ਸ਼ਾਮਚੁਰਾਸੀ ਨਗਰ ਕੌਂਸਲ ਚੋਣਾਂ: ਮੀਂਹ ਦੇ ਬਾਵਜੂਦ 76.33 ਫੀਸਦੀ ਵੋਟਿੰਗ, ‘ਆਪ’ ਨੇ 6 ਸੀਟਾਂ ਜਿੱਤ ਕੇ ਮਾਰੀ ਬਾਜ਼ੀ
ਸ਼ਾਮਚੁਰਾਸੀ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ’ਚੋਂ 6 ਵਾਰਡਾਂ ’ਤੇ ਜਿੱਤ ਹਾਸਲ ਕਰਕੇ ਬਾਜ਼ੀ ਮਾਰ ਲਈ। ਖ਼ਰਾਬ ਮੌਸਮ ਅਤੇ ਲਗਾਤਾਰ ਮੀਂਹ ਦੇ ਬਾਵਜੂਦ ਵੋਟਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਨਗਰ ਕੌਂਸਲ ਖੇਤਰ ਵਿੱਚ ਕੁੱਲ 76.33 ਫੀਸਦੀ ਵੋਟਿੰਗ ਦਰਜ ਕੀਤੀ ਗਈ। ਕਾਂਗਰਸ ਨੇ 2 ਵਾਰਡਾਂ ’ਤੇ ਜਿੱਤ ਦਰਜ ਕੀਤੀ, ਜਦਕਿ ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਿਹਾ।
Publish Date: Sat, 13 Jun 2026 06:47 PM (IST)
Updated Date: Sat, 13 Jun 2026 06:52 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਸ਼ਾਮਚੁਰਾਸੀ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ’ਚੋਂ 6 ਵਾਰਡਾਂ ’ਤੇ ਜਿੱਤ ਹਾਸਲ ਕਰਕੇ ਬਾਜ਼ੀ ਮਾਰ ਲਈ। ਖ਼ਰਾਬ ਮੌਸਮ ਅਤੇ ਲਗਾਤਾਰ ਮੀਂਹ ਦੇ ਬਾਵਜੂਦ ਵੋਟਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਨਗਰ ਕੌਂਸਲ ਖੇਤਰ ਵਿੱਚ ਕੁੱਲ 76.33 ਫੀਸਦੀ ਵੋਟਿੰਗ ਦਰਜ ਕੀਤੀ ਗਈ। ਕਾਂਗਰਸ ਨੇ 2 ਵਾਰਡਾਂ ’ਤੇ ਜਿੱਤ ਦਰਜ ਕੀਤੀ, ਜਦਕਿ ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਨਗਰ ਕੌਂਸਲ ਚੋਣਾਂ ਲਈ ਸ਼ਨੀਵਾਰ ਸਵੇਰੇ 8 ਵਜੇ ਮਤਦਾਨ ਸ਼ੁਰੂ ਹੋਇਆ ਸੀ। ਸਵੇਰੇ ਕਰੀਬ 9.30 ਵਜੇ ਸ਼ਾਮਚੁਰਾਸੀ ਵਿੱਚ ਮੀਂਹ ਸ਼ੁਰੂ ਹੋ ਗਿਆ, ਜੋ ਦੁਪਹਿਰ ਕਰੀਬ 1.30 ਵਜੇ ਤੱਕ ਲਗਾਤਾਰ ਜਾਰੀ ਰਿਹਾ। ਇਸ ਤੋਂ ਬਾਅਦ ਵੀ ਹਲਕੀ ਬੁੰਦਾ-ਬਾਂਦੀ ਹੁੰਦੀ ਰਹੀ। ਮੀਂਹ ਦੇ ਬਾਵਜੂਦ ਲੋਕ ਛਤਰੀਆਂ ਲੈ ਕੇ ਪੋਲਿੰਗ ਬੂਥਾਂ ’ਤੇ ਪਹੁੰਚਦੇ ਰਹੇ ਅਤੇ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਨਗਰ ਕੌਂਸਲ ਦੀਆਂ 9 ਵਾਰਡਾਂ ਲਈ ਹੋਈ ਚੋਣ ਵਿੱਚ 9 ਪੋਲਿੰਗ ਬੂਥ ਬਣਾਏ ਗਏ ਸਨ, ਜਿੱਥੇ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਵੋਟਰਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਮਤਦਾਨ ਸਮਾਪਤ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬਹੁਮਤ ਹਾਸਲ ਕੀਤਾ।
ਪਾਰਟੀ ਵਾਰ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੂੰ 6 ਸੀਟਾਂ, ਇੰਡੀਅਨ ਨੈਸ਼ਨਲ ਕਾਂਗਰਸ ਨੂੰ 2 ਸੀਟਾਂ ਅਤੇ ਇੱਕ ਸੀਟ ’ਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ। ਭਾਜਪਾ, ਅਕਾਲੀ ਦਲ ਅਤੇ ਬਸਪਾ ਆਪਣਾ ਖਾਤਾ ਨਹੀਂ ਖੋਲ੍ਹ ਸਕੇ।
ਵਾਰਡ ਵਾਈਜ਼ ਨਤੀਜਿਆਂ ਵਿੱਚ ਵਾਰਡ ਨੰਬਰ 1 ਤੋਂ ਹਰਭਜਨ ਕੌਰ (ਆਮ ਆਦਮੀ ਪਾਰਟੀ) ਜੇਤੂ ਰਹੀ, ਜਿਨ੍ਹਾਂ ਨੂੰ 146 ਵੋਟਾਂ ਮਿਲੀਆਂ। ਵਾਰਡ ਨੰਬਰ 2 ਤੋਂ ਮਿੰਦੋ (ਆਮ ਆਦਮੀ ਪਾਰਟੀ) ਨੇ ਜਿੱਤ ਦਰਜ ਕੀਤੀ ਅਤੇ ਉਨ੍ਹਾਂ ਨੂੰ 120 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 3 ਤੋਂ ਰਵਿੰਦਰ ਕੁਮਾਰ (ਆਮ ਆਦਮੀ ਪਾਰਟੀ) 134 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦਕਿ ਵਾਰਡ ਨੰਬਰ 4 ਤੋਂ ਕੁਲਵਿੰਦਰ ਕੌਰ (ਆਮ ਆਦਮੀ ਪਾਰਟੀ) ਨੇ 196 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ।
ਵਾਰਡ ਨੰਬਰ 5 ਤੋਂ ਹੀਰਾ ਲਾਲ (ਕਾਂਗਰਸ) ਜੇਤੂ ਰਹੇ, ਜਿਨ੍ਹਾਂ ਨੂੰ 93 ਵੋਟਾਂ ਮਿਲੀਆਂ। ਵਾਰਡ ਨੰਬਰ 6 ਤੋਂ ਦਲਜਿੰਦਰ ਸੋਹਲ (ਕਾਂਗਰਸ) ਨੇ ਜਿੱਤ ਦਰਜ ਕੀਤੀ ਅਤੇ 131 ਵੋਟਾਂ ਪ੍ਰਾਪਤ ਕੀਤੀਆਂ। ਵਾਰਡ ਨੰਬਰ 7 ਤੋਂ ਹਰਮੇਸ਼ ਕੁਮਾਰ (ਆਮ ਆਦਮੀ ਪਾਰਟੀ) 158 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 8 ਤੋਂ ਪੂਜਾ ਰਾਣੀ (ਆਮ ਆਦਮੀ ਪਾਰਟੀ) ਨੇ 130 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਸੁਨੀਤਾ 141 ਵੋਟਾਂ ਲੈ ਕੇ ਜੇਤੂ ਰਹੀ।
ਇਨ੍ਹਾਂ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦਾ ਵੀ ਦਬਦਬਾ ਰਿਹਾ। ਕੁੱਲ 5 ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਿਨ੍ਹਾਂ ਵਿੱਚੋਂ 4 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ, ਜਦਕਿ ਇੱਕ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੀ।
ਵੋਟਿੰਗ ਦੀ ਰਫ਼ਤਾਰ ਦੌਰਾਨ ਸਵੇਰੇ 10 ਵਜੇ ਤੱਕ 19.54 ਫੀਸਦੀ, ਦੁਪਹਿਰ 12 ਵਜੇ ਤੱਕ 32.38 ਫੀਸਦੀ ਅਤੇ ਦੁਪਹਿਰ 2 ਵਜੇ ਤੱਕ 57.06 ਫੀਸਦੀ ਮਤਦਾਨ ਦਰਜ ਕੀਤਾ ਗਿਆ, ਜੋ ਅੰਤ ਵਿੱਚ 76.33 ਫੀਸਦੀ ਤੱਕ ਪਹੁੰਚ ਗਿਆ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ 9 ਪੋਲਿੰਗ ਬੂਥਾਂ ’ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪੋਲਿੰਗ ਸਟੇਸ਼ਨਾਂ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ ਅਤੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ।
ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਵਰਕਰਾਂ ਨੇ ਜੇਤੂ ਉਮੀਦਵਾਰਾਂ ਦਾ ਸਵਾਗਤ ਕੀਤਾ। ਢੋਲ ਦੀ ਥਾਪ ’ਤੇ ਭੰਗੜਾ ਪਾਇਆ ਗਿਆ ਅਤੇ ਮਿੱਠਾਈਆਂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ ਗਈ।