- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Mandi Board ਦੇ ਚੇਅਰਮੈਨ ਹਰਚੰਦ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਆਪਣੀ ਕਮਾਈ ਨੂੰ ਵਧਾਉਣ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਲਈ ਵੀ ਕਈ ਨਵੀਆਂ ਪਹਿਲਕਦਮੀਆਂ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ 32 ਨਵੇਂ ਪੈਟਰੋਲ ਪੰਪ ਲੀਜ਼ 'ਤੇ ਦਿੱਤੇ ਜਾਣਗੇ।

ਡਾ. ਸੁਮਿਤ ਸਿੰਘ ਸ਼ਿਓਰਾਨ, ਜਾਗਰਣ ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਸੂਬੇ ਦੀਆਂ ਮੰਡੀਆਂ ਨੂੰ ਬਿਹਤਰ ਵਰਤੋਂ 'ਚ ਲਿਆਉਣ ਲਈ ਕਈ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਸਾਲ ਦੇ ਕਈ ਮਹੀਨਿਆਂ ਤਕ ਖਾਲੀ ਰਹਿਣ ਵਾਲੀਆਂ ਮੰਡੀਆਂ 'ਚ ਹੁਣ ਇਨਡੋਰ ਸਟੇਡੀਅਮ ਤਿਆਰ ਕਰ ਕੇ ਖਿਡਾਰੀਆਂ ਨੂੰ ਨਵੀਂ ਸਹੂਲਤ ਦਿੱਤੀ ਜਾਵੇਗੀ। ਪੰਜਾਬ ਮੰਡੀ ਬੋਰਡ ਦੀ ਮੰਗਲਵਾਰ ਨੂੰ ਹੋਈ ਬੈਠਕ 'ਚ ਕਈ ਅਹਿਮ ਫੈਸਲੇ ਲਏ ਗਏ ਹਨ। ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਆਪਣੀ ਕਮਾਈ ਨੂੰ ਵਧਾਉਣ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਲਈ ਵੀ ਕਈ ਨਵੀਆਂ ਪਹਿਲਕਦਮੀਆਂ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ 32 ਨਵੇਂ ਪੈਟਰੋਲ ਪੰਪ ਲੀਜ਼ 'ਤੇ ਦਿੱਤੇ ਜਾਣਗੇ।
ਸਾਰੀਆਂ ਮੰਡੀਆਂ 'ਚ ਜਨਰਲ ਦੁਕਾਨਾਂ ਦੇ ਨਾਲ-ਨਾਲ ਜਗ੍ਹਾ ਨੂੰ ਦੇਖਦੇ ਹੋਏ ਰੈਸਟੋਰੈਂਟ ਖੋਲ੍ਹਣ ਦਾ ਵੀ ਪਲਾਨ ਹੈ। ਇਸ ਨਾਲ ਪੂਰਾ ਸਾਲ ਮੰਡੀ 'ਚ ਰੌਣਕ ਰਹੇਗੀ ਅਤੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੀ ਜਗ੍ਹਾ ਦੀ ਪੂਰੇ ਸਾਲ ਸਹੀ ਵਰਤੋਂ ਕਰਨ ਨੂੰ ਲੈ ਕੇ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਨਾਲ ਸਰਕਾਰ ਨੂੰ ਆਮਦਨ ਹੋਣ ਦੇ ਨਾਲ ਹੀ ਲੋਕਾਂ ਨੂੰ ਵੀ ਫਾਇਦਾ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਸਮਾਣਾ ਸਥਿਤ ਦਦੇਦੜਾ ਪਿੰਡ ਦੀ ਪੰਚਾਇਤ ਨੇ ਨਵੀਂ ਮੰਡੀ ਬਣਾਉਣ ਲਈ 18 ਏਕੜ ਜ਼ਮੀਨ ਦਿੱਤੀ ਹੈ। ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਪ੍ਰੋਗਰਾਮ 'ਚ ਗ੍ਰਾਮ ਪੰਚਾਇਤ ਦੇ ਸਰਪੰਚ ਅਤੇ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਨੇ ਦੱਸਿਆ ਕਿ ਪੂਰੇ ਸੂਬੇ 'ਚ ਚਾਰ-ਪੰਜ ਨਵੀਆਂ ਮੰਡੀਆਂ ਸ਼ੁਰੂ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਮੁਦਲਾੜਾ 'ਚ 51 ਏਕੜ ਜ਼ਮੀਨ 'ਤੇ ਮੰਡੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਦੀ ਕਾਫ਼ੀ ਜ਼ਮੀਨ ਦੀ ਪੰਜਾਬ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਬਿਹਤਰ ਤਰੀਕੇ ਨਾਲ ਵਰਤੋਂ ਕੀਤੀ ਜਾਵੇਗੀ। ਸਾਰੀਆਂ ਮੰਡੀਆਂ 'ਚ ਇਲੈਕਟ੍ਰਿਕ ਚਾਰਜਿੰਗ ਦੀ ਸਹੂਲਤ ਦੇ ਨਾਲ-ਨਾਲ ਲੋਕਾਂ ਨੂੰ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।
ਮੰਡੀ ਬੋਰਡ ਚੇਅਰਮੈਨ ਨੇ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ (RDF) ਤਹਿਤ ਕੇਂਦਰ ਸਰਕਾਰ ਵੱਲੋਂ ਅਜੇ ਤਕ 9800 ਕਰੋੜ ਦਾ ਫੰਡ ਨਹੀਂ ਮਿਲ ਸਕਿਆ ਹੈ ਜੋ ਕਿ 2021-22 ਤੋਂ ਬਕਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪੈਸਾ ਮਿਲ ਜਾਂਦਾ ਹੈ ਤਾਂ 20000 ਕਿਲੋਮੀਟਰ ਤੋਂ ਵੱਧ ਸੜਕਾਂ ਦੀ ਮੁਰੰਮਤ ਤੇ ਨਵੀਆਂ ਸੜਕਾਂ ਬਣਾਉਣ ਦੇ ਕੰਮ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ 'ਚ ATM, ਯੂਨੀਪੋਲ, ਪੈਟਰੋਲ ਪੰਪਾਂ ਤੋਂ ਇਲਾਵਾ ਸਮਾਜਿਕ ਸਮਾਗਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਇਸ ਨਾਲ ਸਰਕਾਰ ਦੇ ਖ਼ਜ਼ਾਨੇ 'ਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ।
ਇਕ ਸਵਾਲ ਦੇ ਜਵਾਬ 'ਚ ਚੇਅਰਮੈਨ ਨੇ ਕਿਹਾ ਕਿ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (FCI) ਵੱਲੋਂ ਸੂਬੇ ਦੇ ਗੋਦਾਮਾਂ 'ਚੋਂ ਲਿਫਟਿੰਗ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ 'ਚ ਵਾਰ-ਵਾਰ ਕੇਂਦਰ ਸਰਕਾਰ ਨੂੰ ਲਿਖਿਆ ਵੀ ਜਾ ਚੁੱਕਾ ਹੈ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪਾਰਟੀ ਇਸ ਦੀ ਤਿਆਰੀ 'ਚ ਜੁਟ ਚੁੱਕੀ ਹੈ, 15 ਅਗਸਤ ਤਕ ਹਲਕਾ ਤੇ ਬਲਾਕ ਪੱਧਰ 'ਤੇ ਸਾਰੇ ਇੰਚਾਰਜ ਦੌਰਾ ਕਰਕੇ ਰਿਪੋਰਟ ਦੇਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ 4.5 ਸਾਲਾਂ 'ਚ ਸਾਰੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਹੈ, ਇਸ ਲਈ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਮੰਡੀ ਬੋਰਡ ਦੇ ਜੁਆਇੰਟ ਸੈਕਟਰੀ ਹਰਜੀਤ ਸਿੰਘ ਸੰਧੂ ਤੇ ਬੋਰਡ ਦੇ ਹੋਰ ਮੈਂਬਰ ਵੀ ਮੌਜੂਦ ਸਨ।