- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਅਧਾਰਤ ਕਿਸੇ ਵੀ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਵਿਦਿਆਰਥੀ ਹੁੰਦੇ ਹਨ, ਫਿਲਹਾਲ ਉਹੀ ਸਕੂਲਾਂ 'ਚ ਮੌਜੂਦ ਨਹੀਂ ਹਨ। ਜਦੋਂ ਕਲਾਸਾਂ ਬੰਦ ਹਨ ਤੇ ਰੈਗੂਲਰ ਹਾਜ਼ਰੀ ਨਹੀਂ ਹੈ, ਫਿਰ ਵੱਡੇ ਪੱਧਰ 'ਤੇ ਗਤੀਵਿਧੀਆਂ ਕਰਵਾਉਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਇਹ ਚਿੰਤਾ ਵੀ ਸਾਹਮਣੇ ਆ ਰਹੀ ਹੈ ਕਿ ਕਿਤੇ ਪੂਰੀ ਮੁਹਿੰਮ ਸਿਰਫ਼ ਰਿਪੋਰਟਾਂ ਤੇ ਪੋਰਟਲ ਅਪਲੋਡ ਤਕ ਸੀਮਤ ਨਾ ਰਹਿ ਜਾਵੇ।

ਰੋਹਿਤ ਕੁਮਾਰ, ਜਾਗਰਣ ਚੰਡੀਗੜ੍ਹ : ਪੰਜਾਬ 'ਚ ਮੌਜੂਦਾ ਸਮੇਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਸਕੂਲ ਬੰਦ ਹਨ, ਕਲਾਸਾਂ ਨਹੀਂ ਲੱਗ ਰਹੀਆਂ ਤੇ ਜ਼ਿਆਦਾਤਰ ਵਿਦਿਆਰਥੀ ਆਪਣੇ ਘਰਾਂ ਜਾਂ ਰਿਸ਼ਤੇਦਾਰਾਂ ਕੋਲ ਛੁੱਟੀਆਂ ਬਿਤਾ ਰਹੇ ਹਨ। ਪਰ ਇਸੇ ਦੌਰਾਨ ਸਿੱਖਿਆ ਵਿਭਾਗ ਵੱਲੋਂ 17 ਤੋਂ 26 ਜੂਨ ਤਕ 'ਨਸ਼ਾ ਮੁਕਤ ਭਾਰਤ ਹਫ਼ਤਾ' ਮਨਾਉਣ ਦੇ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਅਧਿਆਪਕਾਂ ਵਿਚਾਲੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਸਕੂਲਾਂ 'ਚ ਬੱਚੇ ਮੌਜੂਦ ਹੀ ਨਹੀਂ ਹਨ, ਤਦ ਆਖਿਰ ਇਹ ਮੁਹਿੰਮ ਜ਼ਮੀਨ 'ਤੇ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਈ ਜਾਵੇਗੀ।
ਨਸ਼ੇ ਖ਼ਿਲਾਫ਼ ਜਾਗਰੂਕਤਾ ਫੈਲਾਉਣਾ ਨਿਸ਼ਚਿਤ ਰੂਪ 'ਚ ਬੇਹੱਦ ਜ਼ਰੂਰੀ ਹੈ, ਖ਼ਾਸ ਕਰਕੇ ਪੰਜਾਬ ਵਰਗੇ ਸੂਬੇ ਵਿਚ ਜਿੱਥੇ ਇਹ ਮੁੱਦਾ ਲੰਬੇ ਸਮੇਂ ਤੋਂ ਗੰਭੀਰ ਸਮਾਜਿਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰ ਦਾ ਉਦੇਸ਼ ਬੱਚਿਆਂ, ਨੌਜਵਾਨਾਂ ਤੇ ਪਰਿਵਾਰਾਂ ਤਕ ਨਸ਼ੇ ਦੇ ਮਾੜੇ ਪ੍ਰਭਾਵਾਂ ਦਾ ਸੰਦੇਸ਼ ਪਹੁੰਚਾਉਣਾ ਹੈ। ਇਸ ਤਹਿਤ ਸਕੂਲਾਂ ਨੂੰ ਜਾਗਰੂਕਤਾ ਪ੍ਰੋਗਰਾਮ, ਪੋਸਟਰ ਕੈਂਪੇਨ, ਆਨਲਾਈਨ ਸਰਗਰਮੀਆਂ ਤੇ ਭਾਈਚਾਰਕ ਪੱਧਰ 'ਤੇ ਆਊਟਰੀਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਹਾਲਾਂਕਿ, ਸਭ ਤੋਂ ਵੱਡਾ ਸਵਾਲ ਇਸਦੀ ਟਾਈਮਿੰਗ ਨੂੰ ਲੈ ਕੇ ਖੜ੍ਹਾ ਹੋ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਅਧਾਰਤ ਕਿਸੇ ਵੀ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਵਿਦਿਆਰਥੀ ਹੁੰਦੇ ਹਨ, ਫਿਲਹਾਲ ਉਹੀ ਸਕੂਲਾਂ 'ਚ ਮੌਜੂਦ ਨਹੀਂ ਹਨ। ਜਦੋਂ ਕਲਾਸਾਂ ਬੰਦ ਹਨ ਤੇ ਰੈਗੂਲਰ ਹਾਜ਼ਰੀ ਨਹੀਂ ਹੈ, ਫਿਰ ਵੱਡੇ ਪੱਧਰ 'ਤੇ ਗਤੀਵਿਧੀਆਂ ਕਰਵਾਉਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਇਹ ਚਿੰਤਾ ਵੀ ਸਾਹਮਣੇ ਆ ਰਹੀ ਹੈ ਕਿ ਕਿਤੇ ਪੂਰੀ ਮੁਹਿੰਮ ਸਿਰਫ਼ ਰਿਪੋਰਟਾਂ ਤੇ ਪੋਰਟਲ ਅਪਲੋਡ ਤਕ ਸੀਮਤ ਨਾ ਰਹਿ ਜਾਵੇ।
ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦਾ ਮਤਲਬ ਹੁਣ ਸਿਰਫ਼ ਆਰਾਮ ਨਹੀਂ ਰਹਿ ਗਿਆ। ਛੁੱਟੀਆਂ ਦੌਰਾਨ ਵੀ ਲਗਾਤਾਰ ਵਿਭਾਗ ਦੇ ਹੁਕਮ, ਆਨਲਾਈਨ ਮੀਟਿੰਗਾਂ, ਡੇਟਾ ਅਪਲੋਡ ਤੇ ਰਿਪੋਰਟਿੰਗ ਵਰਗੇ ਕੰਮ ਚੱਲਦੇ ਰਹਿੰਦੇ ਹਨ। ਹੁਣ ਨਸ਼ਾ ਮੁਕਤੀ ਮੁਹਿੰਮ ਤਹਿਤ ਗਤੀਵਿਧੀਆਂ ਦੀਆਂ ਤਸਵੀਰਾਂ, ਵੇਰਵੇ ਤੇ ਐਕਸ਼ਨ ਟੇਕਨ ਰਿਪੋਰਟ (ATR) ਅਪਲੋਡ ਕਰਨ ਦੀ ਵਾਧੂ ਜ਼ਿੰਮੇਵਾਰੀ ਨੇ ਕੰਮ ਦਾ ਦਬਾਅ ਹੋਰ ਵਧਾ ਦਿੱਤਾ ਹੈ।
ਸਿੱਖਿਆ ਜਗਤ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਹੀ ਮੁਹਿੰਮ ਸਕੂਲ ਖੁੱਲ੍ਹਣ ਤੋਂ ਬਾਅਦ ਚਲਾਈ ਜਾਂਦੀ ਤਾਂ ਇਸਦਾ ਅਸਰ ਕਿਤੇ ਵੱਧ ਵਿਆਪਕ ਹੁੰਦਾ। ਵਿਦਿਆਰਥੀਆਂ ਵਿਚਕਾਰ ਨੁੱਕੜ ਨਾਟਕ, ਸੈਮੀਨਾਰ, ਭਾਸ਼ਣ ਮੁਕਾਬਲੇ, ਕਾਊਂਸਲਿੰਗ ਸੈਸ਼ਨ ਤੇ ਮਾਪੇ-ਅਧਿਆਪਕ ਮੀਟਿੰਗਾਂ ਜ਼ਰੀਏ ਸੰਦੇਸ਼ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਦਾ ਸੀ।
ਫਿਲਹਾਲ ਨਸ਼ੇ ਖ਼ਿਲਾਫ਼ ਮੁਹਿੰਮ ਦੀ ਲੋੜ 'ਤੇ ਕੋਈ ਸਵਾਲ ਨਹੀਂ ਹੈ, ਪਰ ਇਹ ਬਹਿਸ ਜ਼ਰੂਰ ਤੇਜ਼ ਹੋ ਗਈ ਹੈ ਕਿ ਕੀ ਸਕੂਲ ਬੰਦ ਹੋਣ ਦੌਰਾਨ ਇਸ ਤਰ੍ਹਾਂ ਦੀਆਂ ਮੁਹਿੰਮਾਂ ਉਮੀਦ ਮੁਤਾਬਕ ਨਤੀਜੇ ਦੇ ਸਕਣਗੀਆਂ। ਅਧਿਆਪਕਾਂ ਵਿਚਕਾਰ ਇਹੀ ਚਰਚਾ ਹੈ ਕਿ ਨਸ਼ੇ ਖ਼ਿਲਾਫ਼ ਲੜਾਈ ਜ਼ਰੂਰੀ ਹੈ, ਮਗਰ ਉਸਦੀ ਯੋਜਨਾ ਜ਼ਮੀਨੀ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਣੀ ਚਾਹੀਦੀ ਹੈ।