ਸਿਆਸੀ ਗਲਿਆਰਿਆਂ 'ਚ ਹਲਚਲ: ਬੇਅਦਬੀ ਮਾਮਲੇ 'ਚ CM ਭਗਵੰਤ ਮਾਨ ਖ਼ਿਲਾਫ਼ ਹੁਸ਼ਿਆਰਪੁਰ ਥਾਣੇ ਪਹੁੰਚਿਆ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਇੱਕ ਲਿਖਤੀ ਦਰਖਾਸਤ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
Publish Date: Thu, 18 Jun 2026 03:17 PM (IST)
Updated Date: Thu, 18 Jun 2026 03:18 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਇੱਕ ਲਿਖਤੀ ਦਰਖਾਸਤ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਵ ਤਲਵਾੜ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ 'ਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਸਨ ਅਤੇ ਵੀਡੀਓ ਵਾਲੇ ਸ਼ਖਸ ਨੂੰ ਕਥਿਤ ਤੌਰ ’ਤੇ ਭਗਵੰਤ ਮਾਨ ਦੱਸਿਆ ਜਾ ਰਿਹਾ ਸੀ। ਤਲਵਾੜ ਨੇ ਕਿਹਾ ਕਿ ਉਸ ਸਮੇਂ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਫ਼ਾਈ ਦਿੰਦਿਆਂ ਦਾਅਵਾ ਕੀਤਾ ਸੀ ਕਿ ਇਹ ਵੀਡੀਓ 'ਆਰਟੀਫੀਸ਼ੀਅਲ ਇੰਟੈਲੀਜੈਂਸ' ਰਾਹੀਂ ਬਣਾਈ ਗਈ ਇੱਕ ਫੇਕ ਵੀਡੀਓ ਹੈ।
ਸੰਜੀਵ ਤਲਵਾੜ ਨੇ ਅੱਗੇ ਖੁਲਾਸਾ ਕੀਤਾ ਕਿ ਹੁਣ ਜਦੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਗਈ, ਤਾਂ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਵੀਡੀਓ ਬਿਲਕੁਲ ਅਸਲੀ ਹੈ। ਇਸ ਗੰਭੀਰ ਗੁਨਾਹ 'ਤੇ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਨੇ ਭਗਵੰਤ ਮਾਨ ਨੂੰ ਪੰਥ ਦਾ ਦੋਖੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਰਮਨਾਕ ਹਰਕਤ ਨਾਲ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਉੱਪਰ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਤਹਿਤ ਤੁਰੰਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਮੌਕੇ ਸੰਜੀਵ ਤਲਵਾੜ ਦੇ ਨਾਲ ਸਰਦਾਰ ਪ੍ਰੇਮ ਸਿੰਘ (ਸਾਬਕਾ ਡਿਪਟੀ ਮੇਅਰ), ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ ਮਹਿੰਦੀਪੁਰ (ਪੰਜਾਬ ਜਨਰਲ ਸਕੱਤਰ, ਪਛੜੀਆਂ ਸ਼੍ਰੇਣੀਆਂ), ਸੰਤੋਖ ਸਿੰਘ ਔਜਲਾ (ਜ਼ਿਲਾ ਪ੍ਰਧਾਨ, ਵਪਾਰ ਸੈੱਲ), ਸੰਜੀਵ ਕੁਮਾਰ (ਹਲਕਾ ਇੰਚਾਰਜ, ਪਛੜੀਆਂ ਸ਼੍ਰੇਣੀਆਂ ਹੁਸ਼ਿਆਰਪੁਰ), ਰਨਧੀਰ ਭਾਰਜ (ਹਲਕਾ ਇੰਚਾਰਜ ਯੂਥ, ਹੁਸ਼ਿਆਰਪੁਰ), ਸੰਜੀਵ ਥਾਪਰ (ਸਿਟੀ ਪ੍ਰਧਾਨ, ਅਨੁਸੂਚਿਤ ਜਾਤੀ ਮੋਰਚਾ), ਇੰਦਰਦੀਪ, ਸੁਖਦੇਵ ਸਿੰਘ ਸਤੌਰ ਅਤੇ ਵੱਡੀ ਗਿਣਤੀ ਵਿੱਚ ਹੋਰ ਅਕਾਲੀ ਵਰਕਰ ਵੀ ਹਾਜ਼ਰ ਸਨ।