- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਹੀ 16 ਪਰਿਵਾਰਾਂ ਦੇ ਫ਼ੈਸਲੇ ਨਾਲ 80 ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਨਵੀਂ ਆਸ ਜਗੀ। ਇਨ੍ਹਾਂ ਵਿੱਚੋਂ 52 ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੇ ਅੰਗ ਮਿਲੇ, ਜਦਕਿ 28 ਵਿਅਕਤੀਆਂ ਨੂੰ ਕੌਰਨੀਆ ਟਰਾਂਸਪਲਾਂਟ ਰਾਹੀਂ ਮੁੜ ਰੌਸ਼ਨੀ ਮਿਲੀ। 'ਸਮਰਥਨ-2026' ਸਮਾਗਮ ਦੌਰਾਨ ਇਨ੍ਹਾਂ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਆਪਣੇ ਕਿਸੇ ਪਿਆਰੇ ਨੂੰ ਹਮੇਸ਼ਾ ਲਈ ਗੁਆਉਣ ਦਾ ਦੁੱਖ ਹਰ ਪਰਿਵਾਰ ਲਈ ਅਸਹਿਣ ਹੁੰਦਾ ਹੈ, ਪਰ ਕੁਝ ਪਰਿਵਾਰ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਸਭ ਤੋਂ ਔਖੇ ਵੇਲੇ ਵਿੱਚ ਵੀ ਕਿਸੇ ਹੋਰ ਦੀ ਜ਼ਿੰਦਗੀ ਬਚਾਉਣ ਦਾ ਹੌਸਲਾ ਦਿਖਾਉਂਦੇ ਹਨ। ਅਜਿਹੇ ਹੀ 16 ਪਰਿਵਾਰਾਂ ਦੇ ਫ਼ੈਸਲੇ ਨਾਲ 80 ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਨਵੀਂ ਆਸ ਜਗੀ। ਇਨ੍ਹਾਂ ਵਿੱਚੋਂ 52 ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੇ ਅੰਗ ਮਿਲੇ, ਜਦਕਿ 28 ਵਿਅਕਤੀਆਂ ਨੂੰ ਕੌਰਨੀਆ ਟਰਾਂਸਪਲਾਂਟ ਰਾਹੀਂ ਮੁੜ ਰੌਸ਼ਨੀ ਮਿਲੀ। 'ਸਮਰਥਨ-2026' ਸਮਾਗਮ ਦੌਰਾਨ ਇਨ੍ਹਾਂ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਉੱਤਰੀ ਭਾਰਤ ਵਿੱਚ ਮ੍ਰਿਤਕ ਅੰਗਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਚੰਡੀਗੜ੍ਹ ਸਥਿਤ ਪੀਜੀਆਈ ਅਧੀਨ ਕੰਮ ਕਰ ਰਿਹਾ ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ਰੋਟੋ ਉੱਤਰ) ਪਿਛਲੇ ਇੱਕ ਦਹਾਕੇ ਤੋਂ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਾਲ 2015 ਤੋਂ ਇਹ ਸੰਸਥਾ ਅੰਗਾਂ ਦੀ ਪਾਰਦਰਸ਼ੀ ਵੰਡ, ਬ੍ਰੇਨ-ਸਟੈਮ ਮੌਤ ਦੀ ਸਮੇਂ ਸਿਰ ਪਛਾਣ, ਪਰਿਵਾਰਾਂ ਦੀ ਕਾਊਂਸਲਿੰਗ ਅਤੇ ਅੰਗਦਾਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਕਾਰਜ ਲਈ ਸੰਸਥਾ ਨੂੰ ਤਿੰਨ ਵਾਰ ਦੇਸ਼ ਦੇ ਸਰਵੋਤਮ ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਵਜੋਂ ਵੀ ਸਨਮਾਨ ਮਿਲ ਚੁੱਕਾ ਹੈ।
ਮ੍ਰਿਤਕ ਅੰਗਦਾਨ ਵਿੱਚ ਪੰਜਾਬ ਸਭ ਤੋਂ ਅੱਗੇ
ਸੰਸਥਾ ਦੇ ਅੰਕੜਿਆਂ ਅਨੁਸਾਰ ਸਾਲ 2015 ਤੋਂ 2019 ਦਰਮਿਆਨ ਮਿਲੇ 156 ਮ੍ਰਿਤਕ ਅੰਗਦਾਨਾਂ ਵਿੱਚੋਂ ਸਭ ਤੋਂ ਵੱਧ 64 ਪੰਜਾਬ ਤੋਂ ਪ੍ਰਾਪਤ ਹੋਏ। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ 36-36, ਚੰਡੀਗੜ੍ਹ ਤੋਂ 11, ਉੱਤਰ ਪ੍ਰਦੇਸ਼ ਤੋਂ ਪੰਜ, ਜਦਕਿ ਉੱਤਰਾਖੰਡ ਅਤੇ ਰਾਜਸਥਾਨ ਤੋਂ ਇੱਕ-ਇੱਕ ਅੰਗਦਾਨ ਦਰਜ ਹੋਇਆ। ਹਾਲਾਂਕਿ 2024 ਵਿੱਚ ਰਾਜਸਥਾਨ ਪਹਿਲੇ ਸਥਾਨ 'ਤੇ ਰਿਹਾ, ਪਰ ਇੱਕ ਦਹਾਕੇ ਦੇ ਕੁੱਲ ਅੰਕੜਿਆਂ ਵਿੱਚ ਪੰਜਾਬ ਦੇ ਪਰਿਵਾਰਾਂ ਨੇ ਮ੍ਰਿਤਕ ਅੰਗਦਾਨ ਪ੍ਰਤੀ ਸਭ ਤੋਂ ਵੱਧ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ।
ਉਡੀਕ ਸੂਚੀ ਅਜੇ ਵੀ ਲੰਬੀ
ਪੀਜੀਆਈ ਦੇ ਰਿਕਾਰਡ ਅਨੁਸਾਰ 2019 ਤੱਕ 203 ਮ੍ਰਿਤਕ ਅੰਗਦਾਤਾਵਾਂ ਰਾਹੀਂ 480 ਤੋਂ ਵੱਧ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ। 2022 ਤੱਕ ਇਹ ਗਿਣਤੀ 259 ਅੰਗਦਾਤਾਵਾਂ ਤੱਕ ਪਹੁੰਚ ਗਈ, ਜਿਨ੍ਹਾਂ ਰਾਹੀਂ ਸੈਂਕੜੇ ਗੁਰਦੇ, ਜਿਗਰ, ਦਿਲ, ਅਗਨਾਸ਼ੇ ਅਤੇ ਫੇਫੜਿਆਂ ਦੇ ਸਫ਼ਲ ਟਰਾਂਸਪਲਾਂਟ ਕੀਤੇ ਗਏ। ਸਾਲ 2023 ਤੋਂ 2026 ਤੱਕ ਵੀ ਕਰੀਬ 450 ਅੰਗ ਟਰਾਂਸਪਲਾਂਟ ਹੋ ਚੁੱਕੇ ਹਨ। ਸਾਲ 2024 ਵਿੱਚ ਪੀਜੀਆਈ ਨੇ 320 ਅੰਗ ਟਰਾਂਸਪਲਾਂਟ ਕਰਕੇ ਉੱਤਰੀ ਭਾਰਤ ਦੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਇਸ ਦੇ ਬਾਵਜੂਦ ਅੰਗਦਾਨ ਦੀ ਲੋੜ ਅਤੇ ਉਪਲਬਧਤਾ ਵਿਚਕਾਰ ਵੱਡਾ ਫ਼ਰਕ ਕਾਇਮ ਹੈ। ਇਸ ਸਮੇਂ 5,600 ਤੋਂ ਵੱਧ ਮਰੀਜ਼ ਅੰਗਾਂ ਦੀ ਉਡੀਕ ਸੂਚੀ ਵਿੱਚ ਹਨ। ਇਨ੍ਹਾਂ ਵਿੱਚ ਕਰੀਬ 3,300 ਮਰੀਜ਼ ਗੁਰਦੇ ਦੇ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ, ਜਦਕਿ ਹਜ਼ਾਰਾਂ ਲੋਕ ਕੌਰਨੀਆ ਟਰਾਂਸਪਲਾਂਟ ਰਾਹੀਂ ਨਜ਼ਰ ਮਿਲਣ ਦੀ ਆਸ ਲਗਾਈ ਬੈਠੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਮ੍ਰਿਤਕ ਅੰਗਦਾਨ ਦੀ ਦਰ ਵਿੱਚ ਹੋਰ ਵਾਧਾ ਹੋਵੇ ਤਾਂ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਅੱਠ ਸੂਬਿਆਂ ਵਿਚ ਅੰਗਦਾਨ ਪ੍ਰਣਾਲੀ ਦਾ ਤਾਲਮੇਲ
ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ਰੋਟੋ ਉੱਤਰ) ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਅੰਗਦਾਨ ਅਤੇ ਅੰਗ ਟਰਾਂਸਪਲਾਂਟ ਪ੍ਰਣਾਲੀ ਦਾ ਤਾਲਮੇਲ ਕਰ ਰਿਹਾ ਹੈ। ਸੰਸਥਾ ਦਾ ਟੀਚਾ ਹਰ ਹਸਪਤਾਲ ਵਿਚ ਬ੍ਰੇਨ-ਸਟੈਮ ਮੌਤ ਦੀ ਸਮੇਂ ਸਿਰ ਪਛਾਣ, ਪਰਿਵਾਰਾਂ ਦੀ ਪ੍ਰਭਾਵਸ਼ਾਲੀ ਕਾਊਂਸਲਿੰਗ ਅਤੇ ਅੰਗਦਾਨ ਦੀ ਸੰਸਕ੍ਰਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਕਿਸੇ ਵੀ ਮਰੀਜ਼ ਦੀ ਮੌਤ ਸਿਰਫ਼ ਅੰਗ ਉਪਲਬਧ ਨਾ ਹੋਣ ਕਾਰਨ ਨਾ ਹੋਵੇ।