- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਟਿਸ ਮਹਾਬੀਰ ਸਿੰਘ ਸਿੰਧੂ ਨੂੰ 10 ਜੁਲਾਈ 2017 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਤਿੰਨ ਦਸੰਬਰ 2018 ਨੂੰ ਉਨ੍ਹਾਂ ਨੂੰ ਸਥਾਈ ਜੱਜ ਬਣਾਇਆ ਗਿਆ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਸੰਵਿਧਾਨਕ, ਫੌਜਦਾਰੀ (ਕ੍ਰਿਮੀਨਲ), ਦੀਵਾਨੀ (ਸਿਵਲ) ਅਤੇ ਸੇਵਾ ਮਾਮਲਿਆਂ ਦੀ ਸੁਣਵਾਈ ਕਰਕੇ ਨਿਆਂਇਕ ਪ੍ਰਣਾਲੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਦਯਾਨੰਦ ਸ਼ਰਮਾ, ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਐਤਵਾਰ ਤੜਕੇ ਦੇਹਾਂਤ ਹੋ ਗਿਆ। ਉਹ 59 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਹਾਈ ਕੋਰਟ ਪ੍ਰਸ਼ਾਸਨ ਅਨੁਸਾਰ ਉਨ੍ਹਾਂ ਨੇ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਵਿੱਚ ਸਵੇਰੇ 2 ਵਜ ਕੇ 50 ਮਿੰਟ 'ਤੇ ਆਖਰੀ ਸਾਹ ਲਿਆ।
ਜਸਟਿਸ ਮਹਾਬੀਰ ਸਿੰਘ ਸਿੰਧੂ ਨੂੰ 10 ਜੁਲਾਈ 2017 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਤਿੰਨ ਦਸੰਬਰ 2018 ਨੂੰ ਉਨ੍ਹਾਂ ਨੂੰ ਸਥਾਈ ਜੱਜ ਬਣਾਇਆ ਗਿਆ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਸੰਵਿਧਾਨਕ, ਫੌਜਦਾਰੀ (ਕ੍ਰਿਮੀਨਲ), ਦੀਵਾਨੀ (ਸਿਵਲ) ਅਤੇ ਸੇਵਾ ਮਾਮਲਿਆਂ ਦੀ ਸੁਣਵਾਈ ਕਰਕੇ ਨਿਆਂਇਕ ਪ੍ਰਣਾਲੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਚਾਰ ਅਪ੍ਰੈਲ 1967 ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਉਪ-ਮੰਡਲ ਦੇ ਪਿੰਡ ਮਸੂਦਪੁਰ ਵਿੱਚ ਜਨਮੇ ਜਸਟਿਸ ਸਿੰਧੂ ਪਹਿਲੀ ਪੀੜ੍ਹੀ ਦੇ ਵਕੀਲ ਸਨ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਸਰਕਾਰੀ ਹਾਈ ਸਕੂਲ, ਮਸੂਦਪੁਰ ਤੋਂ ਪ੍ਰਾਪਤ ਕੀਤੀ ਅਤੇ ਸਾਲ 1992 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ। ਇਸੇ ਸਾਲ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵਿੱਚ ਐਡਵੋਕੇਟ ਵਜੋਂ ਨਾਮਜ਼ਦਗੀ ਕਰਵਾਈ।
ਵਕਾਲਤ ਦੌਰਾਨ ਉਨ੍ਹਾਂ ਨੇ ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੀਵਾਨੀ, ਫੌਜਦਾਰੀ, ਸੰਵਿਧਾਨਕ ਅਤੇ ਸੇਵਾ ਸੰਬੰਧੀ ਮਾਮਲਿਆਂ ਵਿੱਚ ਪ੍ਰੈਕਟਿਸ ਕੀਤੀ। ਉਹ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ, ਕੁਰੂਕਸ਼ੇਤਰ ਯੂਨੀਵਰਸਿਟੀ, ਇੰਡੀਅਨ ਰੈੱਡ ਕਰਾਸ ਸੋਸਾਇਟੀ ਦੀ ਹਰਿਆਣਾ ਸ਼ਾਖਾ, ਸਹਿਕਾਰੀ ਬੈਂਕਾਂ ਅਤੇ ਬੀ.ਐਸ.ਐਨ.ਐਲ. ਸਮੇਤ ਕਈ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਦੇ ਵਕੀਲ ਵੀ ਰਹੇ।
ਜਸਟਿਸ ਸਿੰਧੂ ਨੂੰ ਸਾਲ 1999 ਵਿੱਚ ਵਧੀਕ ਕੇਂਦਰੀ ਸਰਕਾਰੀ ਸਥਾਈ ਐਡਵੋਕੇਟ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਲ 2000 ਵਿੱਚ ਉਨ੍ਹਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ਵਧੀਕ ਸਰਕਾਰੀ ਵਕੀਲ ਬਣਾਇਆ ਗਿਆ। ਉਨ੍ਹਾਂ ਨੇ ਸਾਲ 2004 ਤੋਂ 2008 ਤੱਕ ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ, ਸਤੰਬਰ 2008 ਤੋਂ ਦਸੰਬਰ 2009 ਤੱਕ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਅਤੇ ਦਸੰਬਰ 2009 ਤੋਂ ਫਰਵਰੀ 2013 ਤੱਕ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਮੁੜ ਨਿੱਜੀ ਵਕਾਲਤ ਸ਼ੁਰੂ ਕਰ ਦਿੱਤੀ ਸੀ। ਸਾਲ 2016 ਵਿੱਚ ਉਨ੍ਹਾਂ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਧੀਨ ਅਦਾਲਤਾਂ ਨਾਲ ਜੁੜੇ ਮਾਮਲਿਆਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨੁਮਾਇੰਦਗੀ ਕਰਨ ਲਈ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ।
ਨਿਆਂਇਕ ਜ਼ਿੰਮੇਵਾਰੀਆਂ ਤੋਂ ਇਲਾਵਾ ਜਸਟਿਸ ਸਿੰਧੂ ਇੰਟਰਨੈਸ਼ਨਲ ਲਾਅ ਐਸੋਸੀਏਸ਼ਨ (ਇੰਡੀਆ), ਦਿਵਿਆਂਗਜਨ ਅਧਿਕਾਰਾਂ ਨਾਲ ਸਬੰਧਤ ਰਾਜ ਕਾਰਜਕਾਰੀ ਕਮੇਟੀ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਤੇ ਸੇਂਟ ਜੌਨ ਐਂਬੂਲੈਂਸ (ਇੰਡੀਆ) ਦੀ ਹਰਿਆਣਾ ਇਕਾਈ ਦੀਆਂ ਵਿਭਿੰਨ ਕਮੇਟੀਆਂ ਨਾਲ ਵੀ ਜੁੜੇ ਰਹੇ।
ਉਨ੍ਹਾਂ ਦਾ ਸਸਕਾਰ ਐਤਵਾਰ ਸ਼ਾਮ ਪੰਜ ਵਜੇ ਉਨ੍ਹਾਂ ਦੇ ਜੱਦੀ ਪਿੰਡ ਮਸੂਦਪੁਰ, ਜ਼ਿਲ੍ਹਾ ਹਾਂਸੀ ਵਿੱਚ ਕੀਤਾ ਜਾਵੇਗਾ।