- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਟਿਸ ਸੰਜੇ ਵਸ਼ਿਸ਼ਠ ਦੀ ਬੈਂਚ ਨੇ ਇਹ ਰਾਹਤ ਉਸ ਮਹਿਲਾ ਨੂੰ ਦਿੱਤੀ, ਜਿਸ ਨੂੰ ਫਰਵਰੀ ਵਿੱਚ ਜਨਮੀ ਆਪਣੀ ਨਵਜੰਮੀ ਬੱਚੀ ਨੂੰ 2.10 ਲੱਖ ਰੁਪਏ ਵਿੱਚ ਵੇਚਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਫਆਈਆਰ ਅਨੁਸਾਰ ਮਹਿਲਾ ਨੇ 14 ਫਰਵਰੀ ਨੂੰ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਬੱਚੀ ਨੂੰ ਜਨਮ ਦਿੱਤਾ ਸੀ।

ਦਯਾਨੰਦ ਸ਼ਰਮਾ, ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵਜੰਮੀ ਬੱਚੀ ਨੂੰ ਵੇਚਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਲੁਧਿਆਣਾ ਦੀ ਇੱਕ ਮਹਿਲਾ ਨੂੰ ਰੈਗੂਲਰ ਜ਼ਮਾਨਤ ਦਿੰਦਿਆਂ ਕਿਹਾ ਹੈ ਕਿ ਉਹ ਜਿਸ ਅਪਰਾਧ ਦੀ ਦੋਸ਼ੀ ਦੱਸੀ ਜਾ ਰਹੀ ਹੈ, ਉਹ ਕਥਿਤ ਤੌਰ ’ਤੇ ਉਸ ਦੇ ਆਪਣੇ ਜਜ਼ਬਾਤਾਂ ਦੇ ਉਲਟ ਕੀਤਾ ਗਿਆ ਕੰਮ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਮਹਿਲਾ ਨੂੰ ਹੋਰ ਸਮਾਂ ਜੇਲ੍ਹ ਵਿੱਚ ਰੱਖਣਾ ਲਾਜ਼ਮੀ ਨਹੀਂ ਅਤੇ ਪਛਤਾਵੇ ਦੀ ਭਾਵਨਾ ਜੇਲ੍ਹ ਤੋਂ ਬਾਹਰ ਰਹਿ ਕੇ ਵੀ ਪੈਦਾ ਹੋ ਸਕਦੀ ਹੈ।
ਜਸਟਿਸ ਸੰਜੇ ਵਸ਼ਿਸ਼ਠ ਦੀ ਬੈਂਚ ਨੇ ਇਹ ਰਾਹਤ ਉਸ ਮਹਿਲਾ ਨੂੰ ਦਿੱਤੀ, ਜਿਸ ਨੂੰ ਫਰਵਰੀ ਵਿੱਚ ਜਨਮੀ ਆਪਣੀ ਨਵਜੰਮੀ ਬੱਚੀ ਨੂੰ 2.10 ਲੱਖ ਰੁਪਏ ਵਿੱਚ ਵੇਚਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਫਆਈਆਰ ਅਨੁਸਾਰ ਮਹਿਲਾ ਨੇ 14 ਫਰਵਰੀ ਨੂੰ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਬੱਚੀ ਨੂੰ ਜਨਮ ਦਿੱਤਾ ਸੀ। ਦੋਸ਼ ਹੈ ਕਿ ਜਨਮ ਤੋਂ ਬਾਅਦ ਉਸ ਨੇ ਬੱਚੀ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਵੇਚਣ ਦੀ ਯੋਜਨਾ ਬਣਾਈ ਅਤੇ ਇਸ ਲਈ ਇੱਕ ਨਰਸ ਅਤੇ ਹੋਰ ਵਿਅਕਤੀਆਂ ਦੀ ਮਦਦ ਲਈ। ਪੁਲਿਸ ਮੁਤਾਬਕ ਬੱਚੀ ਦਾ ਸੌਦਾ 2.10 ਲੱਖ ਰੁਪਏ ਵਿੱਚ ਤੈਅ ਕੀਤਾ ਗਿਆ ਸੀ, ਪਰ ਖਰੀਦ-ਫ਼ਰੋਖ਼ਤ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਦਖ਼ਲ ਦੇ ਕੇ ਕਾਰਵਾਈ ਕਰ ਦਿੱਤੀ।
ਪੰਜ ਬੱਚਿਆਂ ਦੀ ਮਾਂ, ਆਰਥਿਕ ਤੰਗੀ ਦਾ ਦਿੱਤਾ ਹਵਾਲਾ
ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਮਹਿਲਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਪੰਜ ਬੱਚਿਆਂ ਦੀ ਮਾਂ ਹੈ, ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਨੂੰ ਪਤੀ ਦਾ ਕੋਈ ਸਹਿਯੋਗ ਨਹੀਂ ਮਿਲ ਰਿਹਾ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਕਥਿਤ ਘਟਨਾ ਨੂੰ ਉਸ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ।
ਹਾਈ ਕੋਰਟ ਨੇ ਮਾਮਲੇ ਦੇ ਗੁਣ-ਦੋਸ਼ਾਂ ’ਤੇ ਕੋਈ ਅੰਤਿਮ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਹਿਲਾ 16 ਫਰਵਰੀ ਤੋਂ ਨਿਆਂਇਕ ਹਿਰਾਸਤ ਵਿੱਚ ਹੈ। ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ, ਪਰ ਮੁਕੱਦਮੇ ਦੀ ਸੁਣਵਾਈ ਅਜੇ ਸ਼ੁਰੂ ਨਹੀਂ ਹੋਈ। ਅਜਿਹੇ ਹਾਲਾਤਾਂ ਵਿੱਚ ਉਸ ਨੂੰ ਲਗਾਤਾਰ ਜੇਲ੍ਹ ਵਿੱਚ ਰੱਖਣ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ। ਅਦਾਲਤ ਨੇ ਜ਼ਮਾਨਤ ਦਿੰਦਿਆਂ ਮਹਿਲਾ ਨੂੰ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਅਤੇ ਜਾਂਚ ਵਿੱਚ ਸਹਿਯੋਗ ਦੇਣ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।