- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਮੁਤਾਬਕ ਮੰਗਲਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਹੋਈ ਬੈਠਕ ’ਚ ਕਾਂਗਰਸ ਦੇ ਆਗੂਆਂ ਨੇ ਲੀਡਰਸ਼ਿਪ ’ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਾ ਕਰਨ ਦੀ ਦਲੀਲ ਦਿੱਤੀ ਹੈ। ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ, ਜੇਕਰ ਹੁਣ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਇਸਦਾ ਹੋਰਨਾਂ ਸੂਬਿਆਂ ’ਤੇ ਵੀ ਮਾੜਾ ਪ੍ਰਭਾਵ ਪਵੇਗਾ। ਸੂਤਰਾਂ ਮੁਤਾਬਕ ਇਸ ਤੋਂ ਬਾਅਦ ਹਾਈਕਮਾਨ ਨੇ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਸੇ ਵੀ ਹਾਲਤ ’ਚ ਬਦਲਿਆ ਨਹੀਂ ਜਾਵੇਗਾ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ ਸਮੇਤ ਦਰਜਨਾਂ ਪਾਰਟੀ ਆਗੂ ਕਾਂਗਰਸ ਦੇ ਜਥੇਬੰਦਰ ਢਾਂਚੇ ’ਚ ਨਵੀਆਂ ਨਿਯੁਕਤੀਆਂ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ’ਚ ਖੜ੍ਹੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਬਾਵਜੂਦ ਕਾਂਗਰਸ ਹਾਈਕਮਾਨ ਕਿਸੇ ਬਦਲਾਅ ਦੇ ਮੂਡ ’ਚ ਨਹੀਂ। ਸੂਤਰਾਂ ਮੁਤਾਬਕ ਮੰਗਲਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਹੋਈ ਬੈਠਕ ’ਚ ਕਾਂਗਰਸ ਦੇ ਆਗੂਆਂ ਨੇ ਲੀਡਰਸ਼ਿਪ ’ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਾ ਕਰਨ ਦੀ ਦਲੀਲ ਦਿੱਤੀ ਹੈ। ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ, ਜੇਕਰ ਹੁਣ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਇਸਦਾ ਹੋਰਨਾਂ ਸੂਬਿਆਂ ’ਤੇ ਵੀ ਮਾੜਾ ਪ੍ਰਭਾਵ ਪਵੇਗਾ। ਸੂਤਰਾਂ ਮੁਤਾਬਕ ਇਸ ਤੋਂ ਬਾਅਦ ਹਾਈਕਮਾਨ ਨੇ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਸੇ ਵੀ ਹਾਲਤ ’ਚ ਬਦਲਿਆ ਨਹੀਂ ਜਾਵੇਗਾ।
ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਕਰਨ ਲਈ ਪੰਜਾਬ ਦੌਰੇ ’ਤੇ ਆਏ ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਨੇ ਮੰਗਲਵਾਰ ਨੂੰ ਪਹਿਲਾਂ ਕਾਂਗਰਸ ਭਵਨ ਵਿਖੇ ਪਾਰਟੀ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨਾਂ ਰਾਜ ਕੁਮਾਰ ਵੇਰਕਾ ਤੇ ਸੁਖਵਿੰਦਰ ਸਿੰਘ ਡੈਣੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਤੀਜੇ ਐਕਟਿੰਗ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ ਗ਼ੈਰ ਹਾਜ਼ਰ ਰਹੇ। ਉਪਰੰਤ ਜ਼ਿਲ੍ਹਾ ਪ੍ਰਧਾਨਾਂ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਇਕੱਲੇ-ਇਕੱਲੇ ਮੀਟਿੰਗ ਕੀਤੀ। 29 ਜ਼ਿਲ੍ਹਾ ਪ੍ਰਧਾਨਾਂ ’ਚੋਂ ਸਿਰਫ਼ 24 ਜ਼ਿਲ੍ਹਾ ਪ੍ਰਧਾਨ ਬੈਠਕ ’ਚ ਸ਼ਾਮਲ ਹੋਏ। ਜ਼ਿਲ੍ਹਾ ਜਲੰਧਰ ਦੇ ਅਰਬਨ ਤੇ ਦਿਹਾਤੀ ਦੇ ਪ੍ਰਧਾਨ ਰਾਜਿੰਦਰ ਬੇਰੀ ਤੇ ਬਲਵਿੰਦਰ ਸਿੰਘ ਲਾਡੀ ਸ਼ੇਰੋਵਾਲੀਆਂ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਜੈ ਤਲਵਾੜ, ਖੰਨਾਂ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ, ਗੁਰਦਾਸਪੁਰ ਦੇ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ, ਬਰਨਾਲਾ ਦੇ ਪ੍ਰਧਾਨ ਕਾਕਾ ਢਿਲੋਂ ਗ਼ੈਰ ਹਾਜ਼ਰ ਰਹੇ। ਸੂਤਰਾਂ ਮੁਤਾਬਕ ਬੇਰੀ ਤੇ ਤਲਵਾੜ ਨੇ ਅਮਰਨਾਥ ਯਾਤਰਾ ’ਤੇ ਗਏ ਹੋਣ, ਲੱਖਾ ਨੇ ਦਿੱਲੀ ਤੇ ਕਾਕਾ ਢਿਲੋਂ ਨੇ ਕਿਸੇ ਜਰੂਰੀ ਸਮਾਗਮ ਦਾ ਹਵਾਲਾ ਦਿੱਤਾ। ਜਾਣਕਾਰੀ ਮੁਤਾਬਕ ਜ਼ਿਆਦਾਤਰ ਆਗੂਆਂ ਨੇ ਸੁਝਾਅ ਦਿੱਤਾ ਕਿ ਜੇਕਰ ਜਥੇਬੰਦਕ ਢਾਂਚੇ ’ਚ ਕਿਸੇ ਤਰ੍ਹਾਂ ਦਾ ਬਦਲਾਅ ਕੀਤਾ ਤਾਂ ਪਾਰਟੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਇਸ ਦੌਰਾਨ ਕੁਝ ਆਗੂਆਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਸੀਨੀਅਰ ਆਗੂਆਂ ਨੂੰ ਅੱਖੋਂ ਪਰੋਖੇ ਕਰ ਕੇ ਕਈ ਆਗੂਆਂ ਨੂੰ ਉਨ੍ਹਾਂ ਦੇ ਕੱਦ ਤੋਂ ਵੱਧ ਤਾਕਤ ਦਿੱਤੀ ਹੈ। ਹਾਈਕਮਾਨ ਨੂੰ ਲੋਕਾਂ ਦੀ ਰਾਇ ਮੁਤਾਬਕ ਫ਼ੈਸਲਾ ਲੈਣਾ ਚਾਹੀਦਾ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਨਾਰਾਜ਼ ਆਗੂਆਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਤੇ ਇਹ ਵੀ ਭਰੋਸਾ ਦਿੱਤਾ ਕਿ ਆਉਂਦੇ ਦਿਨਾਂ ’ਚ ਮਾਮਲਾ ਹੱਲ ਹੋ ਜਾਵੇਗਾ।
ਇੱਥੇ ਦੱਸਿਆ ਜਾਂਦਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਜੋ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਨਿਵਾਸ ਵਿਖੇ ਹੋਈ ਮੀਟਿੰਗ ’ਚ ਹਾਜ਼ਰ ਹੋਏ ਸਨ, ਨੇ ਸੋਮਵਾਰ ਨੂੰ ਬਘੇਲ ਨਾਲ ਵਿਰੋਧੀ ਧਿਰ ਦੇ ਨੇਤਾ ਦੇ ਘਰ ਮੁਲਾਕਾਤ ਕੀਤੀ ਹੈ। ਇਸੇ ਤਰ੍ਹਾਂ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਬਲਵੀਰ ਸਿੰਘ ਸਿੱਧੂ, ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਰਦਿਆਲ ਕੰਬੋਜ, ਸਾਧੂ ਸਿੰਘ ਧਰਮਸੋਤ, ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ਨੇ ਬਘੇਲ ਨਾਲ ਮੁਲਾਕਾਤ ਕਰ ਕੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਹੈ।
ਹਾਲਾਂਕਿ ਚੰਨੀ, ਰੰਧਾਵਾਂ, ਪ੍ਰਗਟ ਸਿੰਘ ਸਮੇਤ ਕਈ ਵਿਧਾਇਕਾਂ ਨੇ ਰਾਜਾ ਵੜਿੰਗ ਦੀ ਹਾਜ਼ਰੀ ’ਚ ਬਘੇਲ ਨਾਲ ਗੱਲਬਾਤ ਨਾ ਕਰਨ ਦੀ ਗੱਲ ਕਹੀ ਹੈ, ਪਰ ਕਾਂਗਰਸੀ ਸੂਤਰਾਂ ਅਨੁਸਾਰ ਆਗਾਮੀ ਦਿਨਾਂ ’ਚ ਹੋਣ ਵਾਲੀਆਂ ਮੀਟਿੰਗਾਂ ’ਚ ਉਹ ਸ਼ਾਮਲ ਹੋ ਸਕਦੇ ਹਨ।
ਬਘੇਲ ਦੀ ਬਜਾਏ ਸਿੱਧਾ ਰਾਹੁਲ ਗਾਂਧੀ ਅੱਗੇ ਗੱਲ ਰੱਖਣਾ ਚਾਹੁੰਦਾ ਹੈ ਚੰਨੀ ਧੜਾ
ਪੰਜਾਬ ਕਾਂਗਰਸ ’ਚ ਚੱਲ ਰਹੀ ਬਗ਼ਾਵਤ ਨੂੰ ਰੋਕਣ ਲਈ ਨਵੇਂ ਨਿਯੁਕਤ ਕਾਰਜਕਾਰੀ ਪ੍ਰਧਾਨ ਰਾਜਕੁਮਾਰ ਵੇਰਕਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਗੇ ਆਏ ਹਨ। ਦੋਵਾਂ ਨੇ ਮੰਗਲਵਾਰ ਨੂੰ ਵੱਖ-ਵੱਖ ਖਰੜ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਸੂਬਾ ਇੰਚਾਰਜ ਭੂਪੇਸ਼ ਬਘੇਲ ਨੂੰ ਚੰਨੀ ਦੇ ਵਿਚਾਰਾਂ ਬਾਰੇ ਜਾਣੂ ਕਰਵਾਇਆ। ਵੇਰਕਾ ਨੇ ਦੱਸਿਆ ਕਿ ਚੰਨੀ ਧੜਾ ਜਥੇਬੰਦਕ ਨਿਯੁਕਤੀਆਂ ਬਾਰੇ ਆਪਣੇ ਇਤਰਾਜ਼ ਸਿੱਧਾ ਰਾਹੁਲ ਗਾਂਧੀ ਸਾਹਮਣੇ ਰੱਖਣਾ ਚਾਹੁੰਦੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਮੰਗਲਵਾਰ ਨੂੰ ਹੀ ਵਿਦੇਸ਼ ਦੌਰੇ ਤੋਂ ਪਰਤੇ ਹਨ ਤੇ ਅਜੇ ਚੰਨੀ ਨਾਲ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ। ਓਧਰ ਬਘੇਲ ਨੇ ਕਿਹਾ ਹੈ ਕਿ ਉਹ ਕਿਸੇ ਵੀ ਨੇਤਾ ਨੂੰ ਇਕ-ਇਕ ਕਰ ਕੇ ਮਿਲਣ ਲਈ ਤਿਆਰ ਹਨ। ਜੋ ਵੀ ਬੁਲਾਏਗਾ, ਉਸ ਨਾਲ ਮਿਲਣ ਜਾਵਾਂਗਾ। ਚੰਨੀ ਨਾਲ ਮੁਲਾਕਾਤ ਤੋਂ ਬਾਅਦ ਵੇਰਕਾ ਨੇ ਕਿਹਾ ਕਿ ਕਿਸੇ ਵੀ ਨੇਤਾ ਨੂੰ ਕਿਸੇ ਫ਼ੈਸਲੇ ਨਾਲ ਅਸਹਿਮਤੀ ਹੈ ਤਾਂ ਉਹ ਆਪਣੀ ਗੱਲ ਸੂਬਾ ਇੰਚਾਰਜ ਸਾਹਮਣੇ ਰੱਖ ਸਕਦਾ ਹੈ। ਜੇਕਰ ਕੋਈ ਸਿੱਧਾ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਜਾਂ ਕੇਸੀ ਵੇਣੂਗੋਪਾਲ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਇਹ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਨੇ ਧੜੇਬਾਜ਼ੀ ਦੀਆਂ ਕਿਆਸ ਅਰਾਈਆਂ ਨੂੰ ਵੀ ਖ਼ਾਰਜ ਕਰਦੇ ਹੋਏ ਕਿਹਾ ਕਿ ਮੈਂ ਚੰਨੀ ਨਾਲ ਹਾਂ ਤੇ ਉਹ ਮੇਰੇ ਨਾਲ ਹਨ। ਉਨ੍ਹਾਂ ਤੋਂ ਇਲਾਵਾ ਦੇਰ ਸ਼ਾਮ ਪ੍ਰਤਾਪ ਸਿੰਘ ਬਾਜਵਾ ਵੀ ਵਿਚੋਲਗੀ ਦੀ ਕੋਸਿਸ਼ ’ਚ ਜੁਟੇ ਰਹੇ। ਪਾਰਟੀ ਸੂਤਰਾਂ ਮੁਤਾਬਕ ਭੂਪੇਸ਼ ਬਘੇਲ ਇਸ ਦੌਰੇ ਤੋਂ ਬਾਅਦ ਹਾਈ ਕਮਾਨ ਨੂੰ ਰਿਪੋਰਟ ਸੌਂਪਣਗੇ। ਇਸ ਤੋਂ ਬਾਅਦ ਦਿੱਲੀ ’ਚ ਮੁੜ ਬੈਠਕ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸੂਬਾ ਕਾਰਜਕਾਰੀ ਪ੍ਰਧਾਨ ਰਾਜ ਕੁਮਾਰ ਵੇਰਕਾ ਤੇ ਸੁਖਵਿੰਦਰ ਸਿੰਘ ਡੈਨੀ ਨੇ ਕਾਰਜਭਾਰ ਸੰਭਾਲ ਲਿਆ।
ਪਰਗਟ ਨੇ ਕਿਹਾ, ਮੈਂ ਨਿੱਜੀ ਕੰਮ ਤੋਂ ਦਿੱਲੀ ’ਚ ਹਾਂ
ਚੋਣ ਮੈਨੀਫੈਸਟੋ ਕਮੇਟੀ ਦੇ ਸਹਿ-ਮੁਖੀ ਵਿਧਾਇਕ ਪਰਗਟ ਸਿੰਘ ਨੇ ਵੀ ਧੜੇਬਾਜ਼ੀ ਦੀਆਂ ਕਿਆਸ ਅਰਾਈਆਂ ਨੂੰ ਖ਼ਾਰਜ ਕੀਤਾ ਹੈ। ਉਨ੍ਹਾਂ ਨੇ ਖ਼ੁਦ ਨੂੰ ਟੀਮ ਪਲੇਅਰ ਦੱਸਦੇ ਹੋਏ ਕਿਹਾ ਕਿ ਲੋਕਤੰਤਰੀ ਦਲ ’ਚ ਮਤਭੇਦ ਸੁਬਾਵਿਕ ਹਨ। ਕੁਝ ਗ਼ਲਤਫਹਿਮੀਆਂ ਹੋ ਸਕਦੀਆਂ, ਪਰ ਉਨ੍ਹਾਂ ਨੂੰ ਦੂਰ ਕਰ ਕੇ ਅੱਗੇ ਵਧਣਾ ਪਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਸੇ ਨਿੱਜੀ ਕੰਮ ਤੋਂ ਦਿੱਲੀ ’ਚ ਹਨ। ਓਧਰ ਸੀਨੀਅਰ ਨੇਤਾ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਹਾਈਕਮਾਨ ਦਾ ਹੁਕਮ ਸਾਰਿਆਂ ਨੂੰ ਮੰਨਣਾ ਪਵੇਗਾ।