ਅਮਰੀਕੀ ਜਾਂਚ ਏਜੰਸੀ ਦਾ ਵੱਡਾ ਧਮਾਕਾ: ਪੰਜਾਬ ਦਾ SHO ਗੁਰਿੰਦਰਜੀਤ ਸਿੰਘ ਹੁਣ FBI ਦੀ ਰਾਡਾਰ 'ਤੇ; 37 ਗੈਂਗਸਟਰਾਂ ਨਾਲ ਮਿਲ ਕੇ ਚਲਾ ਰਿਹਾ ਸੀ ਬਲੈਕਮੇਲਿੰਗ ਤੇ ਫ਼ਿਰੌਤੀ ਦਾ ਧੰਦਾ ਅਮਰੀਕਾ ਕਨੇਡਾ ਵਿੱਚ ਭਾਰਤੀ ਮੂਲ ਦੇ ਵਪਾਰੀਆਂ ਕੋਲੋਂ ਡਰਾ ਧਮਕਾ ਕੇ ਫ਼ਿਰੌਤੀਆਂ ਮੰਗਣ ਵਾਲੇ ਗੈਂਗਸਟਰ ਖਿਲਾਫ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਦੀ ਮੁੱਖ ਜਾਂਚ ਏਜੰਸੀ ਐਫਬੀਆਈ ਵਲੋਂ 37 ਗੈਂਗਸਟਰਾ ਸਮੇਤ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਖਿਲਾਫ ਮਾਮਲਾ ਦਰਜ ਕੀਤਾ ਹੈ । ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀ ਮੁੱਖ ਜਾਂਚ ਏਜੰਸੀ ਐਫਬੀਆਈ ਨੇ ਫਿਰੌਤੀ ਮਾਮਲਿਆਂ ਵਿੱਚ ਭਾਰਤ ਦੇ ਸੂਬੇ ਪੰਜਾਬ ਦੀ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਨਾਮਜ਼ਦ ਕੀਤਾ ਹੈ ।
Publish Date: Thu, 09 Jul 2026 04:15 PM (IST)
Updated Date: Thu, 09 Jul 2026 04:16 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ , ਟਾਂਡਾ ਉੜਮੁੜ - ਅਮਰੀਕਾ ਕਨੇਡਾ ਵਿੱਚ ਭਾਰਤੀ ਮੂਲ ਦੇ ਵਪਾਰੀਆਂ ਕੋਲੋਂ ਡਰਾ ਧਮਕਾ ਕੇ ਫ਼ਿਰੌਤੀਆਂ ਮੰਗਣ ਵਾਲੇ ਗੈਂਗਸਟਰ ਖਿਲਾਫ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਦੀ ਮੁੱਖ ਜਾਂਚ ਏਜੰਸੀ ਐਫਬੀਆਈ ਵਲੋਂ 37 ਗੈਂਗਸਟਰਾ ਸਮੇਤ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਖਿਲਾਫ ਮਾਮਲਾ ਦਰਜ ਕੀਤਾ ਹੈ । ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀ ਮੁੱਖ ਜਾਂਚ ਏਜੰਸੀ ਐਫਬੀਆਈ ਨੇ ਫਿਰੌਤੀ ਮਾਮਲਿਆਂ ਵਿੱਚ ਭਾਰਤ ਦੇ ਸੂਬੇ ਪੰਜਾਬ ਦੀ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਨਾਮਜ਼ਦ ਕੀਤਾ ਹੈ। ਉਕਤ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਬਤੌਰ ਐਸਐਚੳ ਟਾਂਡਾ ਸੇਵਾਵਾਂ ਨਿਭਾ ਰਿਹਾ ਹੈ। ਇਸ ਕਾਰਵਾਈ ਤਹਿਤ ਅਮਰੀਕੀ ਐਫਬੀਆਈ ਅਧਿਕਾਰੀਆਂ ਤੇ ਅਮਰੀਕੀ ਵਕੀਲਾਂ ਅਨੁਸਾਰ ਇਸ ਐਸਐਚੳ ਗੁਰਿੰਦਰਜੀਤ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਇੱਕ ਅਪਰਾਧਿਕ ਗਿਰੋਹ ਨਾਲ ਮਿਲ ਕੇ ਲੋਕਾਂ ਨੂੰ ਕਤਲ ਦੇ ਝੂਠੇ ਕੇਸ ਵਿੱਚ ਫਸਾਇਆ ਅਤੇ ਅਪਰਾਧਿਕ ਮੁਕੱਦਮੇਬਾਜ਼ੀ ਦੀ ਧਮਕੀ ਦੇ ਕੇ ਲੱਖਾਂ ਡਾਲਰ ਫਿਰੌਤੀ ਵਜੋਂ ਵਸੂਲੇ ਸਨ। ਇਹ ਕਾਰਵਾਈ 'ਆਪ੍ਰੇਸ਼ਨ ਹਾਰਡ ਬਾਲ' ਦੇ ਤਹਿਤ ਕੀਤੀ ਗਈ ਹੈ, ਜੋ ਕਿ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਚੱਲ ਰਹੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਇੱਕ ਅੰਤਰਰਾਸ਼ਟਰੀ ਜਾਂਚ ਹੈ।
ਦੋਸ਼ ਪੱਤਰ ਵਿੱਚ ਇਸ ਅਧਿਕਾਰੀ ਦੀ ਪਛਾਣ ਗੁਰਿੰਦਰਜੀਤ ਸਿੰਘ ਵਜੋਂ ਸਾਹਮਣੇ ਆਈ ਹੈ । ਅਧਿਕਾਰੀਆਂ ਅਤੇ ਵਕੀਲਾਂ ਮੁਤਾਬਕ ਇਸ ਪੁਲਸ ਅਧਿਕਾਰੀ ਨੇ ਜੱਗੂ ਭਗਵਾਨਪੁਰੀਆ ਦੇ ਸੰਗਠਿਤ ਅਪਰਾਧ ਸਮੂਹ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਭਾਰਤ ਵਿਚ ਪੀੜਤਾਂ ਨੂੰ ਹੱਤਿਆ ਦੇ ਇਕ ਮਾਮਲੇ ਵਿਚ ਝੂਠਾ ਫਸਾਇਆ। ਇਹ ਹੱਤਿਆ ਜਨਵਰੀ 2026 ਵਿਚ ਹੋਈ ਸੀ ਅਤੇ ਇਸ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਅਦਾਲਤੀ ਦਸਤਾਵੇਜ਼ਾਂ ਵਿੱਚ ਸਿਰਫ "ਬੀ.ਐਸ." ਵਜੋਂ ਕੀਤੀ ਗਈ ਹੈ। ਕਤਲ ਕੇਸ ਵਿੱਚ ਫਸਾਏ ਗਏ ਬੇਗੁਨਾਹ ਲੋਕਾਂ ਤੋਂ ਕੇਸ ਵਿੱਚੋਂ ਨਾਮ ਕਢਵਾਉਣ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ। ਲਾਸ ਏਂਜਲਸ ਵਿੱਚ ਚਾਰਜਿਜ਼ ਦਾ ਐਲਾਨ ਕਰਦਿਆਂ ਅਮਰੀਕੀ ਅਟਾਰਨੀ ਬਿਲਾਲ ਏ. ਐਸਾਯਲੀ ਨੇ ਦੱਸਿਆ ਕਿ ਇਹ ਗੈਂਗ ਭਾਰਤ ਵਿੱਚ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਦੁਸ਼ਮਣਾਂ 'ਤੇ ਝੂਠੇ ਇਲਜ਼ਾਮ ਲਗਾਉਂਦਾ ਸੀ। ਦੋਸ਼ ਮੁਤਾਬਕ ਗੁਰਿੰਦਰਜੀਤ ਸਿੰਘ ਨੇ ਲਾਸ ਏਂਜਲਸ ਵਿੱਚ ਰਹਿ ਰਹੇ ਪੀੜਤਾਂ ਨੂੰ ਭਾਰਤ ਵਿੱਚ ਕਤਲ ਦਾ ਝੂਠਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ। ਗੈਂਗ ਦੇ ਇੱਕ ਮੈਂਬਰ ਗੁਰਲਾਲ ਸਿੰਘ ਨੇ ਕਥਿਤ ਤੌਰ 'ਤੇ ਪੀੜਤਾਂ ਦੀ ਜਾਣਕਾਰੀ ਅਧਿਕਾਰੀ ਨੂੰ ਦਿੱਤੀ ਤਾਂ ਜੋ ਉਨ੍ਹਾਂ ਨੂੰ ਫਸਾਇਆ ਜਾ ਸਕੇ।
ਇਸ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਇਹ ਹੋਇਆ ਹੈ ਕਿ 24 ਮਈ, 2026 ਨੂੰ ਗੁਰਿੰਦਰਜੀਤ ਸਿੰਘ ਨੇ ਪੰਜਾਬ ਦੇ ਥਾਣਾ ਟਾਂਡਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਸ ਨੇ ਜਨਤਕ ਤੌਰ 'ਤੇ ਪੀੜਤ ਪਰਿਵਾਰ 'ਤੇ ਕਤਲ ਦੀ ਸੁਪਾਰੀ ਦੇਣ ਦਾ ਦੋਸ਼ ਲਗਾਇਆ। ਅਗਲੇ ਹੀ ਦਿਨ ਉਸ ਨੇ ਕਥਿਤ ਤੌਰ 'ਤੇ ਪੀੜਤ ਦੇ ਪਿਤਾ ਨੂੰ ਕਿਹਾ ਕਿ ਗੁਰਲਾਲ ਉਸ ਦੇ ਨਾਲ ਹੈ ਅਤੇ ਜੇਕਰ ਪੈਸੇ ਦਿੱਤੇ ਜਾਣ ਤਾਂ ਪਰਿਵਾਰਕ ਮੈਂਬਰਾਂ ਦੇ ਨਾਮ ਕੇਸ ਵਿੱਚੋਂ ਕੱਢੇ ਜਾ ਸਕਦੇ ਹਨ। ਅਮਰੀਕੀ ਵਕੀਲਾਂ ਅਨੁਸਾਰ ਭਗਵਾਨਪੁਰੀਆ ਗੈਂਗ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਫੈਲਾ ਕੇ ਅਤੇ ਝੂਠੇ ਕੇਸਾਂ ਦੀ ਵਰਤੋਂ ਕਰਕੇ ਫਿਰੌਤੀ ਵਸੂਲਦਾ ਹੈ। ਇਹ ਗੈਂਗ ਨਸ਼ਾ ਤਸਕਰੀ ਅਤੇ ਹਥਿਆਰਾਂ ਦੇ ਨਾਜਾਇਜ਼ ਕਾਰੋਬਾਰ ਵਿੱਚ ਵੀ ਸ਼ਾਮਲ ਹੈ। ਗੁਰਿੰਦਰਜੀਤ ਸਿੰਘ ਵਿਰੁੱਧ ਲੱਗੇ ਇਹ ਦੋਸ਼ 37 ਮੁਲਜ਼ਮਾਂ ਵਿਰੁੱਧ ਚੱਲ ਰਹੇ ਉਸ ਵੱਡੇ ਮਾਮਲੇ ਦਾ ਹਿੱਸਾ ਹਨ ਜੋ ਕਈ ਦੇਸ਼ਾਂ ਵਿੱਚ ਫੈਲੇ ਤਿੰਨ ਅੰਤਰਰਾਸ਼ਟਰੀ ਅਪਰਾਧਿਕ ਸਮੂਹਾਂ ਨਾਲ ਜੁੜੇ ਹੋਏ ਹਨ। ਫਿਲਹਾਲ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਸਖਤ ਨਿਰਦੇਸ਼ਾਂ ਅਨੁਸਾਰ ਡੀਆਈਜੀ ਜਲੰਧਰ ਨਵੀਨ ਸਿੰਗਲਾ ਨੇ ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲਾਇਨ ਹਾਜ਼ਰ ਕਰਕੇ ਉਸਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸਦੀ ਇਨਕੁਆਰੀ ਐਸਪੀ ਡੀ ਜਲੰਧਰ ਕਰਨਗੇ ।
ਜ਼ਿਕਰਯੋਗ ਹੈ ਕਿ 15 ਜਨਵਰੀ 2026 ਨੂੰ ਤਿੰਨ ਗੈਂਗਸਟਰਾਂ ਨੇ ਹਲਕਾ ਉੜਮੁੜ ਟਾਂਡਾ ਦੇ ਅਧੀਨ ਪੈਂਦੇ ਕਸਬਾ ਮਿਆਣੀ ਵਿਖੇ ਇੱਕ ਦੁਕਾਨਦਾਰ ਬਲਵਿੰਦਰ ਸਿੰਘ ਸਤਿਕਰਤਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਬਾਅਦ ਵਿੱਚ ਇੱਕ ਗੈਂਗਸਟਰ ਗੁਰਲਾਲ ਤੇ ਗੁਰਦੇਵ ਜੱਸਲ ਨੇ ਇਸ ਕਤਲ ਦੀ ਫੇਸਬੁੱਕ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਸੀ। ਇਸ ਕਤਲਕਾਂਡ ਤੋਂ ਬਾਅਦ 24 ਮਈ 2026 ਨੂੰ ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਇਸ ਕਤਲਕਾਂਡ ਵਿਚ ਲੋੜੀਂਦੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਬਲਵਿੰਦਰ ਸਿੰਘ ਸਤਿਕਰਤਾਰ ਦੇ ਕਤਲ ਦੀ ਸੁਪਾਰੀ ਉਕਤ ਗੈਂਗਸਟਰਾ ਨੂੰ ਉਸਦੇ ਕੁੜਮ ਚਰਨਜੀਤ ਸਿੰਘ ਉਰਫ ਚੰਨੀ, ਨੂੰਹ ਦੇ ਭਰਾ ਗੁਰਪ੍ਰੀਤ ਸਿੰਘ ਤੇ ਨੂੰਹ ਨੇ ਦਿੱਤੀ ਸੀ ।