- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਮਟਰ ਦੀ ਆਮਦ ਘੱਟ ਰਹਿਣ ਦੇ ਆਸਾਰ ਹਨ। ਕਿਸਾਨਾਂ ਨੂੰ ਫ਼ਸਲ ਦਾ ਲਾਹੇਵੰਦ ਭਾਅ ਨਾ ਮਿਲਣ ਕਾਰਨ ਕਈ ਕਿਸਾਨਾਂ ਵੱਲੋਂ ਇਸ ਵਾਰ ਮਟਰ ਦੀ ਕਾਸ਼ਤ ਘਟਾਉਣ ਦੀ ਸੰਭਾਵਨਾ ਹੈ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਏਸ਼ੀਆ ਦੀ ਸਭ ਤੋਂ ਵੱਡੀ ਮਟਰ ਮੰਡੀ ਵਜੋਂ ਜਾਣੀ ਜਾਂਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਚੱਬੇਵਾਲ ਮੰਡੀ ਵਿੱਚ ਨਵੇਂ ਸੀਜ਼ਨ ਦੀ ਆਮਦ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਮਟਰ ਦੀ ਆਮਦ ਘੱਟ ਰਹਿਣ ਦੇ ਆਸਾਰ ਹਨ। ਕਿਸਾਨਾਂ ਨੂੰ ਫ਼ਸਲ ਦਾ ਲਾਹੇਵੰਦ ਭਾਅ ਨਾ ਮਿਲਣ ਕਾਰਨ ਕਈ ਕਿਸਾਨਾਂ ਵੱਲੋਂ ਇਸ ਵਾਰ ਮਟਰ ਦੀ ਕਾਸ਼ਤ ਘਟਾਉਣ ਦੀ ਸੰਭਾਵਨਾ ਹੈ।
ਮੰਡੀ ਤੇ ਬਾਜ਼ਾਰ ਦੇ ਭਾਅ ’ਚ ਵੱਡਾ ਫ਼ਰਕ
ਮੰਡੀ ਵਿੱਚ ਮਟਰ ਦੀ ਖਰੀਦੋ-ਫਰੋਖ਼ਤ ਸ਼ੁਰੂ ਹੋ ਚੁੱਕੀ ਹੈ। ਇੱਥੇ ਕਿਸਾਨਾਂ ਨੂੰ ਮਟਰ ਦਾ ਭਾਅ ਲਗਭਗ 35 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ, ਜਦਕਿ ਪ੍ਰਚੂਨ ਬਾਜ਼ਾਰ ਵਿੱਚ ਇਹੀ ਮਟਰ 80 ਤੋਂ 100 ਰੁਪਏ ਕਿਲੋ ਤੱਕ ਵਿਕ ਰਿਹਾ ਹੈ। ਭਾਅ ਦੇ ਇਸ ਵੱਡੇ ਫ਼ਰਕ ਕਾਰਨ ਕਿਸਾਨਾਂ ਨੂੰ ਫ਼ਸਲ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ ਅਤੇ ਖਪਤਕਾਰਾਂ ਨੂੰ ਮਹਿੰਗੀ ਸਬਜ਼ੀ ਖਰੀਦਣੀ ਪੈ ਰਹੀ ਹੈ।
ਚੱਬੇਵਾਲ ਦਾ ਮਟਰ ਆਪਣੇ ਵਿਲੱਖਣ ਸਵਾਦ ਅਤੇ ਗੁਣਵੱਤਾ ਕਾਰਨ ਦੇਸ਼-ਵਿਦੇਸ਼ ਵਿੱਚ ਪਛਾਣ ਰੱਖਦਾ ਹੈ। ਇੱਥੋਂ ਮਟਰ ਦੇਸ਼ ਦੀਆਂ ਪ੍ਰਮੁੱਖ ਸਬਜ਼ੀ ਮੰਡੀਆਂ ਵਿੱਚ ਭੇਜਿਆ ਜਾਂਦਾ ਹੈ ਅਤੇ ਦੂਰ-ਦੁਰਾਡੇ ਤੋਂ ਵਪਾਰੀ ਖਰੀਦ ਲਈ ਪਹੁੰਚਦੇ ਹਨ।
ਰੋਜ਼ਾਨਾ 1400 ਤੋਂ 1500 ਬੋਰੀਆਂ ਦੀ ਆਮਦ
ਆੜ੍ਹਤੀਆਂ ਅਨੁਸਾਰ 35 ਕਿਲੋ ਵਜ਼ਨ ਵਾਲੀਆਂ ਲਗਪਗ 1400 ਤੋਂ 1500 ਬੋਰੀਆਂ ਮੰਡੀ ਵਿੱਚ ਪਹੁੰਚਦੀਆਂ ਹਨ। ਹਾਲਾਂਕਿ ਮੰਡੀ ਫ਼ੀਸ ਤੋਂ ਬਚਣ ਲਈ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਣੇ ਡੰਪਾਂ ’ਤੇ ਵੀ ਮਟਰ ਦੀ ਖਰੀਦ ਹੁੰਦੀ ਹੈ, ਜਿਸ ਦਾ ਰਿਕਾਰਡ ਸਰਕਾਰੀ ਅੰਕੜਿਆਂ ਵਿੱਚ ਦਰਜ ਨਹੀਂ ਹੁੰਦਾ।
ਕਿਸਾਨਾਂ ਮੁਤਾਬਕ ਮਟਰ ਦੀ ਕਾਸ਼ਤ ’ਤੇ ਬੀਜ, ਖਾਦ, ਦਵਾਈਆਂ, ਸਿੰਜਾਈ ਅਤੇ ਮਜ਼ਦੂਰੀ ਦਾ ਕਾਫ਼ੀ ਖਰਚ ਆਉਂਦਾ ਹੈ। ਫ਼ਸਲ ਦੀ ਤੁੜਾਈ ਵੀ ਮਿਹਨਤ ਵਾਲਾ ਕੰਮ ਹੈ। ਇਸ ਦੇ ਬਾਵਜੂਦ ਘੱਟ ਭਾਅ ਮਿਲਣ ਕਾਰਨ ਖੇਤੀ ਲਾਹੇਵੰਦ ਨਹੀਂ ਰਹਿੰਦੀ। ਇਸ ਲਈ ਕਈ ਕਿਸਾਨ ਅਗਲੇ ਸੀਜ਼ਨ ਵਿੱਚ ਮਟਰ ਦੀ ਕਾਸ਼ਤ ਤੋਂ ਪਿੱਛੇ ਹਟ ਸਕਦੇ ਹਨ। ਸੀਜ਼ਨ ਅਜੇ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਆਮਦ ਵਧਣ ਨਾਲ ਭਾਅ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।