ ਹੁਣ ਤੱਕ ਲੱਖਾਂ ਰੁਪਏ ਦੇ ਲੈਣ-ਦੇਣ ਦੇ ਸਬੂਤ ਮਿਲੇ ਹਨ। ਉਨ੍ਹਾਂ ਕਿਹਾ ਕਿ ਪੁਲਸ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 15 ਜਨਵਰੀ 2026 ਨੂੰ ਮਿਆਣੀ ’ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਦੁਕਾਨਦਾਰ ਬਲਵਿੰਦਰ ਸਿੰਘ ਸਤਿਕਰਤਾਰ ਦੀ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਾਅਦ ’ਚ ਦੋ ਗੈਂਗਸਟਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। 24 ਮਈ ਨੂੰ ਪੁਲਿਸ ਨੇ ਇਸ ਕੇਸ ’ਚ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਦਾਅਵਾ ਕੀਤਾ ਸੀ ਕਿ ਕਤਲ ਦੀ ਸੁਪਾਰੀ ਪਰਿਵਾਰਕ ਰੰਜਿਸ਼ ਕਾਰਨ ਦਿੱਤੀ ਗਈ ਸੀ। ਹੁਣ ਜਲੰਧਰ ਪੁਲਿਸ ਦਾ ਦੋਸ਼ ਹੈ ਕਿ ਇਸੇ ਕੇਸ ਦੌਰਾਨ ਵਿਦੇਸ਼ ’ਚ ਰਹਿੰਦੇ ਇੱਕ ਧਿਰ ਕੋਲੋਂ ਲੱਖਾਂ ਰੁਪਏ ਦੀ ਜ਼ਬਰੀ ਵਸੂਲੀ ਕੀਤੀ ਗਈ, ਜਿਸ ਨੂੰ ਲੈ ਕੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਖ਼ਿਲਾਫ਼ ਕਾਰਵਾਈ ਹੋਈ ਹੈ।