ਪੁਰਾਣੇ ਮੁੱਦਿਆਂ ਨੂੰ ਲੈ ਕੇ ਪ੍ਰਚਾਰ ’ਚ ਉੱਤਰੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ
ਪੁਰਾਣੇ ਮੁੱਦਿਆਂ ਨੂੰ ਲੈ ਕੇ ਹੀ ਪ੍ਰਚਾਰ ’ਚ ਉੱਤਰੇ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ
Publish Date: Sun, 28 Jun 2026 06:43 PM (IST)
Updated Date: Sun, 28 Jun 2026 06:46 PM (IST)

- ਸੱਤਾਧਾਰੀ ਪਾਰਟੀ ਹੀ ਮਾਰ ਰਹੀ ਵਿਕਾਸ ਦੇ ਦਮਗਜੇ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਨਗਰ ਨਿਗਮ ਹੁਸ਼ਿਆਰਪੁਰ ਦੇ ਸਮੂਹ ਪੰਜਾਹ ਵਾਰਡਾਂ ਵਿਚ ਉਮੀਦਵਾਰਾਂ ਦੀ ਸਥਿਤੀ ਸਾਫ਼ ਹੋ ਚੁੱਕੀ ਹੈ। ਸਮੂਹ ਰਾਜਸੀ ਪਾਰਟੀਆਂ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 219 ਉਮੀਦਵਾਰ ਹੀ ਚੋਣ ਮੈਦਾਨ ਵਿਚ ਹਨ। ਬੀਤੇ ਸ਼ਾਮ 65 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਜਿਸ ਤੋਂ ਬਾਅਦ ਉਮੀਦਵਾਰਾਂ ਵੱਲੋਂ ਤੇਜ਼ੀ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਹਲਾਂਕਿ ਕਿਸੇ ਵੀ ਪਾਰਟੀ ਕੋਲ ਸ਼ਹਿਰ ਦੀ ਕਾਇਆ ਕਲਪ ਕਰਨ ਲਈ ਕੋਈ ਨਵਾਂ ਯੋਜਨਾ ਨਹੀਂ ਹੈ ਪਰ ਉਹੀ ਸਦੀਆਂ ਪੁਰਾਣੇ ਮੁੱਦਿਆਂ ਨੂੰ ਲੈ ਕੇ ਹੀ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਦੀ ਯੋਜਨਾ : ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਅਗਵਾਈਅਤੇ ਚੋਣ ਪ੍ਰਚਾਰ ਦਾ ਜਿੰਮਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਆਪ ਸੰਭਾਲਿਆ ਹੈ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਕਰਵਾਏ ਕੰਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਪੀਣ ਵਾਲੇ ਪਾਣੀ ਲਈ ਸ਼ੁਰੂ ਕੀਤੇ ਨਵੇਂ ਪ੍ਰਾਜੈਕਟ, ਫ਼ੂਡ ਸਟਰੀਟ, ਭੰਗ ਚੋਅ ’ਤੇ ਪੁੱਲ ਦਾ ਨਿਰਮਾਣ, ਥਾਂ-ਥਾਂ ’ਤੇ ਨੀਂਹ ਪੱਥਰ ਲਗਾ ਕੇ ਕੰਮ ਸ਼ੁਰੂ ਕਰਨ ਸਮੇਤ ਪਿਛਲੇ ਸਾਢੇ ਚਾਰ ਸਾਲਾਂ ਵਿਚ 100 ਕਰੋੜ ਤੋਂ ਵੀ ਵੱਧ ਦੇ ਵਿਕਾਸ ਕੰਮਾਂ ਨੂੰ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਤੱਕ ਦੇ ਇਤਿਹਾਸ ਵਿਚ ਹੁਸ਼ਿਆਰਪੁਰ ਸ਼ਹਿਰ ਵਿਚ ਇੰਨੇ ਵਿਕਾਸ ਕੰਮ ਨਹੀਂ ਹੋਏ ਜਿੰਨੇ ਉਨ੍ਹਾਂ ਚਾਰ ਸਾਲਾਂ ਵਿਚ ਕਰ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਾਸੀਆਂ ਦੀਆਂ ਵੱਡੀਆਂ ਦਿੱਕਤਾਂ ਦੂਰ ਹੋ ਜਾਣਗੀਆਂ। ਉਨ੍ਹਾਂ ਵੱਲੋਂ ਉਮੀਦਵਾਰਾਂ ਦੇ ਹੱਕ ਵਿਚ ਨੁੱਕੜ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਹਨ ਅਤੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਸ਼ਹਿਯੋਗ ਮੰਗਿਆ ਜਾ ਰਿਹਾ ਹੈ। ਵਿਰੋਧੀਆਂ ਦਾ ਸਾਰਾ ਪ੍ਰਚਾਰ ਆਲੋਚਨਾ ’ਤੇ ਨਿਰਭਰ : ਜਿੱਥੇ ਸੱਤਾਧਾਰੀ ਪਾਰਟੀ ਵੱਲੋਂ ਵਿਕਾਸ ਨੂੰ ਮੁੱਦਾ ਬਣਾਇਅਆ ਹੈ ਉੱਥੇ ਵਿਰੋਧੀ ਭਾਜਪਾ, ਕਾਂਗਰਸ ਅਤੇ ਸੋਮਣੀ ਅਕਾਲੀ ਦਲ ਵੱਲੋਂ ਸੱਤਾਧਾਰੀ ਪਾਰਟੀ ਦੀ ਆਲੋਚਨਾ ਨੂੰ ਹੀ ਮੁੱਦਾ ਬਣਾਇਆ ਗਿਆ ਹੈ। ਉਨ੍ਹਾਂ ਦੀਆਂ ਨੁੱਕੜ ਮੀਟਿੰਗਾਂ ਅਤੇ ਦਫਤਰੀ ਸਮਾਰੋਹਾਂ ਵਿਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਵੱਲੋਂ ਜਿਹੜੇ ਵੀ ਕੰਮ ਕੀਤੇ ਹਨ ਉਹ ਜਾਂ ਤਾਂ ਅਧੂਰੇ ਹਨ ਅਤੇ ਜਾਂ ਉਹ ਸਿਰਫ਼ ਉਦਾਘਟਨਾਂ ਤੱਕ ਹੀ ਸੀਮਿੰਤ ਹੋ ਕੇ ਰਹਿ ਗਏ ਹਨ। ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਗਰ ਨਿਗਮ ਵਿਚ ਵਾਰਡਾਂ ਵਿਚ ਭੇਦਭਾਵ ਕੀਤਾ ਗਿਆ। ਜਿਨ੍ਹਾਂ ਵਾਰਡਾਂ ਵਿਚ ਉਦਘਾਟਨ ਲਈ ਵਿਰੋਧੀ ਕੌਂਸਲਰ ਸਨ ਉਨ੍ਹਾਂ ਵਾਰਡਾਂ ਵਿਚ ਕੰਮ ਰੋਕ ਦਿੱਤੇ ਗਏ। ਸ਼ਹਿਰ ਵਿਚ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਇਮਾਰਤਾਂ ਦਾ ਨਿਰਮਾਣ ਹੋਇਆ ਹੈ। ਟ੍ਰੈਫ਼ਿਕ ਸਮੱਸਿਆ, ਨਾਜਾਇਜ ਕਬਜ਼ੇ, ਸ਼ਹਿਰ ਵਿਚ ਆਉਣ ਵਾਲੇ ਲੋਕਾਂ ਲਈ ਪਖ਼ਾਨਿਆਂ ਦੀ ਘਾਟ, ਫ਼ੁੱਟਪਾਥ ਦੀ ਘਾਟ, ਵਾਰਡਾਂ ਵਿਚ ਗਲੀਆਂ-ਨਾਲੀਆਂ ਦੇ ਅਧੂਰੇ ਨਿਰਮਾਣ ਦੇ ਨਾਮ ’ਤੇ ਸੱਤਾਧਾਰੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਨਵੀਂ ਗੱਲ ਦੀ ਅਣਹੋਂਦ : ਨਗਰ ਨਿਗਮ ਚੋਣਾਂ ਵਿਚ ਦੋਸ਼ ਅਤੇ ਖੰਡਨ ਦੀ ਰਾਨੀਤੀ ਨਾਲ ਹੀ ਵੋਟਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਸ਼ਹਿਰ ਦੇ ਵਿਕਾਸ ਲਈ ਕਿਸੇ ਵੀ ਪਾਰਟੀ ਕੋਲ ਕੋਈ ਵੀ ਮੁੱਦਾ ਨਹੀਂ ਹੈ। ਹਰ ਉਮੀਦਵਾਰਾਂ ਕੋਲ ਪਾਰਟੀ ਦਾ ਜ਼ਿਲ੍ਹਾ ਪੱਧਰੀ ਆਗੂਆਂ ਵੱਲੋਂ ਦੱਸੀਆਂ ਗੱਲਾਂ ਨੂੰ ਹੀ ਹਰ ਗਲੀ-ਮੁਹੱਲੇ ਵਿਚ ਵਰਤਿਆ ਜਾ ਰਿਹਾ ਹੈ। ਸ਼ਹਿਰ ਵਿਚ ਬਰਸਾਤਾਂ ਵਿਚ ਗਲੀਆਂ ਵਿਚ ਇਕੱਠੇ ਹੋਣ ਵਾਲੇ ਪਾਣੀ ਨਿਕਾਸੀ ਦੀ ਸਭ ਤੋਂ ਵੱਡੀ ਸਮੱਸਿਆ ਹੈ, ਉਸ ਦਾ ਉੱਤਰ ਨਾ ਤਾਂ ਸੱਤਾਧਾਰੀ ਪਾਰਟੀ ਅਤੇ ਨਾ ਹੀ ਵਿਰੋਧੀਆਂ ਕੋਲ ਹੈ।