- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਟੀਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਖੇਡ ਨੀਤੀ ਅਨੁਸਾਰ ਨੈਸ਼ਨਲ ਸਕੂਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਨੂੰ 75 ਹਜ਼ਾਰ, ਚਾਂਦੀ ਦੇ ਤਗ਼ਮੇ ਲਈ 50 ਹਜ਼ਾਰ ਅਤੇ ਕਾਂਸੀ ਦੇ ਤਗ਼ਮੇ ਲਈ 30 ਹਜ਼ਾਰ ਰੁਪਏ ਇਨਾਮ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਅੰਡਰ-14 ਸਾਲ ਵਰਗ ਦੇ ਨੈਸ਼ਨਲ ਸਕੂਲ ਖੇਡਾਂ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਪਿਛਲੇ ਦੋ ਸਾਲਾਂ ਤੋਂ ਬਣਦੀ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਨਹੀਂ ਮਿਲੀ। ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ.) ਨੇ ਦੋਸ਼ ਲਾਇਆ ਹੈ ਕਿ ਖੇਡ ਵਿਭਾਗ ਪੰਜਾਬ ਆਪਣੀ ਹੀ ਖੇਡ ਨੀਤੀ ਅਨੁਸਾਰ ਬਣਦੀ ਰਾਸ਼ੀ ਜਾਰੀ ਕਰਨ ਤੋਂ ਟਾਲਮਟੋਲ ਕਰ ਰਿਹਾ ਹੈ।
ਡੀਟੀਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਖੇਡ ਨੀਤੀ ਅਨੁਸਾਰ ਨੈਸ਼ਨਲ ਸਕੂਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਨੂੰ 75 ਹਜ਼ਾਰ, ਚਾਂਦੀ ਦੇ ਤਗ਼ਮੇ ਲਈ 50 ਹਜ਼ਾਰ ਅਤੇ ਕਾਂਸੀ ਦੇ ਤਗ਼ਮੇ ਲਈ 30 ਹਜ਼ਾਰ ਰੁਪਏ ਇਨਾਮ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਅੰਡਰ-17 ਅਤੇ ਅੰਡਰ-19 ਵਰਗ ਦੇ ਖਿਡਾਰੀਆਂ ਨੂੰ ਇਹ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ, ਪਰ ਅੰਡਰ-14 ਵਰਗ ਨੂੰ ਇਸ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਤਿੰਨ ਸਾਲਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ
ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਅੰਡਰ-14 ਵਰਗ ਖੇਡ ਨੀਤੀ ਦਾ ਹਿੱਸਾ ਨਹੀਂ ਹੈ, ਜਦਕਿ ਪਹਿਲਾਂ ਇਸੇ ਨੀਤੀ ਤਹਿਤ ਇਸ ਵਰਗ ਦੇ ਖਿਡਾਰੀਆਂ ਨੂੰ ਵੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਸਰਕਾਰ ਤੋਂ ਪਿਛਲੇ ਤਿੰਨ ਸਾਲਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਸਕੂਲੀ ਖਿਡਾਰੀਆਂ ਨਾਲ ਹੋ ਰਿਹਾ ਹੈ ਵਿਤਕਰਾ : ਡੀਟੀਐੱਫ.
ਡੀਟੀਐੱਫ. ਆਗੂਆਂ ਨੇ ਕਿਹਾ ਕਿ ਸਕੂਲੀ ਖਿਡਾਰੀਆਂ ਨੂੰ ਨਾ ਤਾਂ ਮੈਰੀਟੋਰੀਅਸ ਸਕੂਲਾਂ ਅਤੇ ਨਾ ਹੀ ਹੋਰ ਵਿਦਿਅਕ ਅਦਾਰਿਆਂ ਵਿੱਚ ਦਾਖ਼ਲੇ ਸਮੇਂ ਬਣਦੀ ਤਰਜੀਹ ਮਿਲਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਇਸ ਨੀਤੀ ਕਾਰਨ ਪੰਜਾਬ ਦਾ ਨੈਸ਼ਨਲ ਸਕੂਲ ਖੇਡਾਂ ਵਿੱਚ ਪ੍ਰਦਰਸ਼ਨ ਵੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਸਿੱਖਿਆ ਮੰਤਰੀ ਅਤੇ ਖੇਡ ਵਿਭਾਗ ਨੂੰ ਅਪੀਲ ਕੀਤੀ ਕਿ ਅੰਡਰ-14 ਵਰਗ ਦੇ ਮੈਡਲ ਜੇਤੂਆਂ ਨੂੰ ਤੁਰੰਤ ਬਣਦੀ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇ।
ਖੇਡ ਨੀਤੀ ਅਨੁਸਾਰ ਇਨਾਮੀ ਰਾਸ਼ੀ
ਸੋਨ ਤਗ਼ਮਾ: ₹75,000
ਚਾਂਦੀ ਦਾ ਤਗ਼ਮਾ: ₹50,000
ਕਾਂਸੀ ਦਾ ਤਗ਼ਮਾ: ₹30,000