- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ Punjab Congress ਦੀ ਨਜ਼ਰ ਦਿੱਲੀ 'ਚ ਚੱਲ ਰਹੀਆਂ ਬੈਠਕਾਂ ਅਤੇ ਹਾਈਕਮਾਨ ਦੇ ਅੰਤਿਮ ਫੈਸਲੇ 'ਤੇ ਟਿਕੀ ਹੈ। ਜੇਕਰ ਅਗਵਾਈ ਪਰਿਵਰਤਨ ਹੁੰਦਾ ਹੈ ਤਾਂ ਇਹ 2027 ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਭ ਤੋਂ ਵੱਡੀ ਸਿਆਸੀ ਚਾਲ ਸਾਬਿਤ ਹੋ ਸਕਦੀ ਹੈ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਨੂੰ ਲੈ ਕੇ ਪਾਰਟੀ ਹਾਈਕਮਾਨ ਗੰਭੀਰ ਮੰਥਨ 'ਚ ਜੁਟੀ ਹੋਈ ਹੈ। ਇਸੇ ਦੌਰਾਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਅਚਾਨਕ ਦਿੱਲੀ ਬੁਲਾਏ ਜਾਣ ਨਾਲ ਸਿਆਸੀ ਹਲਕਿਆਂ 'ਚ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ। ਦੋਵਾਂ ਆਗੂਆਂ ਦੀ ਦਿੱਲੀ 'ਚ ਪਾਰਟੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਵਨ-ਟੂ-ਵਨ ਬੈਠਕ ਹੋਈ ਹੈ।
ਕਾਂਗਰਸ ਸੂਤਰਾਂ ਅਨੁਸਾਰ, ਰਾਹੁਲ ਗਾਂਧੀ ਵੱਲੋਂ ਪੰਜਾਬ ਦੀ ਅਗਵਾਈ ਨੂੰ ਲੈ ਕੇ ਲਏ ਗਏ ਫੀਡਬੈਕ ਤੋਂ ਬਾਅਦ ਹਾਈਕਮਾਨ ਅੰਤਿਮ ਫੈਸਲੇ ਦੇ ਨੇੜੇ ਪਹੁੰਚ ਚੁੱਕੀ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਦੇ 60-70 ਸੀਨੀਅਰ ਆਗੂਆਂ ਤੋਂ ਰਾਏ ਲੈਣ ਲਈ ਨਿਯੁਕਤ ਕੀਤੇ ਤਿੰਨ ਆਬਜ਼ਰਵਰਾਂ ਦੀ ਰਿਪੋਰਟ 'ਤੇ ਚਰਚਾ ਕੀਤੀ ਸੀ। ਆਬਜ਼ਰਵਰਾਂ ਨੇ ਦਿੱਲੀ 'ਚ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਕੇ ਜਥੇਬੰਦੀ ਦੀ ਮੌਜੂਦਾ ਸਥਿਤੀ, ਚੋਣ ਸੰਭਾਵਨਾਵਾਂ ਤੇ ਅਗਵਾਈ ਨੂੰ ਲੈ ਕੇ ਫੀਡਬੈਕ ਇਕੱਠਾ ਕੀਤਾ ਸੀ। ਇਸ ਰਿਪੋਰਟ ਦੇ ਅਧਾਰ 'ਤੇ ਪੰਜਾਬ ਕਾਂਗਰਸ ਵਿੱਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼ ਹੋ ਗਈ।
ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਦੀ ਦੌੜ 'ਚ ਫਿਲਹਾਲ ਤਿੰਨ ਨਾਂ ਸਭ ਤੋਂ ਅੱਗੇ ਹਨ - ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ।
ਸਖਜਿੰਦਰ ਸਿੰਘ ਰੰਧਾਵਾ ਜੱਟ-ਸਿੱਖ ਭਾਈਚਾਰੇ ਤੋਂ ਆਉਂਦੇ ਹਨ ਤੇ ਜਥੇਬੰਦੀ ਦੇ ਤਜਰਬੇਕਾਰ ਚਿਹਰਿਆਂ 'ਚ ਗਿਣੇ ਜਾਂਦੇ ਹਨ। ਜੇਕਰ ਕਾਂਗਰਸ ਰਵਾਇਤੀ ਸਿੱਖ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਰਣਨੀਤੀ 'ਤੇ ਚੱਲਦੀ ਹੈ ਤਾਂ ਰੰਧਾਵਾ ਮਜ਼ਬੂਤ ਬਦਲ ਬਣ ਸਕਦੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪ੍ਰਮੁੱਖ ਦਾਅਵੇਦਾਰਾਂ 'ਚ ਸ਼ਾਮਲ ਹਨ। ਚੰਨੀ ਨੇ ਹਾਲ ਹੀ 'ਚ ਪਾਰਟੀ 'ਚ ਦਲਿਤ ਪ੍ਰਤੀਨਿਧਤਾ ਦਾ ਮੁੱਦਾ ਚੁੱਕ ਕੇ ਸਿਆਸੀ ਸੰਦੇਸ਼ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ 'ਚ ਵੱਡੇ ਅਹੁਦਿਆਂ 'ਤੇ ਸਮਾਜਿਕ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ। ਦਲਿਤ ਚਿਹਰੇ ਦੇ ਰੂਪ 'ਚ ਚੰਨੀ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਹੈ।
ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਦਾ ਨਾਂ ਵੀ ਚਰਚਾ ਵਿਚ ਹੈ। ਸਿੰਗਲਾ ਨੂੰ ਰਾਹੁਲ ਗਾਂਧੀ ਦੇ ਕਰੀਬੀ ਆਗੂਆਂ 'ਚ ਮੰਨਿਆ ਜਾਂਦਾ ਹੈ। ਹਿੰਦੂ ਚਿਹਰੇ ਦੇ ਤੌਰ 'ਤੇ ਉਨ੍ਹਾਂ ਦੀ ਦਾਅਵੇਦਾਰੀ ਜਥੇਬੰਦਕ ਸੰਤੁਲਨ ਦੇ ਲਿਹਾਜ਼ ਨਾਲ ਅਹਿਮ ਮੰਨੀ ਜਾ ਰਹੀ ਹੈ।
ਹਾਲਾਂਕਿ ਪਾਰਟੀ ਦੇ ਅੰਦਰ ਅਗਵਾਈ ਪਰਿਵਰਤਨ ਨੂੰ ਲੈ ਕੇ ਇਕ ਰਾਏ ਨਹੀਂ ਦਿਖ ਰਹੀ। ਚੰਡੀਗੜ੍ਹ ਤੋਂ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਅਗਵਾਈ ਪਰਿਵਰਤਨ ਦੇ ਸਮੇਂ 'ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਹੁਣ ਕੇਵਲ 6-7 ਮਹੀਨਿਆਂ ਦਾ ਸਮਾਂ ਬਚਿਆ ਹੈ ਤੇ ਅਜਿਹੇ ਸਮੇਂ ਬਦਲਾਅ ਉਚਿਤ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਨਵੇਂ ਪ੍ਰਧਾਨ ਨੂੰ ਪ੍ਰਭਾਵਸ਼ਾਲੀ ਨਤੀਜੇ ਦੇਣ ਲਈ ਘੱਟੋ-ਕੰਢੇ ਦੋ ਸਾਲ ਦਾ ਸਮਾਂ ਚਾਹੀਦਾ ਹੈ।
ਰਾਜਾ ਵੜਿੰਗ ਦੇ ਕਾਰਜਕਾਲ ਨੂੰ ਲੈ ਕੇ ਵੀ ਪਾਰਟੀ ਦੇ ਅੰਦਰ ਮਿਸ਼ਰਤ ਰਾਏ ਸਾਹਮਣੇ ਆਈ ਹੈ। ਉਨ੍ਹਾਂ ਦੀ ਅਗਵਾਈ 'ਚ ਕਾਂਗਰਸ ਨੂੰ ਵਿਧਾਨ ਸਭਾ ਜ਼ਿਮਨੀ ਚੋਣਾਂ ਤੇ ਨਿਗਮ ਚੋਣਾਂ 'ਚ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲੀ। ਇਸ ਤੋਂ ਇਲਾਵਾ ਗਿੱਦੜਬਾਹਾ ਵਰਗੇ ਉਨ੍ਹਾਂ ਦੇ ਗ੍ਰਹਿ ਖੇਤਰ 'ਚ ਵੀ ਪਾਰਟੀ ਨੂੰ ਝਟਕਾ ਲੱਗਾ। ਇਨ੍ਹਾਂ ਹੀ ਕਾਰਨਾਂ ਕਰਕੇ ਜਥੇਬੰਦੀ 'ਚ ਬਦਲਾਅ ਦੀ ਮੰਗ ਸਮੇਂ-ਸਮੇਂ 'ਤੇ ਉੱਠਦੀ ਰਹੀ ਹੈ।
ਹੁਣ ਪੰਜਾਬ ਕਾਂਗਰਸ ਦੀ ਨਜ਼ਰ ਦਿੱਲੀ 'ਚ ਚੱਲ ਰਹੀਆਂ ਬੈਠਕਾਂ ਅਤੇ ਹਾਈਕਮਾਨ ਦੇ ਅੰਤਿਮ ਫੈਸਲੇ 'ਤੇ ਟਿਕੀ ਹੈ। ਜੇਕਰ ਅਗਵਾਈ ਪਰਿਵਰਤਨ ਹੁੰਦਾ ਹੈ ਤਾਂ ਇਹ 2027 ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਭ ਤੋਂ ਵੱਡੀ ਸਿਆਸੀ ਚਾਲ ਸਾਬਿਤ ਹੋ ਸਕਦੀ ਹੈ।