- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨੀ ਹਰਪ੍ਰੀਤ ਸਿੰਘ ਦੀ ਇਕ ਨਿੱਜੀ ਚੈਨਲ (ਵੈਬ-ਚੈਨਲ) ਨਾਲ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ ਸਪੱਸ਼ਟ ਕਹਿ ਰਹੇ ਹਨ ਕਿ "ਉਹ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਨ ਕਿ ਕੋਈ ਬਹਾਨਾ ਬਣਾ ਦਿਓ ਤਾਂ ਜੋ ਫਾਰਗ ਹੋ ਸਕਣ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਇੱਕ-ਇੱਕ ਕਰ ਕੇ ਸੀਨੀਅਰ ਆਗੂਆਂ ਵਲੋਂ ਪਾਰਟੀ ਛੱਡੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਕਾਫ਼ੀ ਪਰੇਸ਼ਾਨ ਦੱਸੇ ਜਾਂਦੇ ਹਨ। ਸਿਆਸੀ ਹਲਕਿਆਂ ਵਿਚ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਕਦੇ ਵੀ ਪ੍ਰਧਾਨ ਦਾ ਅਹੁਦਾ ਛੱਡ ਸਕਦੇ ਹਨ ਅਤੇ ਉਹ ਮੌਕੇ ਦੀ ਤਲਾਸ਼ ਵਿਚ ਹਨ।
ਗਿਆਨੀ ਹਰਪ੍ਰੀਤ ਸਿੰਘ ਦੀ ਇਕ ਨਿੱਜੀ ਚੈਨਲ (ਵੈਬ-ਚੈਨਲ) ਨਾਲ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ ਸਪੱਸ਼ਟ ਕਹਿ ਰਹੇ ਹਨ ਕਿ "ਉਹ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਨ ਕਿ ਕੋਈ ਬਹਾਨਾ ਬਣਾ ਦਿਓ ਤਾਂ ਜੋ ਫਾਰਗ ਹੋ ਸਕਣ।" ਇੰਟਰਵਿਊ ਵਿਚ ਉਹ ਕਹਿ ਰਹੇ ਹਨ ਕਿ ਉਹ ਸ਼ਰਤਾਂ ਤਹਿਤ ਅੱਗੇ ਲੱਗੇ ਸਨ ਅਤੇ ਪ੍ਰਧਾਨ ਬਣਨ ਵੇਲ਼ੇ ਦੋ ਗੱਲਾਂ ਕਹੀਆਂ ਸਨ, ਇੱਕ ਦੇਖਿਓ ਕਿਤੇ ਮੇਰੇ ਡਾਹਾ ਨਾ ਪਾ ਦਿਓ ਤੇ ਦੂਜਾ ਇਹ ਨਾ ਹੋਵੇ ਕਿ ਬਾਅਦ ਵਿਚ ਪਿੱਛੇ ਕੋਈ ਬੰਦਾ ਨਾ ਦਿਖੇ । ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਪਿੱਛੇ ਦੇਖਦਾ ਹਾਂ ਨਾ ਸੁਰਜੀਤ ਸਿੰਘ ਰੱਖੜਾ ਦਿਸਦਾ, ਨਾ ਮਨਪ੍ਰੀਤ ਸਿੰਘ ਇਯਾਲੀ, ਨਾ ਸੁਰਿੰਦਰ ਸਿੰਘ ਭੁੱਲੇਰਾਠਾਂ ਜਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ। ਇਸ ਕਰਕੇ ਉਹ ਮੌਕਾ ਭਾਲਦੇ ਹਨ ਕਿ ਬਹਾਨਾ ਬਣਾ ਕੇ ਨਿਕਲ ਜਾਵਾਂ।
ਸਿਆਸੀ ਹਲਕਿਆਂ ਵਿਚ ਗਿਆਨੀ ਹਰਪ੍ਰੀਤ ਸਿੰਘ ਦੀਆਂ ਇਹਨਾਂ ਗੱਲਾਂ ਦੇ ਕਈ ਅਰਥ ਕੱਢੇ ਜਾ ਰਹੇ ਹਨ। ਚਰਚਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਵਿਚ ਸੱਭ ਕੁੱਝ ਅੱਛਾ ਨਹੀਂ ਚੱਲ ਰਿਹਾ। ਸੀਨੀਅਰ ਨੇਤਾ ਮਨਪ੍ਰੀਤ ਸਿੰਘ ਇਯਾਲੀ ਪਿਛਲੇ ਦਿਨੀਂ ਪਾਰਟੀ ਨੂੰ ਅਲਵਿਦਾ ਕਹਿ ਅਕਾਲੀ ਦਲ ਵਾਰਸ ਪੰਜਾਬ ਵਿਚ ਸ਼ਾਮਲ ਹੋ ਗਏ। ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਕਈ ਨੇਤਾਵਾਂ ਨੇ ਘਰ ਵਾਪਸੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੱਥ ਮਿਲਾ ਲਏ ਹਨ। ਜਦਕਿ ਕਈ ਹੋਰ ਨੇਤਾਵਾਂ ਦੇ ਆਉਣ ਵਾਲੇ ਦਿਨਾਂ ਵਿਚ ਪਾਰਟੀ ਨੂੰ ਅਲਵਿਦਾ ਕਹਿਣ ਦੀਆਂ ਕਨਸੋਆਂ ਮਿਲ ਰਹੀਆਂ ਹਨ।
---
ਆਗੂਆਂ ਵਿਚ ਹਨ ਕਈ ਮਤਭੇਦ
ਸੂਤਰ ਦੱਸਦੇ ਹਨ ਕਿ ਪਾਰਟੀ ਦੇ ਅੰਦਰ ਭਾਜਪਾ ਨਾਲ ਸਾਂਝ ਪਾਉਣ, ਗਠਜੋੜ ਕਰਨ ਅਤੇ ਕਈ ਹੋਰ ਮੁੱਦਿਆ ਨੂੰ ਲੈ ਕੇ ਆਗੂਆਂ ਵਿਚ ਮਤਭੇਦ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਪਾਰਟੀ ਕੋਲ ਆਰਥਿਕ ਸਾਧਨਾਂ ਦੀ ਵੀ ਕਮੀ ਹੈ ਜਿਸ ਕਰ ਕੇ ਸਿਆਸੀ ਸਰਗਮੀਆਂ ਵੀ ਘਟੀਆਂ ਹੋਈਆਂ ਹਨ। ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਨੇ ਭਾਜਪਾ ਨਾਲ ਗਠਜੋੜ ਕਰਨ ਤੋਂ ਸਾਫ਼ ਇਨਕਾਰ ਕੀਤਾ ਸੀ। ਇਯਾਲੀ ਦਾ ਕਹਿਣਾ ਹੈ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲੋਕਾਂ ਵਿਚ ਵਿਸ਼ਵਾਸ ਗੁਆ ਚੁੱਕੇ ਲੋਕਾਂ ਨੂੰ ਪਿੱਛੇ ਹਟਣ ਲਈ ਕਿਹਾ ਸੀ, ਪਰ ਲੋਕਾਂ ਵਿਚ ਆਧਾਰ ਗੁਆ ਚੁੱਕੇ ਲੋਕ ਫਿਰ ਅੱਗੇ ਆਉਣ ਨੂੰ ਕਾਹਲੇ ਹਨ।
---
ਪੰਜ ਸਿੰਘ ਸਾਹਿਬਾਨ ਨੇ ਦਿੱਤਾ ਸੀ ਇਕੱਠੇ ਹੋਣ ਦਾ ਹੁਕਮ
ਇੱਥੇ ਦੱਸਣਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ, ਜਿਨ੍ਹਾਂ ਵਿਚ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ, ਨੇ ਸਾਰੇ ਅਕਾਲੀ ਦਲ ਨੂੰ ਆਪਣੇ-ਆਪਣੇ ਚੁੱਲ੍ਹੇ ਸਮੇਟ ਕੇ ਇਕ ਜਗ੍ਹਾ ਇਕੱਠਾ ਹੋਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਅਕਾਲੀ ਦਲ (ਪੁਨਰ ਸੁਰਜੀਤ) ਹੋਂਦ ਵਿਚ ਆਇਆ। ਸਿਰਫ਼ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਨੇ ਆਪਣਾ ਦਲ, ਪੁਨਰ ਸੁਰਜੀਤ ਵਿਚ ਮਰਜ ਕੀਤਾ ਅਤੇ ਬਾਕੀ ਕਿਸੇ ਨੇ ਵੀ ਚੁੱਲ੍ਹਾ ਨਹੀਂ ਸਮੇਟਿਆ।