- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Drug Network ਦੀ ਤੀਜੀ ਅਹਿਮ ਕੜੀ 46 ਸਾਲਾ ਬਿਕਰਮਜੀਤ ਬਰਾੜ ਸੀ। ਜਾਂਚ ਵਿਚ ਪਾਇਆ ਗਿਆ ਕਿ ਬਰਾੜ ਡਰੱਗਜ਼ ਨੂੰ ਹੋਲਡ ਕਰਨ ਤੇ ਅੱਗੇ ਸਪਲਾਈ ਕਰਨ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਨੈੱਟਵਰਕ ਵਿੱਚ ਉਸਦੀ ਭੂਮਿਕਾ ਸਪਲਾਈ ਚੇਨ ਨੂੰ ਚਾਲੂ ਰੱਖਣ ਦੀ ਸੀ। ਕੋਰਟ ਨੇ ਉਸ ਨੂੰ 3 ਸਾਲ 4 ਮਹੀਨੇ ਦੀ ਸਜ਼ਾ ਦਿੱਤੀ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬੀ ਮੂਲ ਦੇ ਹਰਦੀਪ ਥਿੰਦ ਉਰਫ਼ ਹੈਰੀ ਸਿੰਘ, ਸਾਬਕਾ ਮੈਜਿਸਟ੍ਰੇਟ ਪੁਰਸ਼ੋਤਮ ਢਿੱਲੋਂ ਅਤੇ ਬਿਕਰਮਜੀਤ ਬਰਾੜ, ਇਨ੍ਹਾਂ ਤਿੰਨ ਲੋਕਾਂ ਨੂੰ ਬ੍ਰਿਟੇਨ ਦੀ ਅਦਾਲਤ ਨੇ ਹੈਰੋਇਨ ਤੇ ਕਰੈਕ ਕੋਕੀਨ ਦੇ ਸੰਗਠਿਤ ਡਰੱਗਜ਼ ਨੈੱਟਵਰਕ 'ਚ ਦੋਸ਼ੀ ਠਹਿਰਾਉਂਦੇ ਹੋਏ ਕੁੱਲ 22 ਸਾਲ 10 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੈਟਰੋਪੋਲੀਟਨ ਪੁਲਿਸ ਦੀ ਜਾਂਚ ਵਿਚ ਖ਼ੁਲਾਸਾ ਹੋਇਆ ਕਿ ਇਸ ਨੈੱਟਵਰਕ ਦਾ ਸੰਚਾਲਨ ਇੰਨਾ ਸੰਗਠਿਤ ਸੀ ਕਿ ਇਕ ਪਾਸੇ ਜੇਲ੍ਹ 'ਚ ਬੰਦ ਸਰਗਨਾ ਮੋਬਾਈਲ ਫ਼ੋਨ ਰਾਹੀਂ ਸਪਲਾਈ ਚੇਨ ਨੂੰ ਕੰਟਰੋਲ ਕਰਦਾ ਰਿਹਾ, ਜਦਕਿ ਦੂਜੇ ਪਾਸੇ ਨਿਆਇਕ ਅਹੁਦੇ 'ਤੇ ਬੈਠਾ ਵਿਅਕਤੀ ਆਪਣੇ ਘਰ ਨੂੰ ਡਰੱਗਜ਼ ਸਟੋਰ ਕਰਨ ਦੇ ਸੁਰੱਖਿਅਤ ਟਿਕਾਣੇ ਵਜੋਂ ਵਰਤਣ ਦਿੰਦਾ ਰਿਹਾ।
ਪੱਛਮੀ ਲੰਡਨ 'ਚ ਇਸ ਡਰੱਗਜ਼ ਨੈੱਟਵਰਕ ਦੀਆਂ ਪਰਤਾਂ ਉਦੋਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਜਦੋਂ ਮੈਟਰੋਪੋਲੀਟਨ ਪੁਲਿਸ ਨੇ 'ਹਾਦੀ' ਨਾਮ ਨਾਲ ਚੱਲ ਰਹੀ ਇਕ ਬਹੁਤ ਹੀ ਸਰਗਰਮ ਡਰੱਗਜ਼ ਲਾਈਨ ਨੂੰ ਟ੍ਰੈਕ ਕੀਤਾ। ਸ਼ੁਰੂਆਤੀ ਪੜਤਾਲ 'ਚ ਮਾਮਲਾ ਆਮ ਡਰੱਗਜ਼ ਸਪਲਾਈ ਦਾ ਲੱਗ ਰਿਹਾ ਸੀ, ਪਰ ਕਾਲ ਰਿਕਾਰਡ, ਫੋਰੈਂਸਿਕ ਸਬੂਤਾਂ ਅਤੇ ਮੋਬਾਈਲ ਫ਼ੋਨਾਂ ਤੋਂ ਨਿਕਲੇ ਡੇਟਾ ਨੇ ਇਕ ਅਜਿਹੇ ਨੈੱਟਵਰਕ ਦਾ ਖ਼ੁਲਾਸਾ ਕੀਤਾ ਜਿਸ ਵਿਚ ਜੇਲ੍ਹ ਵਿੱਚ ਬੰਦ ਅਪਰਾਧੀ ਤੋਂ ਲੈ ਕੇ ਨਿਆਇਕ ਅਹੁਦੇ 'ਤੇ ਬੈਠਾ ਵਿਅਕਤੀ ਤਕ ਸ਼ਾਮਲ ਮਿਲਿਆ।
ਕਰੀਬ ਡੇਢ ਸਾਲ ਚੱਲੀ ਜਾਂਚ ਤੋਂ ਬਾਅਦ ਕਰੌਇਡਨ ਕਰਾਊਨ ਕੋਰਟ (Croydon Crown Court) ਨੇ ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਨੈੱਟਵਰਕ ਅਕਤੂਬਰ 2024 ਤੋਂ ਜੁਲਾਈ 2025 ਦਰਮਿਆਨ ਪੱਛਮੀ ਲੰਡਨ 'ਚ ਕਈ ਡਰੱਗਜ਼ ਲਾਈਨਾਂ ਰਾਹੀਂ ਹੇਰੋਇਨ ਅਤੇ ਕਰੈਕ ਕੋਕੀਨ ਦੀ ਸਪਲਾਈ ਕਰ ਰਿਹਾ ਸੀ। ਪੁਲਿਸ ਮੁਤਾਬਕ ਗਿਰੋਹ ਨੇ ਇਕ ਲੱਖ ਪਾਊਂਡ (ਕਰੀਬ 1.24 ਕਰੋੜ ਰੁਪਏ) ਤੋਂ ਵੱਧ ਦੀ ਕੀਮਤ ਦੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕੀਤਾ।
ਜਾਂਚ ਦੀ ਸਭ ਤੋਂ ਹੈਰਾਨ ਕਰਨ ਵਾਲੀ ਕੜੀ 48 ਸਾਲਾ ਹਰਦੀਪ ਥਿੰਦ ਉਰਫ਼ ਹੈਰੀ ਸਿੰਘ ਰਿਹਾ। ਪੁਲਿਸ ਅਨੁਸਾਰ ਉਹੀ ਪੂਰੇ ਨੈੱਟਵਰਕ ਦਾ ਰਿੰਗਲੀਡਰ ਸੀ। ਥਿੰਦ ਪਹਿਲਾਂ ਹੀ ਹੈਰੋਇਨ ਅਤੇ ਕੋਕੀਨ ਸਪਲਾਈ ਦੀ ਸਾਜ਼ਿਸ਼ ਅਤੇ ਪਾਬੰਦੀਸ਼ੁਦਾ ਹਥਿਆਰ 'ਸਕਾਰਪੀਅਨ ਸਬ-ਮਸ਼ੀਨ ਗਨ' ਰੱਖਣ ਦੇ ਮਾਮਲੇ 'ਚ 17 ਸਾਲ ਦੀ ਸਜ਼ਾ ਕੱਟ ਰਿਹਾ ਸੀ। ਇਸ ਦੇ ਬਾਵਜੂਦ ਉਸ ਦਾ ਨੈੱਟਵਰਕ ਬੰਦ ਨਹੀਂ ਹੋਇਆ। ਜਾਂਚ ਵਿਚ ਖ਼ੁਲਾਸਾ ਹੋਇਆ ਕਿ ਓਪਨ ਜੇਲ੍ਹ 'ਚ ਰਹਿੰਦਿਆਂ ਉਸ ਕੋਲ ਮੋਬਾਈਲ ਫ਼ੋਨ ਸੀ ਅਤੇ ਉਹ ਜੇਲ੍ਹ ਦੇ ਅੰਦਰੋਂ ਹੀ ਡਰੱਗ ਸਪਲਾਈ ਨੈੱਟਵਰਕ ਨੂੰ ਨਿਰਦੇਸ਼ ਦਿੰਦਾ ਰਿਹਾ।
ਅਕਤੂਬਰ 2024 'ਚ ਰਿਹਾਈ ਤੋਂ ਬਾਅਦ ਥਿੰਦ ਨੇ ਨੈੱਟਵਰਕ ਦਾ ਹੋਰ ਵਿਸਥਾਰ ਕੀਤਾ। ਉਸ ਨੇ ਪੱਛਮੀ ਲੰਡਨ ਦੇ ਹੇਜ਼ (Hayes) ਤੇ ਸਾਊਥਾਲ (Southall) ਇਲਾਕਿਆਂ ਵਿੱਚ ਨਵੇਂ ਡੀਲਰ ਜੋੜੇ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕੀਤਾ। ਪੁਲਿਸ ਮੁਤਾਬਕ ਥਿੰਦ ਦਾ ਕੰਮ ਸਪਲਾਈ ਦੀ ਨਿਗਰਾਨੀ ਕਰਨਾ, ਨੈੱਟਵਰਕ ਦਾ ਸੰਚਾਲਨ ਸੰਭਾਲਣਾ ਅਤੇ ਵੱਖ-ਵੱਖ ਡਰੱਗਜ਼ ਲਾਈਨਾਂ ਨੂੰ ਨਿਰਦੇਸ਼ ਦੇਣਾ ਸੀ। ਕੋਰਟ ਨੇ ਉਸ ਨੂੰ 12 ਸਾਲ 6 ਮਹੀਨੇ ਦੀ ਸਜ਼ਾ ਸੁਣਾਈ।
ਜਾਂਚ ਵਿਚ ਦੂਜੀ ਅਹਿਮ ਕੜੀ 59 ਸਾਲਾ ਪੁਰਸ਼ੋਤਮ ਢਿੱਲੋਂ ਰਿਹਾ, ਜੋ ਗ੍ਰਿਫ਼ਤਾਰੀ ਦੇ ਸਮੇਂ ਬ੍ਰਿਟੇਨ 'ਚ ਮੈਜਿਸਟ੍ਰੇਟ ਦੇ ਅਹੁਦੇ 'ਤੇ ਤਾਇਨਾਤ ਸੀ। ਪੁਲਿਸ ਮੁਤਾਬਕ ਢਿੱਲੋਂ ਨੇ ਆਪਣੇ ਘਰ ਨੂੰ ਡਰੱਗਜ਼ ਰੱਖਣ, ਨਕਦੀ ਜਮ੍ਹਾ ਕਰਨ ਅਤੇ ਉਪਕਰਣ ਲੁਕਾਉਣ ਲਈ ਵਰਤਣ ਦਿੱਤਾ। ਇਹੀ ਨਹੀਂ, ਉਸ ਦਾ ਅਹੁਦਾ ਨੈੱਟਵਰਕ ਲਈ ਇਕ ਸੁਰੱਖਿਆ ਕਵਚ ਵਾਂਗ ਕੰਮ ਕਰ ਰਿਹਾ ਸੀ। ਮੈਟਰੋਪੋਲੀਟਨ ਪੁਲਿਸ ਦੀ ਸਪੈਸ਼ਲਿਸਟ ਕਰਾਈਮ ਯੂਨਿਟ ਦੇ ਡਿਟੈਕਟਿਵ ਇੰਸਪੈਕਟਰ ਮਾਰਕ ਗੈਵਿਨ ਨੇ ਕਿਹਾ ਕਿ ਢਿੱਲੋਂ ਨੇ ਭਰੋਸੇ ਅਤੇ ਜ਼ਿੰਮੇਵਾਰੀ ਵਾਲੇ ਅਹੁਦੇ ਦੀ ਸਭ ਤੋਂ ਗੰਭੀਰ ਤਰੀਕੇ ਨਾਲ ਦੁਰਵਰਤੋਂ ਕੀਤੀ। ਕੋਰਟ ਨੇ ਢਿੱਲੋਂ ਨੂੰ 7 ਸਾਲ ਦੀ ਜੇਲ੍ਹ ਸੁਣਾਈ।
ਨੈੱਟਵਰਕ ਦੀ ਤੀਜੀ ਅਹਿਮ ਕੜੀ 46 ਸਾਲਾ ਬਿਕਰਮਜੀਤ ਬਰਾੜ ਸੀ। ਜਾਂਚ ਵਿਚ ਪਾਇਆ ਗਿਆ ਕਿ ਬਰਾੜ ਡਰੱਗਜ਼ ਨੂੰ ਹੋਲਡ ਕਰਨ ਤੇ ਅੱਗੇ ਸਪਲਾਈ ਕਰਨ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਨੈੱਟਵਰਕ ਵਿੱਚ ਉਸਦੀ ਭੂਮਿਕਾ ਸਪਲਾਈ ਚੇਨ ਨੂੰ ਚਾਲੂ ਰੱਖਣ ਦੀ ਸੀ। ਕੋਰਟ ਨੇ ਉਸ ਨੂੰ 3 ਸਾਲ 4 ਮਹੀਨੇ ਦੀ ਸਜ਼ਾ ਦਿੱਤੀ।
ਮੈਟ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਨੈੱਟਵਰਕ 'ਚ ਹਰ ਮੈਂਬਰ ਦੀ ਭੂਮਿਕਾ ਪਹਿਲਾਂ ਹੀ ਤੈਅ ਸੀ। ਕੋਈ ਸਪਲਾਈ ਕੰਟਰੋਲ ਕਰ ਰਹੀ ਸੀ, ਕੋਈ ਸਟੋਰੇਜ ਸੰਭਾਲ ਰਿਹਾ ਸੀ ਅਤੇ ਕੋਈ ਵੰਡ (ਡਿਸਟ੍ਰੀਬਿਊਸ਼ਨ)। ਜਾਂਚ ਏਜੰਸੀਆਂ ਨੇ ਕਾਲ ਡੇਟਾ ਰਿਕਾਰਡ, ਫੋਰੈਂਸਿਕ ਸਬੂਤਾਂ ਅਤੇ ਫ਼ੋਨ ਡਾਊਨਲੋਡਸ ਨੂੰ ਜੋੜ ਕੇ ਪੂਰੇ ਨੈੱਟਵਰਕ ਦੀਆਂ ਗਤੀਵਿਧੀਆਂ ਨੂੰ ਟ੍ਰੇਸ ਕੀਤਾ।
ਡਿਟੈਕਟਿਵ ਇੰਸਪੈਕਟਰ ਮਾਰਕ ਗੈਵਿਨ ਨੇ ਕਿਹਾ ਕਿ ਇਹ ਮਾਮਲਾ ਸਾਫ਼ ਸੰਦੇਸ਼ ਦਿੰਦਾ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਨਿਆਇਕ ਅਹੁਦੇ 'ਤੇ ਬੈਠਾ ਵਿਅਕਤੀ ਹੋਵੇ ਜਾਂ ਸੰਗਠਿਤ ਅਪਰਾਧ ਦਾ ਸਰਗਨਾ—ਅਪਰਾਧ 'ਚ ਸ਼ਾਮਲ ਹਰ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਪੁਲਿਸ ਦਾ ਮੰਨਣਾ ਹੈ ਕਿ ਇਸ ਕਾਰਵਾਈ ਨਾਲ ਪੱਛਮੀ ਲੰਡਨ 'ਚ ਸਰਗਰਮ ਇਕ ਵੱਡੇ ਡਰੱਗਜ਼ ਨੈੱਟਵਰਕ ਦਾ ਲੱਕ ਤੋੜ ਦਿੱਤਾ ਗਿਆ ਹੈ।