- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਸਰਕਾਰ ਨੇ ਇਸ ਮੁਹਿੰਮ ਦਾ ਸਭ ਤੋਂ ਅਹਿਮ ਮੋਰਚਾ ਸਕੂਲਾਂ ਅਤੇ ਕਲਾਸਰੂਮਾਂ ਨੂੰ ਬਣਾਉਂਦਿਆਂ ਬੱਚਿਆਂ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣ ਲਈ ਵਿਗਿਆਨਕ ਅਤੇ ਲੰਬੀ ਮਿਆਦ ਵਾਲੀ ਰਣਨੀਤੀ ਲਾਗੂ ਕੀਤੀ ਹੈ। ਇਸ ਤਹਿਤ ਦੇਸ਼ ਵਿੱਚ ਪਹਿਲੀ ਵਾਰ ਸਕੂਲ ਪੱਧਰ 'ਤੇ ਸਬੂਤ-ਆਧਾਰਿਤ (ਐਵੀਡੈਂਸ ਬੇਸਡ) ਐਂਟੀ-ਡਰੱਗ ਪਾਠਕ੍ਰਮ ਲਾਗੂ ਕੀਤਾ ਗਿਆ ਹੈ।

ਰੋਹਿਤ ਕੁਮਾਰ, ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਹੁਣ ਸਿਰਫ਼ ਪੁਲਿਸ ਕਾਰਵਾਈ ਅਤੇ ਨਸ਼ਾ ਛੁਡਾਊ ਕੇਂਦਰਾਂ ਤੱਕ ਸੀਮਤ ਨਹੀਂ ਰਹੀ। ਰਾਜ ਸਰਕਾਰ ਨੇ ਇਸ ਮੁਹਿੰਮ ਦਾ ਸਭ ਤੋਂ ਅਹਿਮ ਮੋਰਚਾ ਸਕੂਲਾਂ ਅਤੇ ਕਲਾਸਰੂਮਾਂ ਨੂੰ ਬਣਾਉਂਦਿਆਂ ਬੱਚਿਆਂ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣ ਲਈ ਵਿਗਿਆਨਕ ਅਤੇ ਲੰਬੀ ਮਿਆਦ ਵਾਲੀ ਰਣਨੀਤੀ ਲਾਗੂ ਕੀਤੀ ਹੈ। ਇਸ ਤਹਿਤ ਦੇਸ਼ ਵਿੱਚ ਪਹਿਲੀ ਵਾਰ ਸਕੂਲ ਪੱਧਰ 'ਤੇ ਸਬੂਤ-ਆਧਾਰਿਤ (ਐਵੀਡੈਂਸ ਬੇਸਡ) ਐਂਟੀ-ਡਰੱਗ ਪਾਠਕ੍ਰਮ ਲਾਗੂ ਕੀਤਾ ਗਿਆ ਹੈ।
ਪਿਛਲੇ ਸਾਲ ਅਗਸਤ ਵਿੱਚ ਸ਼ੁਰੂ ਕੀਤੇ ਇਸ ਪਾਠਕ੍ਰਮ ਨੂੰ ਅਗਲੇ ਮਹੀਨੇ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਵੇਲੇ ਰਾਜ ਦੇ 3,658 ਸਕੂਲਾਂ ਦੇ ਕਰੀਬ 8 ਲੱਖ ਵਿਦਿਆਰਥੀ ਇਸ ਨਾਲ ਜੁੜੇ ਹੋਏ ਹਨ, ਜਦਕਿ 6,500 ਤੋਂ ਵੱਧ ਸਿਖਿੱਅਤ ਅਧਿਆਪਕ ਇਸ ਦੀ ਪੜ੍ਹਾਈ ਕਰਵਾ ਰਹੇ ਹਨ। ਇਹ ਪਾਠਕ੍ਰਮ ਜੇ-ਪਾਲ ਸਾਊਥ ਏਸ਼ੀਆ ਅਤੇ ਵਿਵਹਾਰਕ ਵਿਗਿਆਨੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
ਨਸ਼ੇ ਨੂੰ ਨਾਂਹ ਕਹਿਣ ਦੇ ਵਿਹਾਰਕ ਹੁਨਰ ਵੀ ਸਿਖਾਏ ਜਾ ਰਹੇ
ਇਹ ਪਾਠਕ੍ਰਮ ਰਵਾਇਤੀ ਜਾਗਰੂਕਤਾ ਮੁਹਿੰਮਾਂ ਤੋਂ ਵੱਖਰਾ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਸਿਰਫ਼ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ, ਸਗੋਂ ਸਾਥੀਆਂ ਦੇ ਦਬਾਅ ਨੂੰ ਸਮਝਣ, ਸਹੀ ਫ਼ੈਸਲੇ ਲੈਣ ਅਤੇ ਨਸ਼ੇ ਨੂੰ ਠੁਕਰਾਉਣ ਦੇ ਵਿਹਾਰਕ ਹੁਨਰ ਵੀ ਸਿਖਾਏ ਜਾਂਦੇ ਹਨ। ਇਸ ਮੁਹਿੰਮ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (ਟੀਆਈਐੱਸਐੱਸ) ਦੇ ਸਹਿਯੋਗ ਨਾਲ ਨੌਂ ਜ਼ਿਲ੍ਹਿਆਂ, ਖ਼ਾਸ ਕਰਕੇ ਸਰਹੱਦੀ ਖੇਤਰਾਂ ਦੇ 1,400 ਤੋਂ ਵੱਧ ਸਕੂਲ ਮੁਖੀਆਂ ਨੂੰ ਤਰਬੀਅਤ ਦਿੱਤੀ ਗਈ ਹੈ ਤਾਂ ਜੋ ਉਹ ਨਸ਼ਿਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰ ਸਕਣ ਅਤੇ ਸੰਵੇਦਨਸ਼ੀਲ ਦਖ਼ਲ ਦੇ ਸਕਣ।
ਮਾਈਂਡਫੁਲਨੈੱਸ ਪ੍ਰੋਗਰਾਮ ਦੇ ਵੀ ਮਿਲੇ ਉਤਸਾਹਜਨਕ ਨਤੀਜੇ
ਅੰਮ੍ਰਿਤਸਰ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 3,000 ਤੋਂ ਵੱਧ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪਾਂ ਕਰਵਾਈਆਂ ਗਈਆਂ। ਟਰੇਨਿੰਗ ਮਗਰੋਂ 75 ਫ਼ੀਸਦੀ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤਮੰਦ ਸਕੂਲੀ ਮਾਹੌਲ ਸਿਰਜਣ ਦੀ ਪ੍ਰੇਰਣਾ ਮਿਲੀ, ਜਦਕਿ 85 ਫ਼ੀਸਦੀ ਅਧਿਆਪਕਾਂ ਨੇ ਮੰਨਿਆ ਕਿ ਕਿਸ਼ੋਰਾਂ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਸਿੱਧਾ ਸਬੰਧ ਤਣਾਅ, ਸਾਥੀਆਂ ਦੇ ਦਬਾਅ ਅਤੇ ਭਾਵਨਾਤਮਕ ਚੁਣੌਤੀਆਂ ਨਾਲ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਰੋਜ਼ਾਨਾ 30 ਮਿੰਟ ਦਾ ਮਾਈਂਡਫੁਲਨੈੱਸ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ। ਮੁਹਾਲੀ ਦੇ 210 ਸਰਕਾਰੀ ਸਕੂਲਾਂ ਵਿੱਚ ਪਾਇਲਟ ਆਧਾਰ 'ਤੇ ਚਲਾਏ ਗਏ ਇਸ ਪ੍ਰੋਗਰਾਮ ਵਿੱਚ 83 ਫ਼ੀਸਦੀ ਵਿਦਿਆਰਥੀਆਂ ਨੇ ਤਣਾਅ ਘਟਣ ਅਤੇ ਮੁਸ਼ਕਲ ਹਾਲਾਤਾਂ ਦਾ ਬਿਹਤਰ ਢੰਗ ਨਾਲ ਸਾਹਮਣਾ ਕਰਨ ਦੀ ਗੱਲ ਕਹੀ।
ਨਸ਼ਿਆਂ ਤੋਂ ਬਚਿਆ ਹਰ ਬੱਚਾ ਸੁਰੱਖਿਅਤ ਭਵਿੱਖ ਦੀ ਨੀਂਹ: ਡਾ. ਬਲਬੀਰ ਸਿੰਘ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਤੋਂ ਬਚਾਇਆ ਗਿਆ ਹਰ ਬੱਚਾ ਸੁਰੱਖਿਅਤ ਭਵਿੱਖ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ ਖ਼ਿਲਾਫ਼ ਅਜਿਹਾ ਮਾਡਲ ਵਿਕਸਿਤ ਕਰ ਰਿਹਾ ਹੈ, ਜਿਸ ਵਿੱਚ ਰੋਕਥਾਮ, ਜਾਗਰੂਕਤਾ ਅਤੇ ਵਿਗਿਆਨਕ ਦਖ਼ਲ ਨੂੰ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਬਣਾਇਆ ਗਿਆ ਹੈ।