- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Punjab Congress 'ਚ ਇਹ ਵਿਵਾਦ ਤਿੰਨ ਜੁਲਾਈ ਨੂੰ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਇਆ ਜਦੋਂ ਮੋਰਿੰਡਾ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਵੱਡੀ ਗਿਣਤੀ 'ਚ ਵਿਧਾਇਕ, ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਇਕੱਠੇ ਹੋਏ। ਮੀਟਿੰਗ ਤੋਂ ਬਾਅਦ ਚੰਨੀ ਸਮਰਥਕਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੀ ਮੰਗ ਖੁੱਲ੍ਹ ਕੇ ਚੁੱਕੀ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਕਾਂਗਰਸ 'ਚ ਸੂਬਾ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਇਕ ਨਵੇਂ ਸਿਆਸੀ ਮੋੜ 'ਤੇ ਪਹੁੰਚ ਗਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੀਡਰਸ਼ਿਪ ਬਦਲਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹੁਣ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਖੁੱਲ੍ਹ ਕੇ ਸਾਹਮਣੇ ਆਉਣ ਨਾਲ ਪਾਰਟੀ ਅੰਦਰ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਗਏ ਹਨ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਮੁਸਤਫਾ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਕਾਂਗਰਸ ਨੂੰ ਨਵੀਂ ਲੀਡਰਸ਼ਿਪ ਦੇਣ ਦਾ ਸਮਾਂ ਆ ਗਿਆ ਹੈ। ਇਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਹੁਣ ਤਕ ਦੂਰੀ ਬਣਾ ਕੇ ਰੱਖਣ ਵਾਲਾ ਸਿੱਧੂ ਖੇਮਾ ਵੀ ਲੀਡਰਸ਼ਿਪ ਦੀ ਲੜਾਈ ਲਈ ਸਰਗਰਮ ਹੋ ਗਿਆ ਹੈ।
ਪੰਜਾਬ ਕਾਂਗਰਸ 'ਚ ਇਹ ਵਿਵਾਦ ਤਿੰਨ ਜੁਲਾਈ ਨੂੰ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਇਆ ਜਦੋਂ ਮੋਰਿੰਡਾ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਵੱਡੀ ਗਿਣਤੀ 'ਚ ਵਿਧਾਇਕ, ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਇਕੱਠੇ ਹੋਏ। ਮੀਟਿੰਗ ਤੋਂ ਬਾਅਦ ਚੰਨੀ ਸਮਰਥਕਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੀ ਮੰਗ ਖੁੱਲ੍ਹ ਕੇ ਚੁੱਕੀ। ਉਨ੍ਹਾਂ ਕਿਹਾ ਕਿ ਮੌਜੂਦਾ ਅਗਵਾਈ ਹੇਠ ਪਾਰਟੀ ਵਿਧਾਨ ਸਭਾ ਚੋਣਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਤਿਆਰੀ ਨਹੀਂ ਕਰ ਪਾ ਰਹੀ ਹੈ ਤੇ ਜਥੇਬੰਦੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ।
ਚੰਨੀ ਖੇਮੇ ਦੀ ਸਰਗਰਮੀ ਤੋਂ ਬਾਅਦ ਸਿਆਸੀ ਹਲਕਿਆਂ 'ਚ ਇਹ ਚਰਚਾ ਤੇਜ਼ ਹੋਈ ਕਿ ਕਾਂਗਰਸ ਹਾਈਕਮਾਂਡ ਨੇ ਲੀਡਰਸ਼ਿਪ ਬਦਲਣ ਦਾ ਖਾਕਾ ਲਗਪਗ ਤਿਆਰ ਕਰ ਲਿਆ ਸੀ। ਸੂਤਰਾਂ ਅਨੁਸਾਰ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਨੂੰ ਸੂਬਾ ਕਾਂਗਰਸ ਪ੍ਰਧਾਨ ਤੇ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਉਣ 'ਤੇ ਸਹਿਮਤੀ ਬਣ ਗਈ ਸੀ। ਦੱਸਿਆ ਜਾਂਦਾ ਹੈ ਕਿ ਇਸ ਫਾਰਮੂਲੇ 'ਤੇ ਆਖਰੀ ਪੱਧਰ ਤਕ ਵਿਚਾਰ-ਵਟਾਂਦਰਾ ਕੀਤਾ ਗਿਆ, ਪਰ ਆਖਰੀ ਸਮੇਂ 'ਤੇ ਫੈਸਲਾ ਟਾਲ ਦਿੱਤਾ ਗਿਆ। ਇਸ ਤੋਂ ਬਾਅਦ ਸੂਬੇ ਦੀ ਸਿਆਸਤ 'ਚ ਨਵੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਕਿ ਹਾਈਕਮਾਂਡ ਆਖਿਰੀ ਸਮੇਂ ਪਿੱਛੇ ਕਿਉਂ ਪਿੱਛੇ ਹਟ ਗਈ।
ਦੂਜੇ ਪਾਸੇ, ਲੀਡਰਸ਼ਿਪ ਬਦਲਣ ਦੀਆਂ ਚਰਚਾਵਾਂ ਦਰਮਿਆਨ ਰਾਜਾ ਵੜਿੰਗ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਉਨ੍ਹਾਂ ਸੀਨੀਅਰ ਆਗੂਆਂ ਤੇ ਸਾਬਕਾ ਵਿਧਾਇਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ। ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਰਾਣਾ ਕੇਪੀ ਸਿੰਘ ਸਮੇਤ ਕਈ ਆਗੂਆਂ ਨੂੰ ਮਿਲ ਕੇ ਉਨ੍ਹਾਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਜਥੇਬੰਦੀ ਦਾ ਵੱਡਾ ਵਰਗ ਅੱਜ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਨ੍ਹਾਂ ਮੀਟਿੰਗਾਂ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਸਿਆਸੀ ਹਲਕਿਆਂ ਵਿਚ ਤਾਕਤ ਦੇ ਪ੍ਰਦਰਸ਼ਨ ਵਜੋਂ ਦੇਖਿਆ ਗਿਆ। ਇਸ ਦੌਰਾਨ ਮੁਹੰਮਦ ਮੁਸਤਫਾ ਦੀ ਚਿੱਠੀ ਨੇ ਪੂਰੀ ਘਟਨਾ ਨੂੰ ਨਵਾਂ ਮੋੜ ਦੇ ਦਿੱਤਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਕਿਹਾ ਕਿ ਪੰਜਾਬ ਕਾਂਗਰਸ ਪਿਛਲੇ ਛੇ ਮਹੀਨਿਆਂ ਤੋਂ ਸਿਆਸੀ ਭੰਬਲਭੂਸੇ ਦਾ ਸ਼ਿਕਾਰ ਹੈ। ਸੰਗਠਨ ਦੀ ਫੈਸਲਾ ਲੈਣ ਦੀ ਸਮਰੱਥਾ ਕਮਜ਼ੋਰ ਹੋ ਗਈ ਹੈ ਅਤੇ ਇਸ ਦਾ ਸਿੱਧਾ ਅਸਰ ਪਾਰਟੀ ਦੀ ਭਰੋਸੇਯੋਗਤਾ 'ਤੇ ਪਿਆ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਨੂੰ ਹੁਣ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਵਰਕਰਾਂ ਦਾ ਭਰੋਸਾ ਜਿੱਤ ਸਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਪ੍ਰਭਾਵਸ਼ਾਲੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਸਕੇ।
ਮੁਸਤਫਾ ਨੇ ਆਪਣੇ ਪੱਤਰ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਵੀ ਸਿੱਧਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਵੜਿੰਗ ਆਪਣੀ ਕਾਰਜਸ਼ੈਲੀ, ਬਹੁਤ ਜ਼ਿਆਦਾ ਖਾਹਸ਼ਾਂ ਤੇ ਸਲਾਹਕਾਰਾਂ ਕਾਰਨ ਸੂਬਾਈ ਲੀਡਰਸ਼ਿਪ ਦੇ ਵੱਡੇ ਹਿੱਸੇ ਦਾ ਭਰੋਸਾ ਗੁਆ ਚੁੱਕੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਵੜਿੰਗ ਪਾਰਟੀ ਦੇ ਹਿੱਤ ਨੂੰ ਸਭ ਤੋਂ ਉੱਪਰ ਸਮਝਦੇ ਹਨ ਤਾਂ ਉਨ੍ਹਾਂ ਨੂੰ ਖੁਦ ਅਹੁਦਾ ਛੱਡ ਦੇਣਾ ਚਾਹੀਦਾ ਹੈ ਤੇ ਅਗਲੇ ਫੈਸਲੇ ਹਾਈਕਮਾਂਡ 'ਤੇ ਛੱਡਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਨਵਾਂ ਸੂਬਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਉਸ ਦੀ ਚੋਣ ਕਿਸੇ ਧੜੇ ਨੂੰ ਸੰਤੁਸ਼ਟ ਕਰਨ ਦੀ ਬਜਾਏ ਯੋਗਤਾ ਦੇ ਆਧਾਰ ’ਤੇ ਹੀ ਕੀਤੀ ਜਾਵੇ। ਲੰਬੇ ਸਮੇਂ ਤੋਂ ਸਿੱਧੂ ਦੇ ਸਿਆਸੀ ਸਹਿਯੋਗੀ ਰਹੇ ਮੁਸਤਫਾ ਦਾ ਖੁੱਲ੍ਹ ਕੇ ਸਾਹਮਣੇ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਸਿੱਧੂ ਖੇਮਾ ਹੁਣ ਲੀਡਰਸ਼ਿਪ ਬਦਲਣ ਦੇ ਹੱਕ 'ਚ ਖੁੱਲ੍ਹ ਕੇ ਸਰਗਰਮ ਹੋ ਚੁੱਕਾ ਹੈ। ਇਸ ਨਾਲ ਕਾਂਗਰਸ ਦੇ ਅੰਦਰ ਵੜਿੰਗ, ਚੰਨੀ ਤੇ ਸਿੱਧੂ ਸਮਰਥਕ ਆਗੂਆਂ ਵਿਚਾਲੇ ਕਾਂਗਰਸ ਅੰਦਰ ਨਵੇਂ ਸਿਆਸੀ ਸਮੀਕਰਨ ਬਣਨ ਦੀ ਸੰਭਾਵਨਾ ਵਧ ਗਈ ਹੈ।
ਫਿਲਹਾਲ ਕਾਂਗਰਸ ਹਾਈਕਮਾਂਡ ਨੇ ਜਨਤਕ ਤੌਰ 'ਤੇ ਕੋਈ ਸੰਕੇਤ ਨਹੀਂ ਦਿੱਤਾ ਹੈ ਪਰ ਲਗਾਤਾਰ ਵਧਦੇ ਦਬਾਅ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਵਾਦ ਹੁਣ ਸਿਰਫ਼ ਸੂਬੇ ਤਕ ਸੀਮਤ ਨਹੀਂ ਰਹਿ ਗਿਆ। ਆਉਣ ਵਾਲੇ ਦਿਨਾਂ 'ਚ ਰਾਹੁਲ ਗਾਂਧੀ ਅਤੇ ਕੇਂਦਰੀ ਲੀਡਰਸ਼ਿਪ ਹੀ ਤੈਅ ਕਰੇਗੀ ਕਿ ਕੀ ਪੰਜਾਬ ਕਾਂਗਰਸ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਨੂੰ ਲੈ ਕੇ ਅੱਗੇ ਵਧੇਗੀ ਜਾਂ ਸੰਗਠਨ 'ਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ।