- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਨੀ ਨੇ ਕਿਹਾ ਕਿ ਉਹ ਪਾਰਟੀ ਦੀ ਰਣਨੀਤੀ ’ਤੇ ਹੀ ਅੱਗੇ ਵਧਣਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲੀਡਰ ਰਾਹੁਲ ਗਾਂਧੀ ਹਨ ਤੇ ਉਹ ਅਗੇ ਵੀ ਰਹਿਣਗੇ। ਹੁਣ ਚਰਚਾ ਹੈ ਕਿ ਚੰਨੀ ਤੇ ਹੋਰ ਨਾਰਾਜ਼ ਆਗੂ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰ ਸਕਦੇ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਖਾਨਾਜੰਗੀ ਦਾ ਉਲਝਿਆ ਤਾਣਾ ਬੇਸ਼ੱਕ ਅਜੇ ਸੁਲਝਿਆਂ ਨਹੀਂ ਨਾਰਾਜ਼ ਚੱਲ ਰਹੇ ਚਰਨਜੀਤ ਸਿੰਘ ਚੰਨੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਤਾਪ ਸਿੰਘ ਬਾਜਵਾ ਤੇ ਡਾ. ਰਾਜ ਕੁਮਾਰ ਵੇਰਕਾ ਤੋਂ ਬਾਅਦ ਬੁੱਧਵਾਰ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਚੰਨੀ ਨੂੰ ਮਨਾਉਣ ਪੁੱਜੇ। ਓਧਰ ਭੁਪੇਸ਼ ਬਘੇਲ ਨੇ ਇਕ ਵਾਰ ਮੁੜ ਦੁਹਰਾਇਆ ਕਿ ਵੜਿੰਗ ਦੀ ਭੂਮਿਕਾ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਇਸ ਸਾਰੇ ਘਟਨਾ ਚੱਕਰ ਵਿਚਾਲੇ ਚੰਨੀ ਦਾ ਰੁਖ਼ ਵੀ ਕੁਝ ਨਰਮ ਹੁੰਦਾ ਦਿਖਾਈ ਦੇ ਰਿਹਾ ਹੈ। ਚੰਨੀ ਨੇ ਕਿਹਾ ਕਿ ਉਹ ਪਾਰਟੀ ਦੀ ਰਣਨੀਤੀ ’ਤੇ ਹੀ ਅੱਗੇ ਵਧਣਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲੀਡਰ ਰਾਹੁਲ ਗਾਂਧੀ ਹਨ ਤੇ ਉਹ ਅਗੇ ਵੀ ਰਹਿਣਗੇ। ਹੁਣ ਚਰਚਾ ਹੈ ਕਿ ਚੰਨੀ ਤੇ ਹੋਰ ਨਾਰਾਜ਼ ਆਗੂ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰ ਸਕਦੇ ਹਨ।
ਪਾਰਟੀ ’ਚ ਟਕਰਾਅ ਖ਼ਤਮ ਦੇ ਸਿਲਸਿਲੇ ’ਚ ਬੁੱਧਵਾਰ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਚਰਨਜੀਤ ਸਿੰਘ ਚੰਨੀ ਨੂੰ ਮਨਾਉਣ ਲਈ ਖਰੜ ਸਥਿਤ ਉਨ੍ਹਾਂ ਦੇ ਘਰ ਪੁੱਜੇ। ਔਜਲਾ ਨੇ ਚੰਨੀ ਨੂੰ ਗੁੱਸਾ-ਗਿਲਾ ਛੱਡ ਕੇ ਸ਼ਿਕਵਾ ਭੁਲਾ ਕੇ ਪਾਰਟੀ ਦੇ ਹਿੱਤ ’ਚ ਕੰਮ ਕਰਨ ਲਈ ਮਨਾਉਣ ਦਾ ਯਤਨ ਕੀਤਾ। ਸੂਤਰਾਂ ਮੁਤਾਬਕ ਉਨ੍ਹਾਂ ਚੰਨੀ ਦੀ ਫੋਨ ’ਤੇ ਭੁਪੇਸ਼ ਬਘੇਲ ਨਾਲ ਗੱਲ ਵੀ ਕਰਵਾਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਮੁਲਾਕਾਤ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਚੰਨੀ ਨੂੰ ਬੇਨਤੀ ਕੀਤੀ ਹੈ ਕਿ ਉਹ ਅਸੰਤੁਸ਼ਟ ਨੇਤਾਵਾਂ ਦੀਆਂ ਸ਼ਿਕਾਇਤਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਗੇ ਰੱਖਣ, ਤਾਂ ਜੋ ਉਨ੍ਹਾਂ ਦਾ ਛੇਤੀ ਹੱਲ ਹੋ ਸਕੇ। ਔਜਲਾ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਨੇਤਾ ਇਕ ਮੰਚ ’ਤੇ ਆਉਣ। ਇਸ ਤੋਂ ਬਾਅਦ ਦੇਰ ਸ਼ਾਮ ਚਰਨਜੀਤ ਸਿੰਘ ਚੰਨੀ ਨੇ ਸਪਸ਼ਟ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਨੇਤਾ ਹਨ। ਪਾਰਟੀ ਹਾਈਕਮਾਨ ਤੇ ਰਾਹੁਲ ਗਾਂਧੀ ਭਵਿੱਖ ਦੀ ਜਿਹੜੀ ਵੀ ਰਣਨੀਤੀ ਬਣਾਉਣਗੇ ਉਹ ਉਸੇ ਮੁਤਾਬਕ ਕੰਮ ਕਰਨਗੇ। ਇਸੇ ਦੌਰਾਨ ਹੁਣ ਚਰਚਾ ਹੈ ਕਿ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾਂ, ਪਰਗਟ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਰਿੰਦਰਮੀਤ ਸਿੰਘ ਪਾਹੜਾ ਸਮੇਤ ਨਾਰਾਜ਼ ਚੱਲ ਰਹੇ ਆਗੂ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰ ਸਕਦੇ ਹਨ।
ਸੰਵਾਦ ਜਾਰੀ ਹੈ : ਡਾ. ਵੇਰਕਾ
ਮੰਗਲਵਾਰ ਨੂੰ ਚੰਨੀ ਨੂੰ ਮਨਾਉਣ ਲਈ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਗਏ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ ਨੇ ਇਸ ਪੂਰੇ ਘਟਨਾ ਚੱਕਰ ਨੂੰ ਕਾਂਗਰਸਦਾ ਪਰਿਵਾਰਕ ਮਾਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਵਾਦ ਦੀ ਪ੍ਰਕਿਰਿਆ ਜਾਰੀ ਹੈ। ਕੋਈ ਵੀ ਨੇਤਾ ਆਪਣੀ ਗੱਲ ਸਿੱਧੀ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਜਾਂ ਕੇਸੀ ਵੇਣੂਗੋਪਾਲ ਸਾਹਮਣੇ ਰੱਖਣਾ ਚਾਹੁੰਦਾ ਹੈ ਤਾਂ ਉਸ ਦੀ ਮੁਲਾਕਾਤ ਕਰਵਾਈ ਜਾਵੇਗੀ।
ਚੰਨੀ ਤੇ ਰੰਧਾਵਾ ਨਾਲ ਫੋਨ ’ਤੇ ਹੋਈ ਗੱਲ, ਛੇਤੀ ਮਿਲਾਂਗੇ : ਬਘੇਲ
ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਕਰਨ ਲਈ ਪੰਜ ਦਿਨਾਂ ਦੇ ਦੌਰੇ ਦੇ ਪੰਜਾਬ ਆਏ ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਨੇ ਤੀਜੇ ਦਿਨ ਬੁੱਧਵਾਰ ਨੂੰ ਵੀ ਕਾਂਗਰਸ ਭਵਨ ’ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਬਘੇਲ ਨੇ ਪੰਜਾਬ ਯੂਥ ਕਾਂਗਰਸ, ਮਹਿਲਾ ਕਾਂਗਰਸ, ਐੱਸਸੀ ਸੈੱਲ, ਪੱਛੜੀਆਂ ਸ਼੍ਰੇਣਈਆਂ ਸੈੱਲ ਸਮੇਤ ਪਾਰਟੀ ਦੇ ਹੋਰ ਵਿੰਗਾਂ ਦੇ ਪ੍ਰਧਾਨਾਂ, ਹੋਰ ਅਹੁੱਦੇਦਾਰਾਂ, ਸਾਬਕਾ ਮੰਤਰੀ ਤੇ ਪਾਰਟੀ ਦੇ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਰਾਜਿੰਦਰ ਸਿੰਘ ਨਾਲ ਵੀ ਬੰਦ ਕਮਰਾ ਮੁਲਾਕਾਤ ਕੀਤੀ। ਇਸ ਦੌਰਾਨ ਬਘੇਲ ਨੇ ਇਕ ਵਾਰ ਮੁੜ ਸਪਸ਼ਟ ਕੀਤਾ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਰਹਿਣਗੇ ਤੇ ਇਸ ਫ਼ੈਸਲੇ ਮੁੜ ਵਿਚਾਰ ਨਹੀਂ ਹੋਵੇਗਾ। ਇਕ ਵਾਰ ਹਾਈਕਮਾਨ ਕੋਈ ਫ਼ੈਸਲਾ ਲੈ ਲੈਂਦਾ ਹੈ ਤਾਂ ਉਹ ਲਾਗੂ ਰਹਿੰਦਾ ਹੈ। ਇਹ ਕੋਈ ਗੁੱਡੇ ਗੁੱਡੀਆਂ ਦੀ ਖੇਡ ਨਹੀਂ। ਸੰਵਾਦ ਜ਼ਰੀਏ ਮਤਭੇਦ ਦੂਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚੰਨੀ ਤੇ ਰੰਧਾਵਾ ਨਾਲ ਫੋਨ ’ਤੇ ਗੱਲ ਹੋਈ ਹੈ। ਦੋਵੇਂ ਸ਼ਹਿਰ ਤੋਂ ਬਾਹਰ ਹਨ ਤੇ ਪਰਤਣ ’ਤੇ ਉਨ੍ਹਾਂ ਨਾਲ ਸੰਪਰਕ ਕਰਾਂਗੇ। ਬਘੇਲ ਨੇ ਕਿਹਾ ਕਿ ਜੇਕਰ ਉਹ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ ਤਾਂ ਮੈਂ ਉਨ੍ਹਾਂ ਕੋਲ ਚਲਾ ਜਾਵਾਂਗਾ। ਬਘਲੇ ਵੀਰਵਾਰ ਨੂੰ ਯੂਥ ਕਾਂਗਰਸ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ।
ਚੱਲ ਰਹੀ ਹੈ ਲੰਚ, ਡਿਨਰ ਡਿਪਲੋਮੇਸੀ
ਪਾਰਟੀ ਆਗੂਆਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਭੁਪੇਸ਼ ਬਘੇਲ ਨੇ ਲੰਚ-ਡਿਨਰ ਡਿਪਲੋਮੇਸੀ ਸ਼ੁਰੂ ਕੀਤੀ ਹੋਈ ਹੈ। ਮੰਗਲਵਾਰ ਨੂੰ ਬਘੇਲ ਨੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੀ ਰਿਹਾਇਸ਼ ’ਤੇ ਕੁਝ ਸੀਨੀਅਰ ਆਗੂਆਂ ਨਾਲ ਡਿਨਰ ਕੀਤਾ ਸੀ। ਬੁੱਧਵਾਰ ਨੂੰ ਉਹ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਸੱਦੇ ’ਤੇ ਉਨ੍ਹਾਂ ਦੇ ਛੋਟੇ ਭਰਾ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਰਿਹਾਇਸ਼ ’ਤੇ ਡਿਨਰ ਲਈ ਪੁੱਜੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਘੇਲ ਨੇ ਚੰਨੀ ਤੋਂ ਇਲਾਵਾ ਹੋਰ ਨਾਰਾਜ਼ ਆਗੂਆਂ ਨੂੰ ਵੀ ਫੋਨ ਕਰ ਕੇ ਮਨਾਉਣ ਦਾ ਯਤਨ ਕੀਤਾ ਹੈ।
ਬਘੇਲ ਨੂੰ ਬਦਲਵਾਉਣਾ ਚਾਹੁੰਦੈ ਨਾਰਾਜ਼ ਧੜਾ
ਸੂਤਰਾਂ ਮੁਤਾਬਕ ਨਾਰਾਜ਼ ਚੱਲ ਰਿਹਾ ਧੜਾ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੂੰ ਬਦਲਵਾਉਣਾ ਚਾਹੁੰਦਾ ਹੈ। ਨਾਰਾਜ਼ ਆਗੂਆਂ ਦਾ ਕਹਿਣਾ ਹੈ ਕਿ ਬਘੇਲ ਨੂੰ ਪੰਜਾਬ ਕਾਂਗਰਸ ਦੇ ਹਿੱਤ ਲਈ ਸਾਂਝਾ ਯਤਨ ਕਰਨ ਦੀ ਜ਼ਰੂਰਤ ਸੀ, ਪਰ ਉਹ ਇਕ ਪਾਸੜ ਚੱਲ ਰਹੇ ਹਨ। ਇਸ ਲਈ ਚੰਨੀ ਧੜਾ ਪਾਰਟੀ ਹਾਈਕਮਾਨ ਦੇ ਫੈਸਲੇ ਨਾਲੋ ਵੱਧ ਬਘੇਲ ਦੀ ਭੂਮਿਕਾ ਤੋਂ ਨਾਰਾਜ਼ ਹੈ। ਦੂਜੇ ਪਾਸੇ ਕੁਝ ਸੀਨੀਅਰ ਕਾਂਗਰਸੀਆਂ ਨੇ ਬਘੇਲ ਨੂੰ ਨਾਰਾਜ਼ ਆਗੂਆਂ ’ਤੇ ਅਨੁਸ਼ਾਸ਼ਨੀ ਕਾਰਵਾਈ ਦਾ ਡੰਡਾ ਚਲਾਉਣ ਦੀ ਸਲਾਹ ਵੀ ਦਿੱਤੀ ਹੈ। ਪਹਿਲਾਂ ਹੀ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਨੋਟਿਸ ਦਿੱਤੇ ਜਾਣ ਤੋਂ ਨਾਰਾਜ਼ ਚੰਨੀ ਧੜੇ ਨੂੰ ਖ਼ਦਸ਼ਾ ਹੈ ਕਿ ਭਵਿੱਖ ’ਚ ਹੋਰਨਾਂ ਨੂੰ ਵੀ ਇਸ ਤਰ੍ਹਾਂ ਦਾ ਨੋਟਿਸ ਦਿੱਤਾ ਜਾ ਸਕਦਾ ਹੈ। ਕੁਝ ਆਗੂਆਂ ਨੇ ਇਸੇ ਡਰ ਤੋਂ ਬਘੇਲ ਨਾਲ ਮੁਲਾਕਾਤ ਕੀਤੀ ਹੈ।