ਸ੍ਰੀ ਖੁਰਾਲਗੜ੍ਹ ਸਾਹਿਬ ਦੇ ਜੰਗਲ 'ਚੋਂ 14 ਸਾਲਾ ਨਾਬਾਲਗ ਲੜਕੀ ਦੀ ਸੜੀ ਹੋਈ ਲਾਸ਼ ਬਰਾਮਦ, ਇਲਾਕੇ 'ਚ ਦਹਿਸ਼ਤ
ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਸਿਟੀ ਨਵਾਂਸ਼ਹਿਰ ਦੇ ਮੁਖੀ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਦੇਰ ਸ਼ਾਮ ਐਸ.ਬੀ.ਐਸ. ਨਗਰ ਜ਼ਿਲ੍ਹੇ ਦੇ ਪਿੰਡ ਜਾਡਲੀ ਦੇ ਇੱਕ 23 ਸਾਲਾ ਨੌਜਵਾਨ ਨੂੰ ਨਾਲ ਲੈ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਜੰਗਲੀ ਇਲਾਕੇ ਵਿੱਚ ਪਹੁੰਚੀ। ਨੌਜਵਾਨ ਦੀ ਨਿਸ਼ਾਨਦੇਹੀ ’ਤੇ ਗੜੀ ਮਾਨਸੋਵਾਲ ਰੋਡ ਨੇੜੇ ਸੜਕ ਤੋਂ ਕਰੀਬ 100 ਮੀਟਰ ਅੰਦਰ ਜੰਗਲ ਵਿੱਚੋਂ ਨਾਬਾਲਗ ਲੜਕੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ।
Publish Date: Fri, 05 Jun 2026 10:26 AM (IST)
Updated Date: Fri, 05 Jun 2026 10:29 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਤ ਇਲਾਕੇ ਦੇ ਇਤਿਹਾਸਕ ਪਿੰਡ ਸ੍ਰੀ ਖੁਰਾਲਗੜ੍ਹ ਸਾਹਿਬ ਨੇੜੇ ਜੰਗਲੀ ਇਲਾਕੇ ਵਿੱਚੋਂ ਇੱਕ 14 ਸਾਲਾ ਨਾਬਾਲਗ ਲੜਕੀ ਦੀ ਸੜੀ ਹੋਈ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਸਿਟੀ ਨਵਾਂਸ਼ਹਿਰ ਦੇ ਮੁਖੀ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਦੇਰ ਸ਼ਾਮ ਐਸ.ਬੀ.ਐਸ. ਨਗਰ ਜ਼ਿਲ੍ਹੇ ਦੇ ਪਿੰਡ ਜਾਡਲੀ ਦੇ ਇੱਕ 23 ਸਾਲਾ ਨੌਜਵਾਨ ਨੂੰ ਨਾਲ ਲੈ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਜੰਗਲੀ ਇਲਾਕੇ ਵਿੱਚ ਪਹੁੰਚੀ। ਨੌਜਵਾਨ ਦੀ ਨਿਸ਼ਾਨਦੇਹੀ ’ਤੇ ਗੜੀ ਮਾਨਸੋਵਾਲ ਰੋਡ ਨੇੜੇ ਸੜਕ ਤੋਂ ਕਰੀਬ 100 ਮੀਟਰ ਅੰਦਰ ਜੰਗਲ ਵਿੱਚੋਂ ਨਾਬਾਲਗ ਲੜਕੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ।
ਇਸ ਸਬੰਧੀ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਨੂੰ ਇੱਕ ਨੌਜਵਾਨ ਕੁਰਾਹੇ ਪਾ ਕੇ ਆਪਣੇ ਨਾਲ ਲੈ ਗਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਜਾਂਚ ਦੌਰਾਨ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਕਬੂਲ ਕੀਤਾ ਕਿ ਉਸ ਨੇ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਸੂਟਕੇਸ ਵਿੱਚ ਪਾ ਕੇ ਖੁਰਾਲਗੜ੍ਹ ਦੇ ਜੰਗਲ ਵਿੱਚ ਲਿਜਾਇਆ ਅਤੇ 29 ਮਈ ਨੂੰ ਉਸ ਨੂੰ ਅੱਗ ਲਗਾ ਦਿੱਤੀ।
ਪੁਲਿਸ ਨੇ ਨੌਜਵਾਨ ਦੀ ਨਿਸ਼ਾਨਦੇਹੀ ’ਤੇ ਮੌਕੇ ਤੋਂ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਬਰਾਮਦ ਕੀਤੀ। ਲਾਸ਼ ਇੰਨੀ ਜ਼ਿਆਦਾ ਸੜ ਚੁੱਕੀ ਸੀ ਕਿ ਮੌਕੇ ’ਤੇ ਸਿਰਫ਼ ਹੱਡੀਆਂ ਹੀ ਬਚੀਆਂ ਹੋਈਆਂ ਸਨ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਉਪਰੰਤ ਮਾਮਲੇ ਦੇ ਸਾਰੇ ਤੱਥ ਸਾਹਮਣੇ ਲਿਆਂਦੇ ਜਾਣਗੇ।