- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਨੇ ਦੱਸਿਆ ਕਿ ਹੈਲਪਲਾਈਨ ਰਾਹੀਂ 91 ਬੇਸਹਾਰਾ ਬਜ਼ੁਰਗਾਂ ਨੂੰ ਬਚਾ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨਾਲ ਦੁਰਵਿਹਾਰ ਤੇ ਸਾਂਭ-ਸੰਭਾਲ ਨਾਲ ਸਬੰਧਤ 1000 ਤੋਂ ਵੱਧ ਕੇਸਾਂ ਦਾ ਵੀ ਨਿਪਟਾਰਾ ਕੀਤਾ ਗਿਆ ਹੈ।

ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੀਨੀਅਰ ਨਾਗਰਿਕਾਂ ਦੇ ਸਨਮਾਨ, ਸੁਰੱਖਿਆ ਤੇ ਭਲਾਈ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 'ਐਲਡਰਲਾਈਨ 14567' ਹੈਲਪਲਾਈਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਾਲੂ ਕੀਤਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਹੈਲਪਲਾਈਨ ਸੂਬੇ ਦੇ ਬਜ਼ੁਰਗਾਂ ਲਈ ਭਰੋਸੇਮੰਦ ਮਦਦ ਕੇਂਦਰ ਵਜੋਂ ਉਭਰੀ ਹੈ। ਹੁਣ ਤਕ ਪੰਜਾਬ ਭਰ ਤੋਂ ਆਈਆਂ 2.5 ਲੱਖ ਤੋਂ ਵੱਧ ਕਾਲਾਂ ਨੂੰ ਸਫਲਤਾਪੂਰਵਕ ਨਿਪਟਾਇਆ ਜਾ ਚੁੱਕਾ ਹੈ। ਮੰਤਰੀ ਨੇ ਦੱਸਿਆ ਕਿ ਹੈਲਪਲਾਈਨ ਰਾਹੀਂ 91 ਬੇਸਹਾਰਾ ਬਜ਼ੁਰਗਾਂ ਨੂੰ ਬਚਾ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨਾਲ ਦੁਰਵਿਹਾਰ ਤੇ ਸਾਂਭ-ਸੰਭਾਲ ਨਾਲ ਸਬੰਧਤ 1000 ਤੋਂ ਵੱਧ ਕੇਸਾਂ ਦਾ ਵੀ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਪ੍ਰਭਾਵਿਤ ਬਜ਼ੁਰਗਾਂ ਨੂੰ ਸਮੇਂ ਸਿਰ ਰਾਹਤ ਮਿਲੀ ਹੈ ਅਤੇ ਉਨ੍ਹਾਂ ਦਾ ਮਾਣ-ਸਨਮਾਨ ਬਹਾਲ ਹੋਇਆ ਹੈ।
ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਮਾਜ ਦਾ ਅਨਮੋਲ ਸਰਮਾਇਆ ਹਨ ਤੇ ਉਨ੍ਹਾਂ ਨੂੰ ਬਣਦਾ ਸਤਿਕਾਰ, ਸੁਰੱਖਿਆ ਤੇ ਸੰਵੇਦਨਸ਼ੀਲ ਵਿਹਾਰ ਮਿਲਣਾ ਚਾਹੀਦਾ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੂਬੇ ਦਾ ਕੋਈ ਵੀ ਸੀਨੀਅਰ ਨਾਗਰਿਕ ਅਣਗੌਲਿਆ, ਅਸੁਰੱਖਿਅਤ ਜਾਂ ਬੇਸਹਾਰਾ ਮਹਿਸੂਸ ਨਾ ਕਰੇ। ਉਨ੍ਹਾਂ ਕਿਹਾ ਕਿ 'ਐਲਡਰਲਾਈਨ 14567' ਸਿਰਫ਼ ਇਕ ਹੈਲਪਲਾਈਨ ਨਹੀਂ ਹੈ ਬਲਕਿ ਲੋੜ ਦੇ ਸਮੇਂ ਭਰੋਸਾ, ਮਾਰਗਦਰਸ਼ਨ ਅਤੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਦਾ ਇਕ ਪ੍ਰਭਾਵਸ਼ਾਲੀ ਸਾਧਨ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਹ ਹੈਲਪਲਾਈਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਹੈਲਪਏਜ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ (ਐਨਆਈਐਸਡੀ) ਦਰਮਿਆਨ ਹੋਏ ਇੱਕ ਤਿਕੋਣੀ ਸਮਝੌਤੇ ਤਹਿਤ ਚਲਾਈ ਜਾ ਰਹੀ ਹੈ। ਇਹ ਟੋਲ-ਫ੍ਰੀ ਸੇਵਾ ਹਫ਼ਤੇ ਦੇ ਸੱਤਾਂ ਦਿਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਉਪਲਬਧ ਹੈ, ਜਿੱਥੇ ਸਿਖਲਾਈ ਪ੍ਰਾਪਤ ਕਾਲ ਅਧਿਕਾਰੀ ਸੀਨੀਅਰ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਦੇ ਹਨ।
ਹੈਲਪਲਾਈਨ ਰਾਹੀਂ ਬੁਢਾਪਾ ਪੈਨਸ਼ਨ, ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਬਾਰੇ ਜਾਣਕਾਰੀ, ਪੇਸ਼ੇਵਰ ਸਲਾਹ, ਕਾਨੂੰਨੀ ਸਹਾਇਤਾ, ਬੇਸਹਾਰਾ ਬਜ਼ੁਰਗਾਂ ਦੇ ਬਚਾਅ ਤੇ ਮੁੜ ਵਸੇਬੇ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, 'ਮੈਂਟੇਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ, 2007' ਅਧੀਨ ਗਠਿਤ ਜ਼ਿਲ੍ਹਾ ਟ੍ਰਿਬਿਊਨਲਾਂ ਰਾਹੀਂ ਦੁਰਵਿਵਹਾਰ, ਅਣਗਹਿਲੀ ਅਤੇ ਰੱਖ-ਰਖਾਅ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਬਜ਼ੁਰਗ ਵਿਅਕਤੀ ਨਾਲ ਦੁਰਵਿਹਾਰ, ਅਣਗਹਿਲੀ ਜਾਂ ਕਿਸੇ ਕਿਸਮ ਦੀ ਸਮੱਸਿਆ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਟੋਲ-ਫ੍ਰੀ ਹੈਲਪਲਾਈਨ 14567 'ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਇੱਕ ਸੰਵੇਦਨਸ਼ੀਲ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਕਰਨਾ ਹੈ ਜਿੱਥੇ ਹਰ ਸੀਨੀਅਰ ਨਾਗਰਿਕ ਸਨਮਾਨ, ਸੁਰੱਖਿਆ ਅਤੇ ਆਤਮ ਵਿਸ਼ਵਾਸ ਨਾਲ ਜੀਵਨ ਬਤੀਤ ਕਰ ਸਕੇ।