- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਕੇਵਲ ਤਸਕਰਾਂ ਅਤੇ ਸਪਲਾਇਰਾਂ 'ਤੇ ਕਾਰਵਾਈ ਤੱਕ ਸੀਮਤ ਨਹੀਂ ਹੈ, ਬਲਕਿ ਰੋਕਥਾਮ, ਸਮੇਂ ਸਿਰ ਪਛਾਣ, ਇਲਾਜ ਅਤੇ ਮੁੜ-ਵਸੇਬਾ ਵੀ ਉੱਨੇ ਹੀ ਮਹੱਤਵਪੂਰਨ ਹਨ

ਰਾਜ ਬਿਊਰੋ, ਚੰਡੀਗੜ੍ਹ: ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪੰਜਾਬ ਸਰਕਾਰ ਵੱਲੋਂ 1 ਮਾਰਚ 2025 ਨੂੰ ਸ਼ੁਰੂ ਕੀਤੀ ਗਈ ਇਸ ਰਾਜਵਿਆਪੀ ਮੁਹਿੰਮ ਤਹਿਤ ਮਈ 2026 ਤੱਕ ਪੰਜਾਬ ਦੇ ਵੱਖ-ਵੱਖ ਨਸ਼ਾ ਮੁਕਤੀ ਅਤੇ ਓਓਏਟੀ (ਆਊਟ ਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ) ਕੇਂਦਰਾਂ ਵਿੱਚ 90 ਹਜ਼ਾਰ ਤੋਂ ਵੱਧ ਨਸ਼ਾ ਪੀੜਤਾਂ ਨੂੰ ਦਾਖ਼ਲ ਕਰਕੇ ਉਨ੍ਹਾਂ ਦਾ ਇਲਾਜ ਅਤੇ ਮੁੜ-ਵਸੇਬਾ ਕੀਤਾ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਕੇਵਲ ਤਸਕਰਾਂ ਅਤੇ ਸਪਲਾਇਰਾਂ 'ਤੇ ਕਾਰਵਾਈ ਤੱਕ ਸੀਮਤ ਨਹੀਂ ਹੈ, ਬਲਕਿ ਰੋਕਥਾਮ, ਸਮੇਂ ਸਿਰ ਪਛਾਣ, ਇਲਾਜ ਅਤੇ ਮੁੜ-ਵਸੇਬਾ ਵੀ ਉੱਨੇ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅਧਿਆਪਕ, ਮਾਤਾ-ਪਿਤਾ ਅਤੇ ਸਮਾਜ ਦੇ ਜਾਗਰੂਕ ਲੋਕ ਨਸ਼ਿਆਂ ਖ਼ਿਲਾਫ਼ ਪਹਿਲੀ ਸੁਰੱਖਿਆ ਲਾਈਨ ਹਨ, ਜੋ ਸ਼ੁਰੂਆਤੀ ਸੰਕੇਤਾਂ ਨੂੰ ਪਛਾਣ ਕੇ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫ਼ਤ ਵਿੱਚ ਜਾਣ ਤੋਂ ਬਚਾ ਸਕਦੇ ਹਨ।
ਇੰਝ ਪਛਾਣੋ ਨਸ਼ੇ ਦੇ ਲੱਛਣ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨਸ਼ੇ ਦੀ ਸ਼ੁਰੂਆਤ ਅਕਸਰ ਵਿਵਹਾਰ ਅਤੇ ਭਾਵਨਾਤਮਕ ਬਦਲਾਵਾਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਅਚਾਨਕ ਚਿੜਚਿੜਾਪਨ, ਪੜ੍ਹਾਈ ਜਾਂ ਕੰਮ ਵਿੱਚ ਗਿਰਾਵਟ, ਪਰਿਵਾਰ ਤੋਂ ਦੂਰੀ ਬਣਾਉਣਾ, ਰੋਜ਼ਾਨਾ ਦੀ ਰੁਟੀਨ ਨੂੰ ਲੈ ਕੇ ਗੁਪਤਤਾ, ਪੈਸਿਆਂ ਦੀ ਅਸਧਾਰਨ ਮੰਗ, ਨਵੇਂ ਦੋਸਤਾਂ ਦੇ ਗਰੁੱਪ, ਨੀਂਦ ਦੀ ਸਮੱਸਿਆ ਅਤੇ ਖੇਡਾਂ ਵਰਗੀਆਂ ਗਤੀਵਿਧੀਆਂ ਵਿੱਚ ਰੁਚੀ ਘੱਟ ਹੋਣਾ ਇਸਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ।
ਉੱਥੇ ਹੀ, ਨਿੱਜੀ ਸਾਫ਼-ਸਫ਼ਾਈ ਦੀ ਅਣਦੇਖੀ, ਅੱਖਾਂ ਦਾ ਲਾਲ ਹੋਣਾ, ਥਕਾਵਟ, ਬਹੁਤ ਜ਼ਿਆਦਾ ਸੁਸਤੀ, ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਅਤੇ ਵਜ਼ਨ ਵਿੱਚ ਅਚਾਨਕ ਉਤਾਰ-ਚੜ੍ਹਾਅ ਵੀ ਚਿੰਤਾ ਦਾ ਵਿਸ਼ਾ ਹੋ ਸਕਦੇ ਹਨ।
ਕਈ ਲੋਕ ਆਮ ਜੀਵਨ ਵਿੱਚ ਪਰਤੇ
ਮੁਹਿੰਮ ਤਹਿਤ ਇਲਾਜ ਕਰਵਾ ਚੁੱਕੇ ਕਈ ਲੋਕਾਂ ਨੇ ਆਮ ਜੀਵਨ ਵਿੱਚ ਵਾਪਸੀ ਕੀਤੀ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਹੁਣ ਉਹ ਬਿਹਤਰ ਭਵਿੱਖ ਵੱਲ ਵਧ ਰਿਹਾ ਹੈ। ਉੱਥੇ ਹੀ, ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਦੇ ਰਹਿਣ ਵਾਲੇ ਇੱਕ ਹੋਰ ਨੌਜਵਾਨ ਨੇ ਕਿਹਾ ਕਿ ਇਲਾਜ ਅਤੇ ਕੌਂਸਲਿੰਗ ਦੀ ਮਦਦ ਨਾਲ ਉਹ ਫਿਰ ਤੋਂ ਪਰਿਵਾਰ ਅਤੇ ਕੰਮਕਾਜ ਨਾਲ ਜੁੜ ਸਕਿਆ ਹੈ।
ਸਰਕਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਲ੍ਹੜ ਬੱਚਿਆਂ ਨਾਲ ਲੋੜੀਂਦਾ ਸਮਾਂ ਬਿਤਾਉਣ, ਖੁੱਲ੍ਹ ਕੇ ਗੱਲਬਾਤ ਕਰਨ, ਉਨ੍ਹਾਂ ਦੀ ਸੰਗਤ ਅਤੇ ਰੁਟੀਨ 'ਤੇ ਨਜ਼ਰ ਰੱਖਣ ਅਤੇ ਕਿਸੇ ਵੀ ਸ਼ੱਕੀ ਬਦਲਾਅ 'ਤੇ ਤੁਰੰਤ ਮਾਹਿਰਾਂ ਦੀ ਸਲਾਹ ਲੈਣ। ਸਿਹਤ ਮੰਤਰੀ ਅਨੁਸਾਰ ਨਸ਼ਾਮੁਕਤ ਪੰਜਾਬ ਦਾ ਟੀਚਾ ਉਦੋਂ ਹੀ ਹਾਸਲ ਹੋਵੇਗਾ, ਜਦੋਂ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੇ ਨਾਲ ਪਰਿਵਾਰ, ਵਿੱਦਿਅਕ ਅਦਾਰੇ, ਸਿਹਤ ਕਰਮੀ ਅਤੇ ਸਮਾਜ ਮਿਲ ਕੇ ਇਸ ਲੜਾਈ ਨੂੰ ਜਨ ਅੰਦੋਲਨ ਦਾ ਰੂਪ ਦੇਣਗੇ।