- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾ ਥਾਣਾ ਮੁਖੀ ਰਾਜੇਸ਼ ਕੁਮਾਰੀ ਨੇ ਜਦੋਂ ਮਾਮਲੇ 'ਚ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੰਤਰੀ ਪੰਵਾਰ ਭੜਕ ਗਏ। ਉਨ੍ਹਾਂ ਕਿਹਾ ਕਿ 40 ਸਾਲਾਂ ਤੋਂ ਐਮਐਲਏ-ਐਮਪੀ ਬਣਦਾ ਆ ਰਿਹਾ ਹਾਂ, ਮੈਨੂੰ ਨਾ ਸਮਝਾਓ। ਵਿਧਾਨ ਸਭਾ ਦੀ ਹਰ ਕਮੇਟੀ 'ਚ ਰਹਿ ਚੁੱਕਾ ਹਾਂ, ਤੁਹਾਡੇ ਡੀਏ (DA) ਤੋਂ ਵੱਧ ਗਿਆਨ ਹੈ।

ਜਾਗਰਣ ਸੰਵਾਦਦਾਤਾ, ਪੰਚਕੂਲਾ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਦਾਜ ਲਈ ਤੰਗ ਕਰਨ ਤੇ 6 ਲੱਖ ਰੁਪਏ ਲੈਣ ਦੇ ਮਾਮਲੇ 'ਚ ਆਦੇਸ਼ ਦਿੱਤੇ ਕਿ ਡੀਸੀਪੀ ਸ੍ਰਿਸ਼ਟੀ ਗੁਪਤਾ ਦੀ ਦੇਖਰੇਖ 'ਚ 4 ਦਿਨਾਂ 'ਚ ਇਨਕੁਆਰੀ ਕਰ ਕੇ ਮੰਤਰੀ ਨੂੰ ਰਿਪੋਰਟ ਸੌਂਪੀ ਜਾਵੇਗੀ। ਪੰਚਕੂਲਾ ਮਹਿਲਾ ਥਾਣੇ ਦੀ ਮੁਖੀ ਰਾਜੇਸ਼ ਕੁਮਾਰੀ ਤੇ ਏਐੱਸਆਈ ਕਵਿਤਾ ਖ਼ਿਲਾਫ਼ ਪੀੜਤ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਪੀੜਤ ਪੱਖ ਨੇ ਦੋਸ਼ ਲਗਾਇਆ ਕਿ ਦਾਜ ਦੇ ਸ਼ੋਸ਼ਣ ਦੇ ਕੇਸ 'ਚ ਪੀੜਤ ਦੇ ਸਹੁਰੇ ਦਾ ਨਾਂ ਕੇਸ 'ਚ ਸ਼ਾਮਲ ਨਹੀਂ ਕੀਤਾ ਗਿਆ, ਜਦਕਿ ਉਨ੍ਹਾਂ ਵੱਲੋਂ 6 ਲੱਖ ਰੁਪਏ ਲਏ ਜਾਣ ਦੇ ਸਬੂਤ ਦਿੱਤੇ ਗਏ ਸਨ। ਪੰਵਾਰ ਨੇ ਸੁਣਵਾਈ ਦੌਰਾਨ ਪਾਇਆ ਕਿ ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ, ਕਿਉਂਕਿ ਮੁਲਜ਼ਮ ਖ਼ੁਦ ਪੁਲਿਸ ਮੁਲਾਜ਼ਮ ਹੈ, ਜੋ ਇੰਨੀਂ ਦਿਨੀਂ ਯਮੁਨਾਨਗਰ ਸੀਆਈਏ 'ਚ ਤਾਇਨਾਤ ਹੈ।
ਮਹਿਲਾ ਥਾਣਾ ਮੁਖੀ ਰਾਜੇਸ਼ ਕੁਮਾਰੀ ਨੇ ਜਦੋਂ ਮਾਮਲੇ 'ਚ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੰਤਰੀ ਪੰਵਾਰ ਭੜਕ ਗਏ। ਉਨ੍ਹਾਂ ਕਿਹਾ ਕਿ 40 ਸਾਲਾਂ ਤੋਂ ਐਮਐਲਏ-ਐਮਪੀ ਬਣਦਾ ਆ ਰਿਹਾ ਹਾਂ, ਮੈਨੂੰ ਨਾ ਸਮਝਾਓ। ਵਿਧਾਨ ਸਭਾ ਦੀ ਹਰ ਕਮੇਟੀ 'ਚ ਰਹਿ ਚੁੱਕਾ ਹਾਂ, ਤੁਹਾਡੇ ਡੀਏ (DA) ਤੋਂ ਵੱਧ ਗਿਆਨ ਹੈ। ਮੰਤਰੀ ਸੈਕਟਰ-1 ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ 'ਚ ਜ਼ਿਲ੍ਹਾ ਲੋਕ ਸੰਪਰਕ ਤੇ ਦੁੱਖ ਨਿਵਾਰਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਬੈਠਕ 'ਚ ਸੱਤ ਸ਼ਿਕਾਇਤਾਂ 'ਚੋਂ ਪੰਜ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ, ਜਦਕਿ ਬਾਕੀ ਦੋ ਸ਼ਿਕਾਇਤਾਂ ਦੇ ਜਲਦੀ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਪਿੰਡ ਖੇੜਾਵਾਲੀ (ਕਾਲਕਾ) ਦੇ ਨਿਵਾਸੀ ਵੱਲੋਂ ਖਸਰਾ ਨੰਬਰ 1 ਤੋਂ 5 ਤਕ ਨਿਰਧਾਰਤ ਹੱਦ ਤੋਂ ਵੱਧ ਡੂੰਘਾਈ ਤਕ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦੀ ਸ਼ਿਕਾਇਤ 'ਤੇ ਨੋਟਿਸ ਲੈਂਦੇ ਹੋਏ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਪੁਲਿਸ ਅਧਿਕਾਰੀਆਂ ਨੂੰ ਨਾਕਿਆਂ ਦੀ ਗਿਣਤੀ ਵਧਾਉਣ ਤੇ ਨਿਯਮਤ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਾਈਨਿੰਗ ਮੰਤਰੀ ਹੋਣ ਦੇ ਨਾਤੇ ਉਹ ਖ਼ੁਦ ਡਿਪਟੀ ਕਮਿਸ਼ਨਰ ਦੇ ਨਾਲ ਮੌਕੇ ਦਾ ਨਿਰੀਖਣ ਕਰਨਗੇ। ਜੇਕਰ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਦੀ ਲਾਪਰਵਾਹੀ ਪਾਈ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐੱਨਐੱਚ ਫਾਰਮਾਸਿਊਟੀਕਲ, ਪੰਚਕੂਲਾ, ਪੈੱਟ ਕੈਮਿਸਟ ਸ਼ਾਪ ਐਂਡ ਪਾਰਲਰ ਅਤੇ ਪੈੱਟ ਐਨੀਮਾ ਮੈਡੀਕਲ ਸੈਂਟਰ ਵੱਲੋਂ ਸਰਕਾਰੀ ਪਸ਼ੂ ਹਸਪਤਾਲ, ਸੈਕਟਰ-3 'ਚ ਕਥਿਤ ਬੇਨਿਯਮੀਆਂ ਸਬੰਧੀ ਸ਼ਿਕਾਇਤ 'ਤੇ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ ਤਕ ਐੱਸਡੀਐੱਮ ਪੰਚਕੂਲਾ ਪੂਰੇ ਮਾਮਲੇ ਦੀ ਨਿਗਰਾਨੀ ਕਰਨਗੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਜੇਕਰ ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਚੰਡੀਗੜ੍ਹ ਜਾਂ ਹੋਰ ਥਾਵਾਂ ਤੋਂ ਦਵਾਈਆਂ ਖਰੀਦਣ ਲਈ ਪਰਚੀ ਲਿਖੀ ਜਾਂਦੀ ਹੈ ਤਾਂ ਸਬੰਧਤ ਡਾਕਟਰ ਦੇ ਵਿਰੁੱਧ ਐੱਫਆਈਆਰ ਤਕ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਪੱਧਰ 'ਤੇ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਿਕਾਇਤਕਰਤਾ ਭਵਿੱਖ 'ਚ ਕਿਸੇ ਵੀ ਪ੍ਰਕਾਰ ਦੀ ਬੇਨਿਯਮੀ ਦੀ ਜਾਣਕਾਰੀ ਸਿੱਧੀ ਡਿਪਟੀ ਕਮਿਸ਼ਨਰ ਜਾਂ ਐੱਸਡੀਐੱਮ ਪੰਚਕੂਲਾ ਨੂੰ ਦੇ ਸਕਦੇ ਹਨ।
ਸੈਕਟਰ-11 ਦੇ ਨਿਵਾਸੀ ਨੇ ਸ਼ਿਕਾਇਤ ਦਿੱਤੀ ਕਿ ਕੁਝ ਮਕਾਨ ਮਾਲਕਾਂ ਨੇ ਆਪਣੇ ਘਰਾਂ ਦੇ ਪਿਛਲੇ ਹਿੱਸੇ ਵਿਚ ਨਾਜਾਇਜ਼ ਤੌਰ 'ਤੇ ਰੈਂਪ, ਬਗੀਚੇ ਅਤੇ ਪਿਛਲੇ ਗੇਟ ਬਣਾ ਲਏ ਹਨ, ਜਿਸ ਨਾਲ ਸੜਕ ਤੰਗ ਹੋ ਗਈ ਹੈ ਅਤੇ ਆਉਣ-ਜਾਣ ਵਿਚ ਅਸੁਵਿਧਾ ਹੋ ਰਹੀ ਹੈ। ਸ਼ਿਕਾਇਤ 'ਤੇ ਨੋਟਿਸ ਲੈਂਦੇ ਹੋਏ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧਿਕਰਨ (HSVP) ਦੇ ਐਸਟੇਟ ਅਫ਼ਸਰ ਤੋਂ ਕੀਤੀ ਗਈ ਕਾਰਵਾਈ ਦਾ ਵੇਰਵਾ ਮੰਗਿਆ। ਇਸ 'ਤੇ ਐਸੇਟਸ ਅਧਿਕਾਰੀ ਨੇ ਦੱਸਿਆ ਕਿ ਸੈਕਟਰ-11 'ਚ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਚਲਾ ਕੇ ਸ਼ਿਕਾਇਤ 'ਚ ਦਰਜ ਦੋਵਾਂ ਮਕਾਨਾਂ ਦੇ ਪਿੱਛੇ ਬਣਾਏ ਗਏ ਨਾਜਾਇਜ਼ ਰੈਂਪ ਅਤੇ ਰੋਡ ਬਰਮ ਹਟਾ ਦਿੱਤੇ ਗਏ ਹਨ। ਮੰਤਰੀ ਨੇ ਨਿਰਦੇਸ਼ ਦਿੱਤੇ ਕਿ HSVP ਅਤੇ ਨਗਰ ਨਿਗਮ ਆਪਣੀ-ਆਪਣੀ ਕਬਜ਼ਾ ਮੁਕਤ ਕਰਵਾਈ ਗਈ ਜ਼ਮੀਨ ਦੀ ਮਾਰਕਿੰਗ ਕਰਵਾ ਕੇ ਉੱਥੇ ਬੋਰਡ ਲਗਵਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਇੰਚ ਵੀ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੈਕਟਰ-26 ਦੇ ਨਿਵਾਸੀ ਨੇ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਬੜੌਨਾ ਖੁਰਦ 'ਚ ਉਨ੍ਹਾਂ ਦੀ ਖੇਤੀਬਾੜੀ ਯੋਗ ਜ਼ਮੀਨ ਦੇ ਨਾਲ ਬਰਸਾਤੀ ਨਦੀ ਵਹਿੰਦੀ ਹੈ ਜਿਸ ਨਾਲ ਹਰ ਸਾਲ ਜ਼ਮੀਨ ਦਾ ਕਟਾਅ ਹੋ ਜਾਂਦਾ ਹੈ। ਉਨ੍ਹਾਂ ਕਟਾਅ ਰੋਕਣ ਲਈ ਡੰਗਾ ਨਿਰਮਾਣ ਦੀ ਮੰਗ ਕੀਤੀ। ਇਸ 'ਤੇ ਮੰਤਰੀ ਨੇ ਸਿੰਚਾਈ ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਨੇ ਦੱਸਿਆ ਕਿ ਇਸ ਕਾਰਜ ਲਈ ਲੋੜੀਂਦੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਭਲਕੇ ਤੋਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਪਿੰਡ ਰੈਲਾ, ਸੈਕਟਰ-12 ਦੇ ਨਿਵਾਸੀ ਨੇ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧਿਕਰਨ ਅਤੇ ਨਗਰ ਨਿਗਮ ਪੰਚਕੂਲਾ ਦੀ ਜ਼ਮੀਨ 'ਤੇ ਨਾਜਾਇਜ਼ ਉਸਾਰੀ ਅਤੇ ਰਸਤੇ 'ਤੇ ਕਬਜ਼ਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਮੰਤਰੀ ਨੇ ਨਗਰ ਨਿਗਮ ਕਮਿਸ਼ਨਰ, HSVP ਦੇ ਸੰਪਦਾ ਅਧਿਕਾਰੀ, ਤਹਿਸੀਲਦਾਰ ਪੰਚਕੂਲਾ ਅਤੇ ਇਕ ਪ੍ਰਮੁੱਖ ਵਿਅਕਤੀ (ਐਮੀਨੈਂਟ ਪਰਸਨ) ਨੂੰ ਸ਼ਾਮਲ ਕਰਦੇ ਹੋਏ ਇੱਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਇਹ ਕਮੇਟੀ ਮਾਮਲੇ ਦੀ ਜਾਂਚ ਕਰਕੇ ਆਪਣੀ ਰੋਪੋਰਟ ਪੇਸ਼ ਕਰੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਸ਼ਾ ਯਾਦਵ, ਪੁਲਿਸ ਡਿਪਟੀ ਕਮਿਸ਼ਨਰ ਸ੍ਰਿਸ਼ਟੀ ਗੁਪਤਾ, ਐੱਸਡੀਐੱਮ ਪੰਚਕੂਲਾ ਚੰਦਰਕਾਂਤ ਕਟਾਰੀਆ, ਆਰਟੀਏ ਸਕੱਤਰ ਹੈਰਤਜੀਤ ਕੌਰ, ਨਗਰ ਨਿਗਮ ਕਮਿਸ਼ਨਰ ਵਿਨੈ ਕੁਮਾਰ, ਸ਼ਿਵਾਲਿਕ ਵਿਕਾਸ ਬੋਰਡ ਦੇ ਚੇਅਰਮੈਨ ਓਮਪ੍ਰਕਾਸ਼ ਦੇਵੀਨਗਰ, ਨਗਰ ਨਿਗਮ ਦੇ ਮੇਅਰ ਸ਼ਾਮ ਲਾਲ ਬੰਸਲ, ਨਗਰ ਕੌਂਸਲ ਕਾਲਕਾ ਦੇ ਚੇਅਰਮੈਨ ਕ੍ਰਿਸ਼ਨ ਲਾਲ ਲਾਂਬਾ, ਪ੍ਰਦੇਸ਼ ਉਪ-ਪ੍ਰਧਾਨ ਬੰਤੋ ਕਟਾਰੀਆ, ਜ਼ਿਲ੍ਹਾ ਪ੍ਰਧਾਨ ਅਜੇ ਮਿੱਤਲ, ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਪ੍ਰਧਾਨ ਜਸਮੇਰ ਸਿੰਘ ਬੰਜਾਰਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਨ ਕਮੇਟੀ ਦੇ ਮੈਂਬਰ ਹਾਜ਼ਰ ਸਨ।