- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਾਣਜੀ ਨੇ ਇਹ ਸਾਰੀਆਂ ਚੋਰੀਆਂ ਉਸ ਨੇ ਬਿਊਟੀ ਪਾਰਲਰ ਵਾਲੀ ਅਮਨਦੀਪ ਕੌਰ ਦੇ ਉਕਸਾਉਣ ’ਤੇ ਕੀਤੀਆਂ ਸਨ ਅਤੇ ਚੋਰੀ ਕੀਤਾ ਹੋਇਆ ਸਾਰਾ ਸੋਨਾ ਕੁੱਲ 17 ਤੋਲੇ ਉਸ ਨੇ ਅਮਨਦੀਪ ਕੌਰ ਨੂੰ ਦਿੱਤਾ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਆਉਂਦੇ ਥਾਣਾ ਮੱਲਾਂਵਾਲਾ ਵਿਖੇ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਆਪਣੀ ਸਹੇਲੀ ਦੇ ਬਹਿਕਾਵੇ 'ਚ ਆ ਕੇ ਆਪਣੇ ਹੀ ਰਿਸ਼ਤੇਦਾਰਾਂ ਦੇ ਘਰੋਂ ਭਾਰੀ ਮਾਤਰਾ 'ਚ ਸੋਨਾ ਚੋਰੀ ਕਰ ਕੇ ਦੁਬਈ ਫਰਾਰ ਹੋ ਗਈ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ ਦੋ ਲੜਕੀਆਂ ਖਿਲਾਫ 305, 61 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਘੱਲਖੁਰਦ ਨੇ ਦੱਸਿਆ ਕਿ ਬੀਤੀ 28 ਜਨਵਰੀ 2026 ਨੂੰ ਉਸ ਦੀ ਭਾਣਜੀ ਏਕਮਜੋਤ ਕੌਰ ਉਨ੍ਹਾਂ ਦੇ ਘਰ ਆਪਣੀ ਨਾਨੀ ਦਾ ਹਾਲ-ਚਾਲ ਪੁੱਛਣ ਲਈ ਆਈ ਸੀ। ਇਸ ਤੋਂ ਬਾਅਦ 11 ਫਰਵਰੀ 2026 ਨੂੰ ਏਕਮਜੋਤ ਕੌਰ ਆਪਣੀ ਮਾਤਾ ਜਸਪਾਲ ਕੌਰ ਨਾਲ ਜ਼ੀਰਾ ਵਿਖੇ ਸਥਿਤ ‘ਰੋਜ ਗ੍ਰੇਸ ਸਲੂਨ’ ਵਿਖੇ ਗਈ। ਇਹ ਸਲੂਨ ਅਮਨਦੀਪ ਕੌਰ ਪਤਨੀ ਸੁਖਚੈਨ ਸਿੰਘ ਵਾਸੀ ਵਕੀਲਾਂ ਵਾਲਾ, ਜ਼ੀਰਾ ਵੱਲੋਂ ਚਲਾਇਆ ਜਾਂਦਾ ਹੈ। ਸਲੂਨ ਵਿਚ ਏਕਮਜੋਤ ਨੇ ਆਪਣੀ ਮਾਤਾ ਨੂੰ ਚੁੰਨੀਆਂ ਰੰਗਵਾਉਣ ਲਈ ਬਾਜ਼ਾਰ ਭੇਜ ਦਿੱਤਾ। ਜਦੋਂ ਉਸ ਦੀ ਮਾਤਾ ਚੁੰਨੀਆਂ ਰੰਗਵਾ ਕੇ ਵਾਪਸ ਪਾਰਲਰ ਆਈ ਤਾਂ ਏਕਮਜੋਤ ਕੌਰ ਉੱਥੋਂ ਗਾਇਬ ਸੀ। ਜਦੋਂ ਪਰਿਵਾਰ ਨੇ ਪਾਰਲਰ ਮਾਲਕਣ ਅਮਨਦੀਪ ਕੌਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਤਕਰੀਬਨ 3 ਵਜੇ ਏਕਮਜੋਤ ਕੌਰ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਹ ਇਸ ਵੇਲੇ ਅੰਮ੍ਰਿਤਸਰ ਏਅਰਪੋਰਟ ’ਤੇ ਹੈ ਤੇ ਦੁਬਈ ਜਾ ਰਹੀ ਹੈ। ਏਕਮਜੋਤ ਨੇ ਦੱਸਿਆ ਕਿ ਉਸ ਨੇ ਆਪਣੀ ਦੋਸਤ ਅਮਨਦੀਪ ਕੌਰ ਦੇ ਕਹਿਣ ’ਤੇ ਨਾਨਕੇ ਘਰੋਂ 8 ਤੋਲੇ ਸੋਨਾ ਚੋਰੀ ਕੀਤਾ ਸੀ, ਜਿਸ ਦਿਨ ਉਹ ਆਪਣੀ ਨਾਨੀ ਦਾ ਪਤਾ ਲੈਣ ਆਈ ਸੀ। ਇਸ ਤੋਂ ਇਲਾਵਾ ਉਸ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੂਰਪੁਰ ਵਿਖੇ ਗੁਰਮੀਤ ਕੌਰ ਪਤਨੀ ਮਨਜੀਤ ਸਿੰਘ ਦੇ ਘਰੋਂ ਵੀ 9 ਤੋਲੇ ਸੋਨਾ ਚੋਰੀ ਕੀਤਾ ਹੈ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਾਣਜੀ ਨੇ ਇਹ ਸਾਰੀਆਂ ਚੋਰੀਆਂ ਉਸ ਨੇ ਬਿਊਟੀ ਪਾਰਲਰ ਵਾਲੀ ਅਮਨਦੀਪ ਕੌਰ ਦੇ ਉਕਸਾਉਣ ’ਤੇ ਕੀਤੀਆਂ ਸਨ ਅਤੇ ਚੋਰੀ ਕੀਤਾ ਹੋਇਆ ਸਾਰਾ ਸੋਨਾ ਕੁੱਲ 17 ਤੋਲੇ ਉਸ ਨੇ ਅਮਨਦੀਪ ਕੌਰ ਨੂੰ ਦਿੱਤਾ ਹੈ। ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਲੜਕੀ ਏਕਮਜੋਤ ਕੌਰ ਪੁੱਤਰੀ ਸੁਲੱਖਣ ਸਿੰਘ, ਵਾਸੀ ਹੌਲਾ ਵਾਲੀ ਅਤੇ ਪਾਰਲਰ ਸੰਚਾਲਕ ਅਮਨਦੀਪ ਕੌਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।