- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨੂੰ ਲਿਖੇ ਪੱਤਰ ’ਚ ਲੋਕ ਸਭਾ ਮੈਬਰ ਬਠਿੰਡਾ ਨੇ ਕਿਹਾ ਕਿ ਸਿੱਖ ਕੌਮ ’ਚ ਇਸ ਗੱਲ ਦਾ ਰੋਸ ਹੈ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹਜ਼ੂਰ ਸੱਚਖੰਡ ਦੀਵਾਨ ਸਮੇਤ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ ਬਗ਼ੈਰ ਇਕ ਸਰਕਾਰੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਤਖ਼ਤ ਬੋਰਡ ਦੇ ਸਰੂਪ ’ਚ ਵਿਆਪਕ ਤਬਦੀਲੀ ਕੀਤੇ ਜਾਣ ਦੀ ਤਿਆਰੀ ਕੀਤੀ ਗਈ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਖੁਦਮੁਖ਼ਤਿਆਰ ਸਰੂਪ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਬੋਰਡ ’ਚ ਸਰਕਾਰੀ ਪ੍ਰਤੀਨਿਧਾਂ ਦੀ ਗਿਣਤੀ ਵਧਾਉਣ ਲਈ ਤਿਆਰ ਕੀਤੇ ਗਏ ਕਾਨੂੰਨ ਦੇ ਖਰੜੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੂੰ ਲਿਖੇ ਪੱਤਰ ’ਚ ਲੋਕ ਸਭਾ ਮੈਬਰ ਬਠਿੰਡਾ ਨੇ ਕਿਹਾ ਕਿ ਸਿੱਖ ਕੌਮ ’ਚ ਇਸ ਗੱਲ ਦਾ ਰੋਸ ਹੈ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹਜ਼ੂਰ ਸੱਚਖੰਡ ਦੀਵਾਨ ਸਮੇਤ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ ਬਗ਼ੈਰ ਇਕ ਸਰਕਾਰੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਤਖ਼ਤ ਬੋਰਡ ਦੇ ਸਰੂਪ ’ਚ ਵਿਆਪਕ ਤਬਦੀਲੀ ਕੀਤੇ ਜਾਣ ਦੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਸਿੱਖ ਇਸ ਕਦਮ ਨੂੰ ਗੁਰੂ ਘਰ ਦੇ ਪ੍ਰਬੰਧਾਂ ’ਤੇ ਪੂਰਨ ਕਬਜ਼ਾ ਕਰਨ ਤੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਦੇ ਯਤਨ ਵਜੋਂ ਵੇਖ ਰਹੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਫਰਵਰੀ-2024 ’ਚ ਮਹਾਰਾਸ਼ਟਰ ਸਰਕਾਰ ਨੇ ਐਕਟ ’ਚ ਸੋਧ ਕੀਤੀ, ਜਿਸ ਨਾਲ ਬੋਰਡ ਦੇ 17 ਮੈਂਬਰਾਂ ’ਚੋਂ 12 ਨੂੰ ਸਰਕਾਰ ਸਿੱਧੇ ਤੌਰ ’ਤੇ ਨਾਮਜ਼ਦ ਕਰਨ ਦੇ ਸਮਰਥ ਬਣੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਤੀਨਿਧਤਾ ਘਟਾਈ ਗਈ ਤੇ ਚੀਫ਼ ਖ਼ਾਲਸਾ ਦੀਵਾਨ ਤੇ ਹਜ਼ੂਰੀ ਸੱਚਖੰਡ ਦੀਵਾਨ ਦੀ ਪ੍ਰਤੀਨਿਧਤਾ ਖ਼ਤਮ ਹੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸਥਾਨਕ ਸਿੱਖ ਸੰਗਠਨਾਂ ਦੇ ਵਿਰੋਧ ਮਗਰੋਂ ਇਹ ਸੋਧ ਵਾਪਸ ਲੈ ਲਈ ਗਈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਨੇ ਹੁਣ ਨਵੇਂ ਐਕਟ ਤਹਿਤ ਬੋਰਡ ਦੇ ਢਾਂਚੇ ’ਚ ਉਹੋ ਜਿਹੀਆਂ ਹੀ ਤਬਦੀਲੀਆਂ ਕਰਨ ਦਾ ਹੀ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਤਖ਼ਤ ਪ੍ਰਬੰਧਕਾਂ ਨੇ ਪੁਰਾਣਾ ਐਕਟ ਖਾਰਜ ਕਰਨ ਦੇ ਮਹਾਰਾਸ਼ਟਰ ਸਰਕਾਰ ਦੇ ਫ਼ੈਸਲੇ ਵਿਰੁੱਧ ‘ਗੁਰਮਤਾ’ ਵੀ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਵੇਂ ਕਾਨੂੰਨ ਦਾ ਖਰੜਾ ਵਾਪਸ ਲੈ ਕੇ ਪੁਰਾਣੇ ਐਕਟ ਨੂੰ ਹੀ ਲਾਗੂ ਰਹਿਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਤਣਾਅ ਵੀ ਘਟੇਗਾ ਜੋ ਸਿੱਖ ਕੌਮ ’ਚ ਪੈਦਾ ਹੋਇਆ ਹੈ, ਕਿਉਂਕਿ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਮਹਾਰਾਸ਼ਟਰ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।