ਅੰਤਰਰਾਸ਼ਟਰੀ ਸਾਈਬਰ ਓਲੰਪੀਆਡ 2026: ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਕਨੀਕੀ ਹੁਨਰ ਦਿਖਾਉਣ ਦਾ ਸੁਨਹਿਰੀ ਮੌਕਾ, ਰਜਿਸਟ੍ਰੇਸ਼ਨ ਸ਼ੁਰੂ
ਵਿਦਿਆਰਥੀਆਂ ’ਚ ਕੰਪਿਊਟਰ ਵਿਗਿਆਨ, ਸਾਈਬਰ ਸੁਰੱਖਿਆ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ‘ਅੰਤਰਰਾਸ਼ਟਰੀ ਸਾਈਬਰ ਓਲੰਪੀਆਡ 2026’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ.ਸੀ.ਈ.ਆਰ.ਟੀ.) ਨੇ ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਨੂੰ ਇਸ ਓਲੰਪੀਆਡ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ।
Publish Date: Mon, 15 Jun 2026 04:10 PM (IST)
Updated Date: Mon, 15 Jun 2026 04:15 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਵਿਦਿਆਰਥੀਆਂ ’ਚ ਕੰਪਿਊਟਰ ਵਿਗਿਆਨ, ਸਾਈਬਰ ਸੁਰੱਖਿਆ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ‘ਅੰਤਰਰਾਸ਼ਟਰੀ ਸਾਈਬਰ ਓਲੰਪੀਆਡ 2026’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ.ਸੀ.ਈ.ਆਰ.ਟੀ.) ਨੇ ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਨੂੰ ਇਸ ਓਲੰਪੀਆਡ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੱਕਾਰੀ ਮੁਕਾਬਲਾ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਜਾ ਰਿਹਾ ਹੈ, ਜੋ ਕਿ ਕੁੱਲ ਦੋ ਪੜਾਵਾਂ ਵਿੱਚ ਸੰਪੰਨ ਹੋਵੇਗਾ:
ਪੜਾਅ 1 (ਸਕੂਲ ਪੱਧਰ): ਇਹ ਪ੍ਰੀਖਿਆ ਪੂਰੀ ਤਰ੍ਹਾਂ ਆਫਲਾਈਨ ਮੋਡ ’ਚ ਲਈ ਜਾਵੇਗੀ ਅਤੇ ਇਸ ਦੀ ਮਿਆਦ ਇੱਕ ਘੰਟੇ ਦੀ ਹੋਵੇਗੀ। ਇਸ ਪ੍ਰੀਖਿਆ ਲਈ ਅਗਸਤ ਤੋਂ ਦਸੰਬਰ 2026 ਦੇ ਵਿਚਕਾਰ ਦੀਆਂ ਤਾਰੀਖਾਂ ਉਪਲਬਧ ਹਨ। ਸਕੂਲਾਂ ਨੂੰ ਆਪਣੀ ਚੁਣੀ ਹੋਈ ਪ੍ਰੀਖਿਆ ਦੀ ਮਿਤੀ ਤੋਂ 20 ਦਿਨ ਪਹਿਲਾਂ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਲਾਜ਼ਮੀ ਹੋਵੇਗੀ।
ਪੜਾਅ 2 (ਅੰਤਰਰਾਸ਼ਟਰੀ ਪੱਧਰ): ਇਸ ਦੌਰ ’ਚ ਸਿਰਫ਼ ਤੀਜੀ ਤੋਂ ਦਸਵੀਂ ਜਮਾਤ ਦੇ ਯੋਗ ਵਿਦਿਆਰਥੀ ਹੀ ਹਿੱਸਾ ਲੈ ਸਕਣਗੇ ਅਤੇ ਇਹ ਪ੍ਰੀਖਿਆ ਪੂਰੀ ਤਰ੍ਹਾਂ ਔਨਲਾਈਨ ਮੋਡ ਵਿੱਚ ਲਈ ਜਾਵੇਗੀ।
ਪ੍ਰੀਖਿਆ ਦਾ ਪੈਟਰਨ ਅਤੇ ਸਿਲੇਬਸ
ਭਾਰਤ ’ਚ ਇਸ ਪ੍ਰੀਖਿਆ ਦਾ ਸਿਲੇਬਸ ਪੂਰੀ ਤਰ੍ਹਾਂ ਐੱਨ.ਸੀ.ਈ.ਆਰ.ਟੀ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 'ਤੇ ਅਧਾਰਤ ਹੈ। ਮੁਕਾਬਲੇ ’ਚ ਸਾਰੇ ਪ੍ਰਸ਼ਨ ਬਹੁ-ਚੋਣ ਵਾਲੇ ਹੋਣਗੇ, ਜਿਨ੍ਹਾਂ ਦੇ ਉੱਤਰ ਵਿਦਿਆਰਥੀਆਂ ਨੂੰ ਓ.ਐੱਮ.ਆਰ. ਸ਼ੀਟ ’ਤੇ ਭਰਨੇ ਹੋਣਗੇ।
ਇਸ ਓਲੰਪੀਆਡ ’ਚ ਹਿੱਸਾ ਲੈਣ ਲਈ ਪ੍ਰਤੀ ਵਿਦਿਆਰਥੀ 150 ਰੁਪਏ ਦੀ ਇੱਕਮੁਸ਼ਤ ਰਜਿਸਟ੍ਰੇਸ਼ਨ ਫੀਸ ਨਿਰਧਾਰਤ ਕੀਤੀ ਗਈ ਹੈ। ਇਸ ਦੇ ਬਦਲੇ ਸਾਰੇ ਰਜਿਸਟਰਡ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਪਾਠਕ੍ਰਮ, ਸੈਂਪਲ ਪੇਪਰਜ਼, ਸਾਈਬਰਪੀਡੀਆ ਅਤੇ ਮੌਕ ਟੈਸਟਾਂ ਦੀ ਮੁਫ਼ਤ ਐਕਸੈਸ ਮਿਲੇਗੀ।
ਜੇਤੂਆਂ ਲਈ ਆਕਰਸ਼ਕ ਇਨਾਮ
ਵਿਜੇਤਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਆਕਰਸ਼ਕ ਇਨਾਮ ਰੱਖੇ ਗਏ ਹਨ। ਅੰਤਰਰਾਸ਼ਟਰੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 5100 ਰੁਪਏ, ਦੂਜੇ ਸਥਾਨ ਵਾਲੇ ਨੂੰ 3100 ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ 2100 ਰੁਪਏ ਦੇ ਨਾਲ ‘ਸਾਈਬਰਹੀਰੋ’ ਟਰਾਫੀ ਅਤੇ ਉੱਤਮਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਖੇਤਰੀ ਅਤੇ ਸਕੂਲ ਪੱਧਰ ’ਤੇ ਚੋਟੀ ਦੇ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਪਹਿਲੀ ਅਤੇ ਦੂਜੀ ਜਮਾਤ ਦੇ ਛੋਟੇ ਬੱਚਿਆਂ ਵਿੱਚ ਕੰਪਿਊਟਰ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ, ਉਨ੍ਹਾਂ ਦੇ ਸਕੋਰ ਅਤੇ ਪੱਧਰ ਦੇ ਅਧਾਰ ’ਤੇ ਵਿਸ਼ੇਸ਼ ਤਗਮੇ ਅਤੇ ਸਰਟੀਫਿਕੇਟ ਦਿੱਤੇ ਜਾਣਗੇ।
ਜੇਕਰ ਕਿਸੇ ਸਕੂਲ ਤੋਂ 150 ਤੋਂ ਵੱਧ ਵਿਦਿਆਰਥੀ ਇਸ ਮੁਕਾਬਲੇ ਵਿੱਚ ਹਿੱਸਾ ਲੈਂਦੇ ਹਨ ਤਾਂ ਸਕੂਲ ਦੇ ਪ੍ਰਿੰਸੀਪਲ ਅਤੇ ਓਲੰਪੀਆਡ ਕੋਆਰਡੀਨੇਟਰ ਨੂੰ ਵੀ ‘ਪ੍ਰਸ਼ੰਸਾ ਪੱਤਰ’ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਸਕੂਲ ਪ੍ਰਸ਼ਾਸਨ ਓਲੰਪੀਆਡ ਦੀ ਅਧਿਕਾਰਤ ਵੈੱਬਸਾਈਟ www.cyberolympiad.in 'ਤੇ ਜਾ ਸਕਦੇ ਹਨ।