- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2027 ’ਚ ਤਜਵੀਜ਼ਸ਼ੁਦਾ ਮਰਦਮਸ਼ੁਮਾਰੀ ਤੇ ਵਿਧਾਨ ਸਭਾ ਚੋਣਾਂ ਦੇ ਸੰਭਾਵਿਤ ਟਕਰਾਅ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਬਦਲ ’ਤੇ ਵਿਚਾਰ ਕਰ ਸਕਦਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਫਰਵਰੀ 2027 ਦੀ ਬਜਾਏ ਨਵੰਬਰ ਜਾਂ ਦਸੰਬਰ 2026 ’ਚ ਹੀ ਪੰਜਾਬ ਸਮੇਤ ਕੁਝ ਹੋਰ ਸੂਬਿਆਂ ’ਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।

ਰੋਹਿਤ ਕੁਮਾਰ, ਜਾਗਰਣ , ਚੰਡੀਗੜ੍ਹ : ਪੰਜਾਬ ’ਚ ਵਿਧਾਨ ਸਭਾ ਚੋਣਾਂ ਤੈਅ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਦੀ ਸੰਭਾਵਨਾ ਕਾਰਨ ਸਿਆਸੀ ਹਲਕਿਆਂ ’ਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਾਲ 2027 ’ਚ ਤਜਵੀਜ਼ਸ਼ੁਦਾ ਮਰਦਮਸ਼ੁਮਾਰੀ ਤੇ ਵਿਧਾਨ ਸਭਾ ਚੋਣਾਂ ਦੇ ਸੰਭਾਵਿਤ ਟਕਰਾਅ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਬਦਲ ’ਤੇ ਵਿਚਾਰ ਕਰ ਸਕਦਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਫਰਵਰੀ 2027 ਦੀ ਬਜਾਏ ਨਵੰਬਰ ਜਾਂ ਦਸੰਬਰ 2026 ’ਚ ਹੀ ਪੰਜਾਬ ਸਮੇਤ ਕੁਝ ਹੋਰ ਸੂਬਿਆਂ ’ਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਹਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ, ਪਰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸੰਭਾਵਤ ਹਾਲਾਤ ਨੂੰ ਦੇਖਦੇ ਹੋਏ ਆਪਣੀਆਂ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਮਰਦਮਸ਼ੁਮਾਰੀ 2027 ਦੋ ਪੜਾਵਾਂ ’ਚ ਕੀਤੀ ਜਾ ਰਹੀ ਹੈ। ਪਹਿਲਾ ਪੜਾਅ ਹਾਊਸ ਲਿਸਟਿੰਗ ਦਾ ਹੈ, ਜਦਕਿ ਦੂਜਾ ਤੇ ਸਭ ਤੋਂ ਅਹਿਮ ਪੜਾਅ ਪਾਪੁਲੇਸ਼ਨ ਐਨਿਊਮਰੇਸ਼ਨ (ਪੀਈ) ਫਰਵਰੀ 2027 ’ਚ ਤਜਵੀਜ਼ਸ਼ੁਦਾ ਹੈ। ਇਸੇ ਦੌਰਾਨ ਜਾਤੀ ਗਿਣਤੀ ਵੀ ਕਰਵਾਈ ਜਾਵੇਗੀ। ਜਾਤੀ ਗਿਣਤੀ ਤੇ ਚੋਣ, ਦੋਵਾਂ ਪ੍ਰਕਿਰਿਆਵਾਂ ਲਈ ਵੱਡੀ ਗਿਣਤੀ ’ਚ ਅਧਿਆਪਕਾਂ ਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲੱਗਦੀ ਹੈ। ਇਸ ਹਾਲਤ ’ਚ ਦੋਵੇਂ ਵੱਡੇ ਰਾਸ਼ਟਰੀ ਕਾਰਜ ਇਕ ਹੀ ਸਮੇਂ ’ਤੇ ਹੋਣ ਨਾਲ ਮੁਲਾਜ਼ਮਾਂ ਦੀ ਉਪਲਬਧਤਾ ਤੇ ਪ੍ਰਸ਼ਾਸਨਕ ਪ੍ਰਬੰਧਨ ਨੂੰ ਵੱਡੀ ਚੁਣੌਤੀ ਬਣ ਸਕਦੀ ਹੈ। ਇਸ ਕਾਰਨ ਸਮੇਂ ਤੋਂ ਪਹਿਲਾਂ ਚੋਣ ਕਰਵਾਉਣ ਦੇ ਬਦਲ ’ਤੇ ਮੰਥਣ ਚੱਲ ਰਿਹਾ ਹੈ। ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਇਸ ਸੰਭਾਵਨਾ ਨੂੰ ਦੇਖਦੇ ਹੋਏ ਪਹਿਲਾਂ ਹੀ ਚੋਣ ਮੋਡ ’ਚ ਨਜ਼ਰ ਆ ਰਹੀ ਹੈ।
ਆਪ ਦੇ ਪ੍ਰੋਗਰਾਮਾਂ ਤੇ ਰੈਲੀਆਂ ’ਚ ਵੀ ਤੇਜ਼ੀ
ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣੇ ਜਿਹੇ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ’ਚ ਚੋਣਾਂ ਫਰਵਰੀ 2027 ਦੀ ਬਜਾਏ ਨਵੰਬਰ 2026 ’ਚ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਵਰਕਰਾਂ ਨੂੰ ਹੁਣ ਤੋਂ ਹੀ ਬੂਥ ਪੱਧਰ ’ਤੇ ਸੰਗਠਨ ਮਜ਼ਬੂਤ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਸੱਤਾ ’ਚ ਲਿਆਉਣ ਲਈ ਪੂਰੀ ਤਾਕਤ ਝੋਕਣ ਦਾ ਸੱਦਾ ਦਿੱਤਾ ਹੈ। ਇਸ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਦੇ ਜਥੇਬੰਦਕ ਪ੍ਰੋਗਰਾਮਾਂ ਤੇ ਰੈਲੀਆਂ ’ਚ ਵੀ ਤੇਜ਼ੀ ਨਜ਼ਰ ਆ ਰਹੀ ਹੈ। ਉੱਥੇ ਹੀ ਆਪ ਦੇ ਪ੍ਰਧਾਨ ਅਮਨ ਅਰੋੜਾ ਵੀ ਕਹਿ ਚੁੱਕੇ ਹਨ ਕਿ ਉਹ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।
ਜ਼ਮੀਨੀ ਪੱਧਰ ’ਤੇ ਸਰਗਰਮ ਹਿਣ ਦੇ ਨਿਰਦੇਸ਼ ਦੇ ਚੁੱਕੀ ਹੈ ਭਾਜਪਾ
ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਨੇ ਵੀ ਸੰਭਾਵਿਤ ਸਮੇਂ ਤੋਂ ਪਹਿਲਾਂ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣੇ ਜਿਹੇ ਹੋਈਆਂ ਬੈਠਕਾਂ ’ਚ ਕੇਂਦਰੀ ਲੀਡਰਸ਼ਿਪ ਨੇ ਸੂਬਾ ਇਕਾਈ ਨੂੰ ਜ਼ਮੀਨੀ ਪੱਧਰ ’ਤੇ ਸਰਗਰਮ ਰਹਿਣ ਤੇ ਚੋਣ ਰਣਨੀਤੀ ਨੂੰ ਅੰਤਿਮ ਰੂਪ ਦੇਣ ਦੇ ਨਿਰਦੇਸ਼ ਦਿੱਤੇ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਇਸੇ 20 ਜੂਨ ਨੂੰ ਪੰਜਾਬ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਪਹਿਲੀ ਵਾਰ ਪੂਰੀ ਤਾਕਤ ਨਾਲ ਚੋਣ ਮੈਦਾਨ ’ਚ ਉਤਰਣ ਦੀ ਤਿਆਰੀ ਕਰ ਰਹੀ ਹੈ। ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਚੋਣਾਂ ਪਹਿਲਾਂ ਹੁੰਦੀਆਂ ਹਨ ਤਾਂ ਜਥੇਬੰਦਕ ਮੁਜ਼ਬੂਤੀ ਤੇ ਪ੍ਰੋਗਰਾਮਾਂ ਦੀ ਸਰਗਰਮੀ ਫ਼ੈਸਲਾਕੁੰਨ ਭੂਮਿਕਾ ਨਿਭਾ ਸਕਦੀ ਹੈ। ਓਧਰ ਕਾਂਗਰਸ ਦਾ ਵੀ ਚੋਣਾਂ ਬਾਰੇ ਮੰਥਨ ਜਾਰੀ ਹੈ।
ਪ੍ਰਸ਼ਾਸਨਿਕ ਵਿਵਸਥਾ ’ਤੇ ਪਵੇਗਾ ਵਾਧੂ ਦਬਾਅ
ਮਰਦਮਸ਼ੁਮਾਰੀ ਤੇ ਚੋਣਾਂ ਇਕੱਠੇ ਹੋਣ ਨਾਲ ਪ੍ਰਸ਼ਾਸਨਿਕ ਵਿਵਸਥਾ ’ਤੇ ਵਾਧੂ ਦਬਾਅ ਪਵੇਗਾ। ਅਧਿਆਪਕਾਂ ਤੇ ਸਰਕਾਰੀ ਮੁਲਾਜ਼ਮਾਂ ਦਾ ਵੱਡਾ ਵਰਗ ਦੋਵਾਂ ਪ੍ਰਕਿਰਿਆਵਾਂ ’ਚ ਲਗਾਇਆ ਜਾਂਦਾ ਹੈ, ਜਿਸ ਨਾਲ ਵਿਵਸਥਾਵਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਹੀ ਕਾਰਨ ਹੈ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਬਦਲ ਨੂੰ ਵਿਹਾਰਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅੰਤਿਮ ਫ਼ੈਸਲਾ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਦੇ ਪੱਧਰ ’ਤੇ ਹੀ ਹੋਵੇਗਾ। ਜੇਕਰ ਚੋਣ ਅਸਲ ’ਚ ਤੈਅ ਸਮੇਂ ਤੋਂ ਪਹਿਲਾਂ ਹੁੰਦੀ ਹੈ ਤਾਂ ਆਉਣ ਵਾਲੇ ਕੁਝ ਮਹੀਨਿਆਂ ’ਚ ਸੂਬੇ ’ਚ ਸਿਆਸੀ ਸਰਗਰਮੀਆਂ ਹੋਰ ਵੀ ਤੇਜ਼ ਹੋ ਸਕਦੀਆਂ ਹਨ।