- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਨਿੱਜਰ ਦਾ ਕਹਿਣਾ ਹੈ ਕਿ ਕਮੇਟੀ ਨੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਅਤੇ ਜਲੰਧਰ ਦੇ ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ, ਜਿਹਨਾਂ ਕੋਲ ਉਸ ਵਕਤ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਸੀ,ਨੂੰ ਕਮੇਟੀ ਨੇ ਬੁਲਾਇਆ ਸੀ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਕਰੀਬ ਚਾਰ ਦਹਾਕੇ ਪਹਿਲਾਂ ਵਾਪਰਿਆ ਨਕੋਦਰ ਕਾਂਡ ਦਾ ਮਾਮਲਾ ਮੁੜ ਭਖ਼ਣ ਲੱਗਿਆ ਹੈ। ਵਿਧਾਨ ਸਭਾ ਵੱਲੋਂ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਗਠਿਤ ਕੀਤੀ ਕਮੇਟੀ ਨੇ ਅੱਜ ਸਾਬਕਾ ਆਈ.ਏ.ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ, ਜੋ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਵੀ ਰਹਿ ਚੁੱਕੇ ਹਨ, ਨਾਲ ਨਕੋਦਰ ਕਾਂਡ ਬਾਰੇ ਜਾਣਕਾਰੀ ਹਾਸਲ ਕੀਤੀ।
ਕਮੇਟੀ ਨੇ ਦਰਬਾਰਾ ਸਿੰਘ ਗੁਰੂ ਦੇ ਬਿਆਨ ਕਲਮਬੰਦ ਕੀਤੇ ਹਨ ਜਾਂ ਨਹੀ ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਪਰ ਡਾ ਨਿੱਜਰ ਦਾ ਕਹਿਣਾ ਹੈ ਕਿ ਸਾਬਕਾ ਬਿਊਰਕ੍ਰੇਟ ਨੇ ਕਮੇਟੀ ਨੂੰ ਪੂਰਨ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਵਾਲ ਜਵਾਬ ਵੀ ਹੋਏ ਹਨ ਪਰ ਇਸਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਇੱਥੇ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਅਤੇ ਕਾਨੂੰਨ ਬਣਾਉਣ ਬਾਰੇ ਵੱਖ ਵੱਖ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਧਾਰਮਿਕ ਆਗੂਆਂ ਤੇ ਹੋਰ ਮਾਹਿਰਾਂ ਨਾਲ ਗੱਲਬਾਤ ਕਰਨ ਲਈ ਵਿਧਾਨ ਸਭਾ ਨੇ ਡਾ ਨਿੱਜਰ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਸੀ। ਦੱਸਿਆ ਜਾਂਦਾ ਹੈ ਕਿ 4 ਫਰਵਰੀ 1986 ਨੂੰ ਵਾਪਰੇ ਕਾਂਡ ਵਿਚ ਸਿੱਖ ਸਟੂਡੈਂਟਸ ਨਾਲ ਸਬੰਧਤ ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਬਲਧੀਰ ਸਿੰਘ,ਭਾਈ ਝਿਲਮਣ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਇਸ ਕਾਂਡ ਦੀ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ।
ਡਾ. ਨਿੱਜਰ ਦਾ ਕਹਿਣਾ ਹੈ ਕਿ ਕਮੇਟੀ ਨੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਅਤੇ ਜਲੰਧਰ ਦੇ ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ, ਜਿਹਨਾਂ ਕੋਲ ਉਸ ਵਕਤ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਸੀ,ਨੂੰ ਕਮੇਟੀ ਨੇ ਬੁਲਾਇਆ ਸੀ। ਅੱਜ ਦਰਬਾਰ ਸਿੰਘ ਗੁਰੂ ਪੇਸ਼ ਹੋਏ ਸਨ, ਜਿਹਨਾਂ ਨੇ ਸਹਿਯੋਗ ਦੇਣ ਦੀ ਗੱਲ ਕਹੀ ਹੈ। ਡਾ. ਨਿੱਜਰ ਦਾ ਕਹਿਣਾ ਹੈ ਕਿ ਇਹ ਮਾਮਲਾ ਬਹੁਤ ਪੁਰਾਣਾ ਹੈ। ਇਸ ਸਬੰਧੀ ਰਿਕਾਰਡ ਨਹੀਂ ਮਿਲ ਰਿਹਾ ਫਿਰ ਵੀ ਉਹ ਕੋਸ਼ਿਸ਼ ਕਰ ਰਹੇ ਹਨ ਕਿ ਪੂਰਾ ਰਿਕਾਰਡ ਮਿਲ ਜਾਵੇ ਅਤੇ ਤੱਥਾਂ ਦੇ ਆਧਾਰਿਤ ਰਿਪੋਰਟ ਤਿਆਰ ਹੋ ਸਕੇ।
ਉਧਰ ਸੂਤਰ ਦੱਸਦੇ ਹਨ ਕਿ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸਿਆਸੀ ਤੌਰ ’ਤੇ ਇਕ ਵਿਧਾਇਕ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਂਦਾ ਹੈ ਅਤੇ ਉਸ ਦੇ ਪਿਤਾ, ਜੋ ਸੂਬਾ ਸਰਕਾਰ ’ਚ ਮੰਤਰੀ ਰਹੇ ਸਨ, ਦਾ ਇਸ ਕਾਂਡ ਨਾਲ ਸਿੱਧੇ ਤੇ ਅਸਿੱਧੇ ਰੂਪ ਵਿਚ ਹੱਥ ਹੋਣਾ ਦੱਸਿਆ ਜਾਂਦਾ ਹੈ। ਕਰੀਬ ਚਾਰ ਦਹਾਕੇ ਪੁਰਾਣੀ ਘਟਨਾ ਹੈ, ਕਾਨੂੰਨੀ ਤੌਰ ’ਤੇ ਇਸ ਮਾਮਲੇ ਵਿਚ ਕੌਣ ਘਿਰੇਗਾ ਇਹ ਤਾਂ ਸਮਾਂ ਦੱਸੇਗਾ ਪਰ ਸੂਬੇ ਵਿਚ ਧਾਰਮਿਕ ਮੁੱਦੇ ’ਤੇ ਸਿਆਸਤ ਪੂਰੀ ਭਖ਼ੀ ਹੋਈ ਹੈ।