ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਵਿਛੇ ਸੱਥਰ, ਹੁਸ਼ਿਆਰਪੁਰ 'ਚ ਮਹੀਨਾ ਪਹਿਲਾਂ ਕੁੜੀ ਨੇ ਚੁੱਕਿਆ ਖ਼ੌਫਨਾਕ ਕਦਮ; ਹੋਣ ਵਾਲਾ ਪਤੀ ਗ੍ਰਿਫ਼ਤਾਰ
Punjab Crime News : 3 ਨਵੰਬਰ ਨੂੰ ਵਿਆਹ ਹੋਣਾ ਤੈਅ ਹੋਇਆ ਸੀ ਪਰ 30 ਸਤੰਬਰ ਨੂੰ ਰਾਧਾ ਰਾਣੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਜਲੰਧਰ ਦੇ ਹਸਪਤਾਲ 'ਚ ਦੋ ਅਕਤੂਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਹੋਣ ਵਾਲੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Sun, 04 Oct 2026 03:30 PM (IST)
Updated Date: Sun, 04 Oct 2026 05:03 PM (IST)
ਹਜ਼ਾਰੀ ਲਾਲ, ਜਾਗਰਣ ਹੁਸ਼ਿਆਰਪੁਰ : ਘਰ 'ਚ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਰਿਸ਼ਤੇਦਾਰਾਂ ਨੂੰ ਸੱਦਣ ਅਤੇ ਵਿਆਹ ਦੀਆਂ ਰਸਮਾਂ ਦੀਆਂ ਤਿਆਰੀਆਂ ਹੋਣੀਆਂ ਸਨ, ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਵਿਆਹ ਤੋਂ ਕਰੀਬ ਇਕ ਮਹੀਨਾ ਪਹਿਲਾਂ ਨੌਜਵਾਨ ਲੜਕੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਹਾਲਤ ਵਿਗੜਨ 'ਤੇ ਉਸ ਨੂੰ ਪਹਿਲਾਂ ਮੁਕੇਰੀਆਂ ਤੇ ਬਾਅਦ 'ਚ ਜਲੰਧਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ 'ਚ ਲੜਕੀ ਦੇ ਹੋਣ ਵਾਲੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
3 ਨਵੰਬਰ ਨੂੰ ਤੈਅ ਹੋਇਆ ਸੀ ਵਿਆਹ
ਤਲਵਾੜਾ ਪੁਲਿਸ ਮੁਤਾਬਕ ਪਿੰਡ ਬਹਿ ਨੰਗਲ ਵਾਸੀ ਧਿਆਨ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਧੀ ਰਾਧਾ ਰਾਣੀ ਬੀ-ਕਾਮ ਦੀ ਪੜ੍ਹਾਈ ਕਰ ਰਹੀ ਸੀ। ਉਸ ਦਾ ਵਿਆਹ ਮੈਰਾ ਜੱਟਾਂ ਵਾਸੀ ਰਾਜੀਵ ਕੁਮਾਰ ਨਾਲ ਤੈਅ ਹੋਇਆ ਸੀ। ਦੋਵਾਂ ਪਰਿਵਾਰਾਂ ਨੇ ਵਿਆਹ ਦੀ ਤਰੀਕ 3 ਨਵੰਬਰ 2026 ਤੈਅ ਕੀਤੀ ਸੀ।
ਮਾਂ ਬਾਜ਼ਾਰ ਤੋਂ ਵਾਪਸ ਆਈ ਤਾਂ ਧੀ ਨੇ ਦੱਸੀ ਗੱਲ
ਸ਼ਿਕਾਇਤ ਮੁਤਾਬਕ 30 ਸਤੰਬਰ ਨੂੰ ਸਵੇਰੇ ਕਰੀਬ 10 ਵਜੇ ਰਾਧਾ ਰਾਣੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਜਦੋਂ ਉਸ ਦੀ ਮਾਂ ਸੁਸ਼ਮਾ ਦੇਵੀ ਬਾਜ਼ਾਰ ਤੋਂ ਘਰ ਵਾਪਸ ਆਈ ਤਾਂ ਰਾਧਾ ਰਾਣੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਜ਼ਹਿਰੀਲੀ ਦਵਾਈ ਖਾ ਲਈ ਹੈ ਤੇ ਉਸ ਨੂੰ ਘਬਰਾਹਟ ਹੋ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਮੁਕੇਰੀਆਂ ਦੇ ਮੈਡੀਸਿਟੀ ਹਸਪਤਾਲ 'ਚ ਦਾਖ਼ਲ ਕਰਵਾਇਆ।
ਹਾਲਤ ਗੰਭੀਰ ਹੋਣ 'ਤੇ ਜਲੰਧਰ ਕੀਤਾ ਰੈਫਰ
ਰਾਧਾ ਰਾਣੀ ਦੀ ਹਾਲਤ ਗੰਭੀਰ ਹੋਣ 'ਤੇ 1 ਅਕਤੂਬਰ ਨੂੰ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦਾ ਹੋਣ ਵਾਲਾ ਪਤੀ ਰਾਜੀਵ ਕੁਮਾਰ ਵੀ ਹਸਪਤਾਲ 'ਚ ਮੌਜੂਦ ਸੀ। ਇਲਾਜ ਦੌਰਾਨ 2 ਅਕਤੂਬਰ ਨੂੰ ਰਾਧਾ ਰਾਣੀ ਦੀ ਮੌਤ ਹੋ ਗਈ। ਧੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।
ਹੋਣ ਵਾਲੇ ਪਤੀ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼
ਪੁਲਿਸ ਜਾਂਚ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਰਾਜੀਵ ਕੁਮਾਰ ਵੱਲੋਂ ਕਥਿਤ ਤੌਰ 'ਤੇ ਰਾਧਾ ਰਾਣੀ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਤਲਵਾੜਾ ਪੁਲਿਸ ਨੇ ਰਾਜੀਵ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।