- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਸਾਲ 2025 ਦੀ ਸਾਲਾਨਾ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਹੈਰੋਇਨ ਵਰਗੇ ਰਵਾਇਤੀ ਨਸ਼ਿਆਂ ਦੇ ਨਾਲ-ਨਾਲ ਹੁਣ ਕੋਡੀਨ ਆਧਾਰਿਤ ਕਫ਼ ਸਿਰਪ ਅਤੇ ਹੋਰ ਨੁਸਖ਼ੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਰਿਪੋਰਟ ਵਿੱਚ ਪੰਜਾਬ ਨੂੰ ਇਸ ਉਭਰਦੇ ਖ਼ਤਰੇ ਦਾ ਸਭ ਤੋਂ ਵੱਡਾ ਕੇਂਦਰ ਦੱਸਿਆ ਗਿਆ ਹੈ।

ਰੋਹਿਤ ਕੁਮਾਰ, ਪੰਜਾਬੀ ਜਾਗਰਣ, ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਹੁਣ ਫਾਰਮਾ ਓਪੀਓਇਡਜ਼ ਨਵੇਂ ਅਤੇ ਗੰਭੀਰ ਖ਼ਤਰੇ ਵਜੋਂ ਸਾਹਮਣੇ ਆਏ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਸਾਲ 2025 ਦੀ ਸਾਲਾਨਾ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਹੈਰੋਇਨ ਵਰਗੇ ਰਵਾਇਤੀ ਨਸ਼ਿਆਂ ਦੇ ਨਾਲ-ਨਾਲ ਹੁਣ ਕੋਡੀਨ ਆਧਾਰਿਤ ਕਫ਼ ਸਿਰਪ ਅਤੇ ਹੋਰ ਨੁਸਖ਼ੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਰਿਪੋਰਟ ਵਿੱਚ ਪੰਜਾਬ ਨੂੰ ਇਸ ਉਭਰਦੇ ਖ਼ਤਰੇ ਦਾ ਸਭ ਤੋਂ ਵੱਡਾ ਕੇਂਦਰ ਦੱਸਿਆ ਗਿਆ ਹੈ।
ਰਿਪੋਰਟ ਅਨੁਸਾਰ ਸਾਲ 2025 ਦੌਰਾਨ ਪੰਜਾਬ ਵਿੱਚੋਂ ਕੋਡੀਨ ਆਧਾਰਿਤ ਕਫ਼ ਸਿਰਪ ਦੀਆਂ 8,95,508 ਬੋਤਲਾਂ ਬਰਾਮਦ ਕੀਤੀਆਂ ਗਈਆਂ, ਜੋ ਦੇਸ਼ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਸਭ ਤੋਂ ਵੱਧ ਹਨ। ਐਨਸੀਬੀ ਨੇ ਇਸ ਨੂੰ ਪੰਜਾਬ ਵਿੱਚ ਨਸ਼ੇ ਦੀ ਦੂਜੀ ਖ਼ਤਰਨਾਕ ਲਹਿਰ ਕਰਾਰ ਦਿੱਤਾ ਹੈ। ਏਜੰਸੀ ਅਨੁਸਾਰ ਫਾਰਮਾ ਓਪੀਓਇਡਜ਼ ਦਾ ਵਧਦਾ ਦੁਰਵਰਤੋਂ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਇਹ ਦਵਾਈਆਂ ਰਵਾਇਤੀ ਨਸ਼ਿਆਂ ਦੇ ਮੁਕਾਬਲੇ ਆਸਾਨੀ ਨਾਲ ਉਪਲਬਧ ਹੋ ਜਾਂਦੀਆਂ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਿਊਪ੍ਰੇਨੋਰਫਿਨ, ਟਰਾਮਾਡੋਲ ਅਤੇ ਅਲਪ੍ਰਾਜ਼ੋਲਮ ਵਰਗੀਆਂ ਕਾਨੂੰਨੀ ਤੌਰ 'ਤੇ ਬਣਦੀਆਂ ਦਵਾਈਆਂ ਕੁਝ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਮੈਡੀਕਲ ਸਟੋਰਾਂ ਅਤੇ ਫਾਰਮੇਸੀ ਨੈੱਟਵਰਕ ਰਾਹੀਂ ਗ਼ੈਰਕਾਨੂੰਨੀ ਬਾਜ਼ਾਰ ਤੱਕ ਪਹੁੰਚ ਰਹੀਆਂ ਹਨ। ਇਸ ਨਾਲ ਨੌਜਵਾਨਾਂ ਲਈ ਨਸ਼ੀਲੀਆਂ ਦਵਾਈਆਂ ਤੱਕ ਪਹੁੰਚ ਹੋਰ ਆਸਾਨ ਹੋ ਗਈ ਹੈ।
ਐਨਸੀਬੀ ਨੇ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਭਾਰਤ ਦੀ ਫਾਰਮਾਸਿਊਟੀਕਲ ਸਮਰੱਥਾ ਵਿਸ਼ਵ ਪੱਧਰ 'ਤੇ ਮਜ਼ਬੂਤ ਮੰਨੀ ਜਾਂਦੀ ਹੈ, ਪਰ ਇਹੀ ਖੇਤਰ ਗ਼ੈਰਕਾਨੂੰਨੀ ਸਪਲਾਈ ਚੇਨ ਲਈ ਵੀ ਸੰਵੇਦਨਸ਼ੀਲ ਬਣਦਾ ਜਾ ਰਿਹਾ ਹੈ। ਰਿਪੋਰਟ ਮੁਤਾਬਕ 2011 ਤੋਂ 2025 ਦਰਮਿਆਨ ਫਾਰਮਾ ਡਰੱਗਜ਼ ਦੀਆਂ ਬਰਾਮਦਗੀਆਂ ਵਿੱਚ 77 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਪੰਜਾਬ ਅਜੇ ਵੀ ਦੇਸ਼ ਵਿੱਚ ਹੈਰੋਇਨ ਤਸਕਰੀ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। ਸਾਲ 2025 ਵਿੱਚ ਦੇਸ਼ ਭਰ ਵਿੱਚ ਬਰਾਮਦ ਹੋਈਆਂ 3,567 ਕਿਲੋਗ੍ਰਾਮ ਹੈਰੋਇਨ ਵਿੱਚੋਂ 2,085.55 ਕਿਲੋਗ੍ਰਾਮ ਇਕੱਲੇ ਪੰਜਾਬ ਵਿੱਚੋਂ ਬਰਾਮਦ ਹੋਈ, ਜੋ ਕੁੱਲ ਬਰਾਮਦਗੀ ਦਾ ਲਗਭਗ 58 ਫ਼ੀਸਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ-ਅਫ਼ਗਾਨਿਸਤਾਨ ਦੇ ਗੋਲਡਨ ਕ੍ਰੀਸੈਂਟ ਰੂਟ ਤੋਂ ਹੋਣ ਵਾਲੀ ਤਸਕਰੀ ਵਿੱਚ ਪੰਜਾਬ ਦੀ ਕੇਂਦਰੀ ਭੂਮਿਕਾ ਅਜੇ ਵੀ ਕਾਇਮ ਹੈ।
ਡਰੋਨ ਰਾਹੀਂ ਤਸਕਰੀ ਨੇ ਵੀ ਤੋੜੇ ਰਿਕਾਰਡ
ਐਨਸੀਬੀ ਰਿਪੋਰਟ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਰਾਹੀਂ ਨਸ਼ਾ ਤਸਕਰੀ ਦੇ ਮਾਮਲੇ ਵੀ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਸਾਲ 2025 ਦੌਰਾਨ ਦੇਸ਼ ਭਰ ਵਿੱਚ ਡਰੋਨ ਰਾਹੀਂ ਤਸਕਰੀ ਦੇ 305 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 289 ਪੰਜਾਬ ਵਿੱਚ ਦਰਜ ਹੋਏ। ਇਨ੍ਹਾਂ ਮਾਮਲਿਆਂ ਵਿੱਚ 468 ਕਿਲੋਗ੍ਰਾਮ ਨਸ਼ੀਲੇ ਪਦਾਰਥ, ਮੁੱਖ ਤੌਰ 'ਤੇ ਹੈਰੋਇਨ, ਬਰਾਮਦ ਕੀਤੀ ਗਈ। ਐਨਸੀਬੀ ਨੇ ਕਿਹਾ ਕਿ ਤਸਕਰ ਹੁਣ ਰਵਾਇਤੀ ਸਰਹੱਦੀ ਸੁਰੱਖਿਆ ਨੂੰ ਚਕਮਾ ਦੇਣ ਲਈ ਡਰੋਨ ਵਰਗੀ ਆਧੁਨਿਕ ਤਕਨਾਲੋਜੀ ਦਾ ਵੱਡੇ ਪੱਧਰ 'ਤੇ ਇਸਤੇਮਾਲ ਕਰ ਰਹੇ ਹਨ।
ਪੰਜ ਸਾਲਾਂ 'ਚ ਡਰੋਨ ਰਾਹੀਂ ਤਸਕਰੀ ਦੇ ਮਾਮਲਿਆਂ ਵਿੱਚ 100 ਗੁਣਾ ਵਾਧਾ
ਐਨਸੀਬੀ ਰਿਪੋਰਟ ਮੁਤਾਬਕ ਸਾਲ 2021 ਵਿੱਚ ਡਰੋਨ ਰਾਹੀਂ ਨਸ਼ਾ ਤਸਕਰੀ ਦੇ ਸਿਰਫ਼ ਤਿੰਨ ਮਾਮਲੇ ਸਾਹਮਣੇ ਆਏ ਸਨ, ਜਦਕਿ 2025 ਵਿੱਚ ਇਹ ਗਿਣਤੀ ਵੱਧ ਕੇ 305 ਹੋ ਗਈ। ਸਾਲ 2025 ਵਿੱਚ ਡਰੋਨ ਰਾਹੀਂ 468 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਹੋਏ, ਜੋ 2024 ਦੇ ਮੁਕਾਬਲੇ 96 ਫ਼ੀਸਦੀ ਵੱਧ ਹਨ। ਪੰਜਾਬ ਵਿੱਚ ਹੀ 461 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਹੋਏ, ਜਿਨ੍ਹਾਂ ਵਿੱਚ 449.751 ਕਿਲੋਗ੍ਰਾਮ ਹੈਰੋਇਨ ਅਤੇ 9.018 ਕਿਲੋਗ੍ਰਾਮ ਮੈਥਾਮਫੇਟਾਮਾਈਨ ਸ਼ਾਮਲ ਹੈ।