- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਫਰੇਮਵਰਕ ਦਾ ਮੁੱਖ ਉਦੇਸ਼ ਪੰਜਾਬ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਪਿਊਟਰ ਵਿਗਿਆਨ ਦੀ ਸਿੱਖਿਆ, ਪ੍ਰੈਕਟੀਕਲ ਗਤੀਵਿਧੀਆਂ, ਮੁਲਾਂਕਣ ਪ੍ਰਣਾਲੀ ਅਤੇ ਕੰਪਿਊਟਰ ਲੈਬਾਰਟਰੀ ਦੇ ਪ੍ਰਬੰਧਨ ਵਿੱਚ ਇੱਕਸਾਰਤਾ ਲਿਆਉਣਾ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT), ਪੰਜਾਬ ਵੱਲੋਂ ਅਕਾਦਮਿਕ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਤੇ ਹੁਨਰ-ਅਧਾਰਿਤ ਬਣਾਉਣ ਦੇ ਉਦੇਸ਼ ਨਾਲ ਨਵਾਂ 'ਵਿਆਪਕ ਕੰਪਿਊਟਰ ਸਿੱਖਿਆ ਅਤੇ ਪ੍ਰਯੋਗਸ਼ਾਲਾ ਮੁਲਾਂਕਣ ਫਰੇਮਵਰਕ' ਜਾਰੀ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਇਸ ਸਬੰਧੀ ਐੱਸਸੀਈਆਰਟੀ ਦੀ ਡਾਇਰੈਕਟਰ ਕਿਰਨ ਸ਼ਰਮਾ ਅਤੇ ਸਹਾਇਕ ਡਾਇਰੈਕਟਰ ਡਾ. ਰਾਜੀਵ ਕੁਮਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਸ ਨਵੇਂ ਫਰੇਮਵਰਕ ਦਾ ਮੁੱਖ ਉਦੇਸ਼ ਪੰਜਾਬ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਪਿਊਟਰ ਵਿਗਿਆਨ ਦੀ ਸਿੱਖਿਆ, ਪ੍ਰੈਕਟੀਕਲ ਗਤੀਵਿਧੀਆਂ, ਮੁਲਾਂਕਣ ਪ੍ਰਣਾਲੀ ਅਤੇ ਕੰਪਿਊਟਰ ਲੈਬਾਰਟਰੀ ਦੇ ਪ੍ਰਬੰਧਨ ਵਿੱਚ ਇੱਕਸਾਰਤਾ ਲਿਆਉਣਾ ਹੈ। ਨਵੇਂ ਅਕਾਦਮਿਕ ਸੈਸ਼ਨ ਤੋਂ ਕੰਪਿਊਟਰ ਸਿੱਖਿਆ ਨੂੰ ਪੂਰੀ ਤਰ੍ਹਾਂ ਹੁਨਰ-ਅਧਾਰਤ, ਯੋਜਨਾਬੱਧ ਅਤੇ ਨਤੀਜਾ-ਮੁਖੀ ਬਣਾਇਆ ਜਾਵੇਗਾ।
ਨਵੇਂ ਫਰੇਮਵਰਕ ਦੇ ਤਹਿਤ ਪੂਰੇ ਸਾਲ ਦੇ ਸਿਲੇਬਸ ਨੂੰ ਦੋ-ਦੋ ਮਹੀਨਿਆਂ ਦੇ ਵਿਸ਼ੇਸ਼ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ, ਤਾਂ ਜੋ ਬੱਚਿਆਂ 'ਤੇ ਪੜ੍ਹਾਈ ਦਾ ਬੋਝ ਨਾ ਪਵੇ। ਪਾਠਕ੍ਰਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ:
6ਵੀਂ ਤੋਂ 8ਵੀਂ ਜਮਾਤ: ਵਿਦਿਆਰਥੀਆਂ ਨੂੰ ਕੰਪਿਊਟਰ ਦਾ ਮੁੱਢਲਾ ਗਿਆਨ, ਟਕਸ ਪੇਂਟ, ਵਰਡ ਪ੍ਰੋਸੈਸਿੰਗ, ਪ੍ਰਸਤੁਤੀ (ਪਾਵਰਪੁਆਇੰਟ) ਅਤੇ ਪੰਜਾਬੀ ਟਾਈਪਿੰਗ ਸਿਖਾਈ ਜਾਵੇਗੀ।
9ਵੀਂ ਅਤੇ 10ਵੀਂ ਜਮਾਤ: ਇਸ ਪੱਧਰ 'ਤੇ ਨੈੱਟਵਰਕਿੰਗ, ਡਿਜੀਟਲ ਸੰਚਾਰ, ਡੇਟਾ ਟੇਬਲ (ਐਕਸਲ), ਡੇਟਾਬੇਸ ਪ੍ਰਬੰਧਨ ਪ੍ਰਣਾਲੀ (ਡੀਬੀਐਮਐਸ), ਵੈੱਬ ਪੇਜ ਬਣਾਉਣਾ (ਐਚਟੀਐਮਐਲ) ਅਤੇ ਡੈਸਕਟੌਪ ਪ੍ਰਕਾਸ਼ਨ ਵਰਗੇ ਅਹਿਮ ਵਿਸ਼ੇ ਸ਼ਾਮਲ ਕੀਤੇ ਗਏ ਹਨ।
11ਵੀਂ ਅਤੇ 12ਵੀਂ ਜਮਾਤ: ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਦੀਆਂ ਤਕਨੀਕਾਂ ਜਿਵੇਂ ਕਿ ਨੰਬਰ ਸਿਸਟਮ, ਉੱਚ-ਪੱਧਰੀ ਪ੍ਰੋਗਰਾਮਿੰਗ ਭਾਸ਼ਾ (ਪਾਈਥਨ), ਕਲਾਉਡ ਕੰਪਿਊਟਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਸਾਈਬਰ ਸੁਰੱਖਿਆ ਅਤੇ ਈ-ਗਵਰਨੈਂਸ ਬਾਰੇ ਪੜ੍ਹਾਇਆ ਜਾਵੇਗਾ।
ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਪ੍ਰੈਕਟੀਕਲ ਸਮਝ ਨੂੰ ਮਾਪਣ ਲਈ ਇੱਕ ਵਿਸ਼ੇਸ਼ ਚਾਰ-ਪੱਧਰੀ ਮਾਰਕਿੰਗ ਸਕੀਮ ਤਿਆਰ ਕੀਤੀ ਗਈ ਹੈ:
ਸ਼ੁਰੂਆਤੀ: ਮੁੱਢਲੀ ਸਮਝ ਲਈ 1 ਅੰਕ ਦਿੱਤਾ ਜਾਵੇਗਾ।
ਵਿਕਾਸਸ਼ੀਲ: ਆਮ ਸਮਝ ਲਈ 2 ਅੰਕ ਦਿੱਤੇ ਜਾਣਗੇ।
ਸਮਰੱਥ: ਚੰਗੀ ਸਮਝ ਅਤੇ ਸੁਤੰਤਰ ਤੌਰ 'ਤੇ ਕੰਮ ਕਰਨ ਲਈ 3 ਅੰਕ ਦਿੱਤੇ ਜਾਣਗੇ।
ਮਾਹਰ: ਡੂੰਘੀ ਸਮਝ ਅਤੇ ਰਚਨਾਤਮਕ ਸੋਚ ਲਈ 4 ਅੰਕ ਦਿੱਤੇ ਜਾਣਗੇ।
ਇਸ ਫਰੇਮਵਰਕ ਦੇ ਨਾਲ ਹੀ ਕੰਪਿਊਟਰ ਅਧਿਆਪਕਾਂ ਨੂੰ ਸਕੂਲੀ ਲੈਬਾਂ ਦੀ ਸਾਫ਼-ਸਫ਼ਾਈ, ਸੁਰੱਖਿਆ ਨਿਯਮਾਂ ਦੀ ਪਾਲਣਾ ਅਤੇ ਮਹਿੰਗੇ ਉਪਕਰਣਾਂ ਦੀ ਦੇਖਭਾਲ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਅਧਿਆਪਕਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਹਰ ਦੋ ਮਹੀਨਿਆਂ ਬਾਅਦ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਨੂੰ ਸਿੱਖਿਆ ਵਿਭਾਗ ਦੇ ਇੰਟਰਨੈੱਟ ਪੋਰਟਲ 'ਤੇ ਅਪਲੋਡ ਕਰਨ।