ਹੁਸ਼ਿਆਰਪੁਰ 'ਚ ਕਹਿਰ ਬਣ ਕੇ ਆਇਆ ਤੇਜ਼ ਰਫ਼ਤਾਰ ਟਰੈਕਟਰ, ਢਾਬੇ 'ਚ ਵੜ ਕੇ ਦੋ ਵਿਅਕਤੀਆਂ ਨੂੰ ਕੁਚਲਿਆ, ਮੌਕੇ 'ਤੇ ਮੌਤ
ਮ੍ਰਿਤਕਾਂ ਦੀ ਪਛਾਣ ਕਮਲ ਕੁਮਾਰ (35) ਪੁੱਤਰ ਜੋਗਿੰਦਰ ਸਿੰਘ ਵਾਸੀ ਬਡਗਾਮ ਸ਼ਾਹ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਰਣਜੀਤ ਸਿੰਘ (24) ਪੁੱਤਰ ਰਾਮ ਸਾਹਨੀ ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਨੇੜੇ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਘਟਨਾ ਵੇਲੇ ਢਾਬੇ 'ਤੇ ਰੋਟੀ ਖਾਣ ਗਿਆ ਸੀ।
Publish Date: Thu, 19 Feb 2026 04:35 PM (IST)
Updated Date: Thu, 19 Feb 2026 04:39 PM (IST)
ਕਮਲ, ਪੰਜਾਬੀ ਜਾਗਰਣ, ਗੁਰਆਣਾ। ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ 'ਤੇ ਬੁੱਧਵਾਰ ਦੇਰ ਸ਼ਾਮ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਕਹਿਰ ਮਚਾ ਦਿੱਤਾ। ਵੁਡਲੈਂਡ ਓਵਰਸੀਜ਼ ਸਕੂਲ ਨੇੜੇ ਸਥਿਤ ਰਾਣਾ ਹਿਮਾਚਲੀ ਢਾਬੇ ਵਿੱਚ ਟਰੈਕਟਰ ਵੜ ਜਾਣ ਕਾਰਨ ਢਾਬਾ ਸੰਚਾਲਕ ਅਤੇ ਇੱਕ ਗਾਹਕ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸੈਫੂ ਨਾਮਕ ਚਾਲਕ ਪੱਠਿਆਂ ਨਾਲ ਲੱਦੀ ਟਰੈਕਟਰ-ਟਰਾਲੀ ਲੈ ਕੇ ਦਸੂਹਾ ਸਾਈਡ ਤੋਂ ਹੁਸ਼ਿਆਰਪੁਰ ਵੱਲ ਆ ਰਿਹਾ ਸੀ। ਤੇਜ਼ ਰਫ਼ਤਾਰ ਹੋਣ ਕਾਰਨ ਸਕੂਲ ਨੇੜੇ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਕਿਨਾਰੇ ਸਥਿਤ ਰਾਣਾ ਹਿਮਾਚਲੀ ਢਾਬੇ ਵਿੱਚ ਜਾ ਵੜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਢਾਬੇ ਵਿੱਚ ਮੌਜੂਦ ਦੋਵੇਂ ਵਿਅਕਤੀਆਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ।
ਮ੍ਰਿਤਕਾਂ ਦੀ ਪਛਾਣ ਕਮਲ ਕੁਮਾਰ (35) ਪੁੱਤਰ ਜੋਗਿੰਦਰ ਸਿੰਘ ਵਾਸੀ ਬਡਗਾਮ ਸ਼ਾਹ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਰਣਜੀਤ ਸਿੰਘ (24) ਪੁੱਤਰ ਰਾਮ ਸਾਹਨੀ ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਨੇੜੇ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਘਟਨਾ ਵੇਲੇ ਢਾਬੇ 'ਤੇ ਰੋਟੀ ਖਾਣ ਗਿਆ ਸੀ।
ਪੁਲਿਸ ਕਾਰਵਾਈ ਤੇ ਜਨਤਕ ਰੋਸ:
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟਰੈਕਟਰ-ਟਰਾਲੀ ਅਤੇ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਵਿਰੁੱਧ ਰੋਸ ਜਤਾਉਂਦਿਆਂ ਕਿਹਾ ਕਿ ਇਸ ਰੋਡ 'ਤੇ ਲੱਕੜ ਦੀਆਂ ਮੰਡੀਆਂ ਕਾਰਨ ਓਵਰਲੋਡ ਟਰੈਕਟਰਾਂ ਦੀ ਭਰਮਾਰ ਰਹਿੰਦੀ ਹੈ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਵਾਹਨਾਂ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।