Punjab : ਕਿਸਾਨਾਂ ਦੇ ਧਰਨੇ ਨੇ ਲਈ ਨੌਜਵਾਨ ਦੀ ਜਾਨ, ਜਾਮ ਲਾਉਣ ਲਈ ਖੜ੍ਹੀ ਕੀਤੀ ਟਰਾਲੀ 'ਚ ਵੱਜਾ ਮੋਟਰਸਾਈਕਲ; ਪੁਲਿਸ ਨੇ ਲਿਆ ਸਖ਼ਤ ਐਕਸ਼ਨ
ਕਿਸਾਨ ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਧਰਨਾ ਦੇ ਕੇ ਬੈਠੇ ਸਨ। ਪ੍ਰਦਰਸ਼ਨ ਦੌਰਾਨ ਹਾਈਵੇਅ 'ਤੇ ਟਰਾਲੀ ਖੜ੍ਹੀ ਕਰ ਕੇ ਰਸਤਾ ਰੋਕਿਆ ਗਿਆ ਸੀ। ਇਸੇ ਦੌਰਾਨ ਵਾਪਰੇ ਇਸ ਦਰਦਨਾਕ ਹਾਦਸੇ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਧਰਨਾ ਚੁਕਵਾ ਦਿੱਤਾ।
Publish Date: Wed, 18 Nov 2026 12:24 PM (IST)
Updated Date: Wed, 18 Nov 2026 01:04 PM (IST)
ਸਚਿਨ ਸ਼ਰਮਾ, ਪੰਜਾਬੀ ਜਾਗਰਣ, ਮੁਕੇਰੀਆਂ : ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਧਰਨਾ ਦੇ ਰਹੇ ਕਿਸਾਨਾਂ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕਰਦਿਆਂ ਧਰਨਾ ਖ਼ਤਮ ਕਰਵਾ ਦਿੱਤਾ। ਮੁਕੇਰੀਆਂ 'ਚ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹਾਈਵੇਅ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਹਾਈਵੇਅ ਜਾਮ ਕਰਨ ਲਈ ਸੜਕ 'ਤੇ ਇਕ ਟਰਾਲੀ ਖੜ੍ਹੀ ਕਰ ਦਿੱਤੀ ਗਈ। ਮੰਗਲਵਾਰ ਦੇਰ ਰਾਤ ਕਰੀਬ 10 ਵਜੇ ਇਸੇ ਖੜ੍ਹੀ ਟਰਾਲੀ ਨਾਲ ਇਕ ਮੋਟਰਸਾਈਕਲ ਟਕਰਾ ਗਿਆ, ਜਿਸ 'ਤੇ ਸਵਾਰ ਦੋ ਚਚੇਰੇ ਭਰਾਵਾਂ 'ਚੋਂ ਇਕ ਦੀ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਨਿਤਿਸ਼ ਕੁਮਾਰ ਵਜੋਂ ਹੋਈ ਹੈ ਜਦਕਿ ਸਾਹਿਲ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵੇਂ ਮੁਕੇਰੀਆਂ ਦੇ ਪਿੰਡ ਦਗਨ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਹਾਈਵੇਅ 'ਤੇ ਧਰਨੇ ਕਾਰਨ ਖੜ੍ਹੀ ਕੀਤੀ ਗਈ ਟਰਾਲੀ ਨਾਲ ਉਨ੍ਹਾਂ ਦੀ ਬਾਈਕ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਨਿਤਿਸ਼ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਦਾ ਧਰਨਾ ਖ਼ਤਮ ਕਰਵਾ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਦੀ ਕਾਰਵਾਈ ਤੋਂ ਬਾਅਦ ਧਰਨੇ ਵਾਲੀ ਥਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਗਿਆ ਅਤੇ ਹਾਈਵੇਅ 'ਤੇ ਆਵਾਜਾਈ ਬਹਾਲ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਕਿਸਾਨ ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਧਰਨਾ ਦੇ ਕੇ ਬੈਠੇ ਸਨ। ਪ੍ਰਦਰਸ਼ਨ ਦੌਰਾਨ ਹਾਈਵੇਅ 'ਤੇ ਟਰਾਲੀ ਖੜ੍ਹੀ ਕਰ ਕੇ ਰਸਤਾ ਰੋਕਿਆ ਗਿਆ ਸੀ। ਇਸੇ ਦੌਰਾਨ ਵਾਪਰੇ ਇਸ ਦਰਦਨਾਕ ਹਾਦਸੇ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਧਰਨਾ ਖ਼ਤਮ ਕਰਵਾ ਦਿੱਤਾ।