ਹੁਸ਼ਿਆਰਪੁਰ ਜੇਲ੍ਹ 'ਚ ਹੰਗਾਮਾ: ਹਾਈਰਿਸਕ ਕੈਦੀ ਮਨਪ੍ਰੀਤ ਮੰਨਾ ਖ਼ਿਲਾਫ਼ ਕੇਸ ਦਰਜ, ਬਿਨਾਂ ਸਿਮ ਤੋਂ ਮੋਬਾਈਲ ਬਰਾਮਦ
ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਬੰਦ ਗੈਂਗਸਟਰ ਵਲੋਂ ਵੀਡੀਓ ਵਾਇਰਲ ਮਾਮਲੇ ਵਿੱਚ ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ ਵੱਡੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਹਾਈਰਿਸਕ ਪ੍ਰੀਜਨਰ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਤਲਵੰਡੀ ਸਾਬੋ (ਜ਼ਿਲ੍ਹਾ ਬਠਿੰਡਾ) ਖ਼ਿਲਾਫ਼ ਦੀ ਪੰਜਾਬ ਪ੍ਰਿਜ਼ਨਜ਼ ਐਂਡ ਕਰੈਕਸ਼ਨਲ ਸਰਵਿਸਿਜ਼ ਐਕਟ, ਐੱਨ.ਡੀ.ਪੀ.ਐੱਸ. ਐਕਟ ਅਤੇ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Publish Date: Tue, 16 Jun 2026 02:45 PM (IST)
Updated Date: Tue, 16 Jun 2026 02:49 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਬੰਦ ਗੈਂਗਸਟਰ ਵਲੋਂ ਵੀਡੀਓ ਵਾਇਰਲ ਮਾਮਲੇ ਵਿੱਚ ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ ਵੱਡੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਹਾਈਰਿਸਕ ਪ੍ਰੀਜਨਰ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਤਲਵੰਡੀ ਸਾਬੋ (ਜ਼ਿਲ੍ਹਾ ਬਠਿੰਡਾ) ਖ਼ਿਲਾਫ਼ ਦੀ ਪੰਜਾਬ ਪ੍ਰਿਜ਼ਨਜ਼ ਐਂਡ ਕਰੈਕਸ਼ਨਲ ਸਰਵਿਸਿਜ਼ ਐਕਟ, ਐੱਨ.ਡੀ.ਪੀ.ਐੱਸ. ਐਕਟ ਅਤੇ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਹੁਸ਼ਿਆਰਪੁਰ ਕੇਂਦਰੀ ਜੇਲ੍ਹ ’ਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨਾ ਵੱਲੋਂ ਜੇਲ੍ਹ ਅੰਦਰੋਂ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਸੀ। ਵੀਡੀਓ ਵਿੱਚ ਉਸ ਨੇ ਜੇਲ੍ਹ ਪ੍ਰਬੰਧਾਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਜੇਲ੍ਹ ਅੰਦਰ ਨਸ਼ੀਲੇ ਪਦਾਰਥ ਪਹੁੰਚਣ ਅਤੇ ਕੁਝ ਮੁਲਾਜ਼ਮਾਂ ’ਤੇ ਕਥਿਤ ਕੁੱਟਮਾਰ ਦੇ ਦੋਸ਼ ਵੀ ਲਗਾਏ ਸਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡੈਂਟ ਸਤਨਾਮ ਸਿੰਘ ਨੇ ਕਿਹਾ ਸੀ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤੱਥ ਸਾਹਮਣੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵੀ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਬੰਧਾਂ ’ਤੇ ਸਵਾਲ ਉਠਾਏ ਗਏ ਸਨ।
ਗੁਪਤ ਸੂਚਨਾ ਦੇ ਆਧਾਰ ’ਤੇ ਹੋਈ ਸੀ ਤਲਾਸ਼ੀ
ਪੁਲਿਸ ਮੁਤਾਬਕ, ਜੇਲ੍ਹ ਦੇ ਸਹਾਇਕ ਸੁਪਰਡੈਂਟ ਜਗਵਿੰਦਰ ਕੁਮਾਰ ਵੱਲੋਂ ਭੇਜੇ ਗਈ ਸ਼ਿਕਾਇਤ ਅਨੁਸਾਰ ਲੰਘੀ 14 ਜੂਨ ਨੂੰ, ਜੇਲ੍ਹ ਪ੍ਰਸ਼ਾਸਨ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਜੋਨ-13 ਦੀ ਚੱਕੀ ਨੰਬਰ 5 ’ਚ ਬੰਦ ਹਾਈਰਿਸਕ ਬੰਦੀ ਮਨਪ੍ਰੀਤ ਸਿੰਘ ਉਰਫ਼ ਮੰਨਾ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਕੋਲੋਂ ਕਥਿਤ ਤੌਰ ’ਤੇ ਸੈਮਸੰਗ ਕੰਪਨੀ ਦਾ ਇੱਕ ਮੋਬਾਈਲ ਫੋਨ ਬਰਾਮਦ ਹੋਇਆ, ਜੋ ਬਿਨਾਂ ਸਿਮ ਕਾਰਡ ਦੇ ਸੀ।
ਜੇਲ੍ਹ ਅਧਿਕਾਰੀਆਂ ’ਤੇ ਦਬਾਅ ਬਣਾਉਣ ਲਈ ਵੀਡੀਓ ਵਾਇਰਲ ਕਰਨ ਦਾ ਦੋਸ਼
ਪੁਲਿਸ ਮੁਤਾਬਕ, ਜੇਲ੍ਹ ਪ੍ਰਸ਼ਾਸਨ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਉਕਤ ਬੰਦੀ ਮਨਪ੍ਰੀਤ ਸਿੰਘ ਉਰਫ਼ ਮੰਨਾ ਵੱਲੋਂ ਵੀਡੀਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਜੇਲ੍ਹ ਪ੍ਰਸ਼ਾਸਨ ਦਾ ਦੋਸ਼ ਹੈ ਕਿ ਉਸ ਨੇ ਇੱਕ ਸਿਲਵਰ ਦੀ ਤਾਰ, ਜੋ ਪਹਿਲਾਂ ਹੀ ਉਸ ਕੋਲ ਮੌਜੂਦ ਸੀ, ਨਾਲ ਆਪਣੇ ਗਲੇ ’ਤੇ ਵਾਰ ਕਰਕੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਅਤੇ ਜੇਲ੍ਹ ਅਧਿਕਾਰੀਆਂ ’ਤੇ ਕਥਿਤ ਝੂਠੇ ਦੋਸ਼ ਲਗਾਏ। ਵੀਡੀਓ ’ਚ ਮਨਪ੍ਰੀਤ ਸਿੰਘ ਵੱਲੋਂ ਆਪਣੇ ਕੋਲ ਨਸ਼ੀਲਾ ਪਦਾਰਥ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ।