ਕੀ ਭਰ ਕੇ ਪਿਆ ਰਹੇ ਸੀ ₹5 ਦੀ 'ਲੈਮਨ ਜ਼ੀਰਾ' 'ਚ ? ਮਸ਼ਹੂਰ ਬੇਕਰੀ 'ਤੇ ਸਿਹਤ ਵਿਭਾਗ ਦੀ ਰੇਡ, ਮਿਆਦ ਪੁੱਗੀ ਬ੍ਰੈੱਡ-ਪੈਟੀ ਤੇ ਮਿਲੀ ਗੰਦਗੀ
Rajesh Bakery News : ਸਿਹਤ ਵਿਭਾਗ ਨੇ ਨੋਟਿਸ ਜਾਰੀ ਕਰ ਕੇ ਲੈਮਨ ਜ਼ੀਰਾ ਦੇ ਮਿਸ਼ਰਣ ਦਾ ਸੈਂਪਲ ਲਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ ਕਿ ਇਸ 'ਚ ਵਰਤੀ ਗਈ ਸਮੱਗਰੀ ਸੁਰੱਖਿਅਤ ਸੀ ਜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਕਾਰਵਾਈ ਦੌਰਾਨ ਫੂਡ ਸੇਫਟੀ ਅਧਿਕਾਰੀ ਵਿਵੇਕ ਕੁਮਾਰ, ਰਾਮ ਲੁਭਾਇਆ ਅਤੇ ਗੁਰਵਿੰਦਰ ਸ਼ਾਨੇ ਮੌਜੂਦ ਰਹੇ।
Publish Date: Sun, 04 Oct 2026 04:11 PM (IST)
Updated Date: Sun, 04 Oct 2026 05:04 PM (IST)
ਹਜ਼ਾਰੀ ਲਾਲ, ਜਾਗਰਣ, ਹੁਸ਼ਿਆਰਪੁਰ : ਪੰਜ ਰੁਪਏ 'ਚ ਮਿਲਣ ਵਾਲੀ ਠੰਢੀ ਲੈਮਨ ਜ਼ੀਰਾ...ਬੱਚਿਆਂ ਤੋਂ ਲੈ ਕੇ ਸ਼ਹਿਰ ਵਾਸੀਆਂ ਤਕ ਇਹ ਡ੍ਰਿੰਕ ਕਾਫ਼ੀ ਮਸ਼ਹੂਰ ਹੈ। ਪਰ ਆਖ਼ਿਰ ਇਹ ਡ੍ਰਿੰਕ ਕਿਸ ਚੀਜ਼ ਨਾਲ ਤਿਆਰ ਕੀਤੀ ਜਾ ਰਹੀ ਸੀ? ਇਸ ਦਾ ਜਵਾਬ ਫਿਲਹਾਲ ਰਹੱਸ ਬਣਿਆ ਹੋਇਆ ਹੈ।
ਕੱਚੇ ਟੋਬੇ ਸਥਿਤ ਰਾਜੇਸ਼ ਬੇਕਰੀ 'ਤੇ ਸਿਹਤ ਵਿਭਾਗ ਦੀ ਰੇਡ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ। ਐਤਵਾਰ ਨੂੰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਟੀਮ ਨੇ ਬੇਕਰੀ 'ਤੇ ਛਾਪਾ ਮਾਰਿਆ ਤਾਂ ਸਫਾਈ ਵਿਵਸਥਾ ਦੀ ਪੋਲ ਖੁੱਲ੍ਹ ਗਈ। ਗੰਦਗੀ ਨਾਲ ਸਨੀਆਂ ਟਰੇਆਂ 'ਚ ਪੈਟੀ-ਕੁਲਚੇ, ਮਿਆਦ ਪੁੱਗੀ ਬ੍ਰੈੱਡ-ਪੈਟੀ ਤੇ ਹੋਰ ਖਾਣ-ਪੀਣ ਦੀ ਸਮੱਗਰੀ ਮਿਲੀ। ਸਭ ਤੋਂ ਵੱਡਾ ਸਵਾਲ ਪੰਜ ਰੁਪਏ 'ਚ ਵਿਕ ਰਹੀ ਲੈਮਨ ਜ਼ੀਰਾ ਨੂੰ ਲੈ ਕੇ ਉੱਠਿਆ।
ਨਾ ਕੰਪਨੀ ਦਾ ਨਾਮ, ਨਾ ਬਣਾਉਣ ਦੀ ਤਰੀਕ... ਫਿਰ ਕਿਸ ਭਰੋਸੇ 'ਤੇ ਵੇਚ ਰਹੇ ਸਨ?
ਸਿਹਤ ਵਿਭਾਗ ਦੀ ਟੀਮ ਨੂੰ ਲੈਮਨ ਜ਼ੀਰਾ ਤਿਆਰ ਕਰਨ 'ਚ ਵਰਤਿਆ ਜਾਣ ਵਾਲਾ ਮਿਸ਼ਰਨ ਮਿਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਮਿਸ਼ਰਨ 'ਤੇ ਨਾ ਕਿਸੇ ਕੰਪਨੀ ਦਾ ਲੇਬਲ ਸੀ, ਨਾ ਮੈਨਿਊਫੈਕਚਰਿੰਗ ਡੇਟ ਅਤੇ ਨਾ ਹੀ ਐਕਸਪਾਇਰੀ ਡੇਟ।
ਇਸ ਮਿਸ਼ਰਨ ਨੂੰ ਕੈਂਪਾਕੋਲਾ ਬ੍ਰਾਂਡ ਦੀਆਂ ਬੋਤਲਾਂ 'ਚ ਭਰ ਕੇ ਗਾਹਕਾਂ ਨੂੰ ਵੇਚਿਆ ਜਾ ਰਿਹਾ ਸੀ। ਵਿਭਾਗ ਨੇ ਮਿਸ਼ਰਨ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਹੁਣ ਰਿਪੋਰਟ ਤੋਂ ਪਤਾ ਲੱਗੇਗਾ ਕਿ ਪੰਜ ਰੁਪਏ ਦੀ ਇਸ ਡ੍ਰਿੰਕ 'ਚ ਆਖ਼ਿਰ ਕੀ ਵਰਤਿਆ ਜਾ ਰਿਹਾ ਸੀ।
ਰੋਜ਼ ਕਰੀਬ 2 ਹਜ਼ਾਰ ਬੋਤਲਾਂ ਵਿਕਣ ਦੀ ਗੱਲ, ਬੱਚਿਆਂ 'ਤੇ ਸਭ ਤੋਂ ਵੱਧ ਨਜ਼ਰ
ਵਿਭਾਗੀ ਟੀਮ ਮੁਤਾਬਕ ਬੇਕਰੀ 'ਚ ਲੈਮਨ ਜ਼ੀਰਾ ਦੀ ਵਿਕਰੀ ਕਾਫ਼ੀ ਜ਼ਿਆਦਾ ਸੀ ਅਤੇ ਰੋਜ਼ ਕਰੀਬ 2 ਹਜ਼ਾਰ ਬੋਤਲਾਂ ਵਿਕਣ ਦੀ ਗੱਲ ਸਾਹਮਣੇ ਆਈ ਹੈ। ਡਾ. ਭਾਟੀਆ ਨੇ ਕਿਹਾ ਕਿ ਬੱਚਿਆਂ ਨੂੰ ਪੰਜ ਰੁਪਏ 'ਚ ਵੇਚੀ ਜਾ ਰਹੀ ਇਸ ਡ੍ਰਿੰਕ 'ਚ ਵਰਤੀ ਜਾਣ ਵਾਲੀ ਸਮੱਗਰੀ ਤੇ ਇਸ ਦੀ ਗੁਣਵੱਤਾ ਦੀ ਜਾਂਚ ਕਰਨਾ ਜ਼ਰੂਰੀ ਹੈ। ਜੇਕਰ ਇਸ 'ਚ ਮਾਪਦੰਡਾਂ ਦੇ ਉਲਟ ਸਮੱਗਰੀ ਪਾਈ ਜਾਂਦੀ ਹੈ ਤਾਂ ਇਹ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੋਵੇਗਾ।
ਗੰਦਗੀ ਨਾਲ ਭਰੀਆਂ ਟਰੇਆਂ, ਮਿਆਦ ਪੁੱਗਿਆ ਸਾਮਾਨ ਵੀ ਮਿਲਿਆ
ਰੇਡ ਦੌਰਾਨ ਬੇਕਰੀ ਦੀ ਸਫਾਈ ਵਿਵਸਥਾ ਵੀ ਸਵਾਲਾਂ ਦੇ ਘੇਰੇ 'ਚ ਆ ਗਈ। ਗੰਦਗੀ ਨਾਲ ਸਨੀਆਂ ਟਰੇਆਂ 'ਚ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ ਮਿਲੀਆਂ। ਪੈਟੀ, ਪਿਜ਼ਾ ਤੇ ਬ੍ਰੈੱਡ ਸਮੇਤ ਹੋਰ ਸਾਮਾਨ ਦੀ ਸਥਿਤੀ ਵੀ ਤਸੱਲੀਬਖ਼ਸ਼ ਨਹੀਂ ਸੀ। ਕੁਝ ਖਾਦ ਸਮੱਗਰੀ ਦੀ ਮਿਆਦ ਵੀ ਪੂਰੀ ਹੋ ਚੁੱਕੀ ਸੀ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜਿਹੜਾ ਸਾਮਾਨ ਗਾਹਕ ਸਿੱਧਾ ਖਾ ਰਹੇ ਹਨ, ਉਸ ਦੀ ਸਫਾਈ ਤੇ ਗੁਣਵੱਤਾ ਦੀ ਨਿਗਰਾਨੀ ਆਖ਼ਿਰ ਕੌਣ ਕਰ ਰਿਹਾ ਸੀ?
ਮਾਲਕ ਨੇ ਮੰਗੀ ਮਾਫ਼ੀ, ਰਿਪੋਰਟ ਤੋਂ ਖੁੱਲ੍ਹੇਗਾ ਅਗਲਾ ਰਾਜ਼
ਛਾਪੇ ਦੌਰਾਨ ਬੇਕਰੀ ਮਾਲਕ ਨੇ ਸਫਾਈ ਵਿਵਸਥਾ 'ਚ ਕਮੀ ਸਵੀਕਾਰ ਕਰਦਿਆਂ ਮਾਫ਼ੀ ਮੰਗੀ ਤੇ ਅੱਗੇ ਤੋਂ ਸਾਫ਼-ਸਫਾਈ ਰੱਖਣ ਦਾ ਭਰੋਸਾ ਦਿੱਤਾ। ਸਿਹਤ ਵਿਭਾਗ ਨੇ ਨੋਟਿਸ ਜਾਰੀ ਕਰ ਕੇ ਲੈਮਨ ਜ਼ੀਰਾ ਦੇ ਮਿਸ਼ਰਣ ਦਾ ਸੈਂਪਲ ਲਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ ਕਿ ਇਸ 'ਚ ਵਰਤੀ ਗਈ ਸਮੱਗਰੀ ਸੁਰੱਖਿਅਤ ਸੀ ਜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਕਾਰਵਾਈ ਦੌਰਾਨ ਫੂਡ ਸੇਫਟੀ ਅਧਿਕਾਰੀ ਵਿਵੇਕ ਕੁਮਾਰ, ਰਾਮ ਲੁਭਾਇਆ ਅਤੇ ਗੁਰਵਿੰਦਰ ਸ਼ਾਨੇ ਮੌਜੂਦ ਰਹੇ।