- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਓਬੀਸੀ (OBC) ਵਿਭਾਗ ਦੇ ਸੂਬਾ ਚੇਅਰਮੈਨ ਵਜੋਂ Angad Singh ਦੇ ਨਾਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ/ਨਵਾਂਸ਼ਹਿਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਸੰਗਠਨ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕਾਂਗਰਸ ਹਾਈਕਮਾਂਡ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਕਾਂਗਰਸ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਓਬੀਸੀ (OBC) ਵਿਭਾਗ ਦੇ ਸੂਬਾ ਚੇਅਰਮੈਨ ਵਜੋਂ ਅੰਗਦ ਸਿੰਘ ਦੇ ਨਾਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਨਵੀਂ ਦਿੱਲੀ ਦੇ ਜਨਰਲ ਸਕੱਤਰ ਕੇਸੀ ਵੇਨੂੰਗੋਪਾਲ ਐਮਪੀ ਵੱਲੋਂ ਕਾਂਗਰਸ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਗਦ ਸਿੰਘ ਨੂੰ ਸਟੇਟ ਚੇਅਰਮੈਨ ਓਬੀਸੀ ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਿਯੁਕਤ ਕਰਨ 'ਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ਦੇ ਅੰਗਦ ਸਿੰਘ ਵੱਲੋਂ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਉੱਧਰ ਇਲਾਕੇ ਦੇ ਕਾਂਗਰਸੀ ਆਗੂਆਂ, ਵਰਕਰਾਂ ਵੱਲੋਂ ਅੰਗਦ ਸਿੰਘ ਤੇ ਸਮੂਹ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਅੰਗਦ ਸਿੰਘ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਜੋ ਕਿ ਉੱਘੇ ਕਾਰੋਬਾਰੀ ਤੇ ਸਿਆਸਤਦਾਨ ਹਨ, 2017 'ਚ ਪੰਜਾਬ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਚ 26 ਸਾਲ ਦੀ ਛੋਟੀ ਉਮਰ 'ਚ ਬਤੌਰ ਵਿਧਾਇਕ ਚੁਣੇ ਗਏ ਸਨ। ਉਹ ਨਵਾਂਸ਼ਹਿਰ ਤੋਂ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਵਿਧਾਇਕ ਪ੍ਰਕਾਸ਼ ਸਿੰਘ ਤੇ ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਦੇ ਚਾਰ ਬੱਚਿਆਂ 'ਚੋਂ ਸਭ ਤੋਂ ਛੋਟੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਅੰਗਦ ਸਿੰਘ ਦੇ ਪਰਿਵਾਰ 'ਚ ਉਨ੍ਹਾਂ ਦੇ ਦਾਦਾ ਦਿਲਬਾਗ ਸਿੰਘ ਨੇ ਬੇਅੰਤ ਸਿੰਘ ਸਰਕਾਰ ਦੌਰਾਨ ਕੈਬਨਿਟ ਮੰਤਰੀ ਦੇ ਤੌਰ 'ਤੇ ਸੇਵਾ ਨਿਭਾਈ। ਬਾਅਦ 'ਚ ਉਨ੍ਹਾਂ ਦੇ ਮਾਤਾ-ਪਿਤਾ ਦੋਨੋਂ ਹੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਚੁਣੇ ਗਏ।
ਛੋਟੀ ਉਮਰੇ ਅੰਗਦ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਚੱਲਦੇ ਬਿਸ਼ਪ ਕੌਟਨ ਸਕੂਲ (ਸ਼ਿਮਲਾ) ਦੇ ਬੋਰਡਿੰਗ ਸਕੂਲ 'ਚ ਸਿੱਖਿਆ ਪ੍ਰਾਪਤੀ ਲਈ ਭੇਜ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਪਿਤਾ ਦੀ ਸਿਹਤ ਲਗਾਤਾਰ ਖਰਾਬ ਰਹਿਣ ਕਾਰਨ ਪਿਛਲੇ ਸਾਲਾਂ ਦੀ ਸਕੂਲੀ ਸਿੱਖਿਆ ਪੰਜਾਬ 'ਚ ਪੂਰੀ ਕੀਤੀ ਸੀ।
2016 'ਚ ਉਨ੍ਹਾਂ ਨੇ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ 'ਚ ਗ੍ਰੈਜੂਏਸ਼ਨ ਪੂਰੀ ਕੀਤੀ। ਉਹ ਇਸ ਵੇਲੇ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਮਾਸਟਰ ਡਿਗਰੀ ਦੀ ਪ੍ਰਕਿਰਿਆ 'ਚ ਹਨ। ਅੰਗਦ ਸਿੰਘ ਪੜ੍ਹੇ-ਲਿਖੇ ਹਨ ਪਰ ਜ਼ਿੰਦਗੀ ਦਾ ਅਸਲੀ ਸਬਕ ਪਿਤਾ ਦੀ ਕੈਂਸਰ ਨਾਲ ਲੜਾਈ ਦੇ ਆਖਰੀ ਸਾਲਾਂ ਦੌਰਾਨ ਸਿੱਖਿਆ। ਸਿਆਸੀ ਖੇਤਰ 'ਚ 17 ਸਾਲ ਦੀ ਉਮਰ ਤੋਂ ਹੀ ਜ਼ਮੀਨੀ ਪੱਧਰ ਦੇ ਆਗੂ ਦੇ ਤੌਰ 'ਤੇ ਕਾਂਗਰਸ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ 'ਚ ਜੁੱਟ ਗਏ। ਉਨ੍ਹਾਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੱਜੋਂ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਅਤੇ 2017 'ਚ ਕਾਂਗਰਸ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਉਮੀਦਵਾਰ ਵਜੋਂ ਉਨ੍ਹਾਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਤੇ 2017 ਤੋਂ 2022 ਤਕ ਲਗਾਤਾਰ 5 ਸਾਲ ਦੀ ਕਾਰਗੁਜ਼ਾਰੀ ਦੌਰਾਨ ਹਲਕੇ ਦੇ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ। 2017 'ਚ ਕਾਂਗਰਸ ਦੀ ਟਿਕਟ 'ਤੇ ਚੋਣ ਲੜਣ ਵਾਲੇ ਅੰਗਦ ਸਿੰਘ ਨੂੰ 38197 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਸੀ ਜਦਕਿ 2022 'ਚ ਆਜ਼ਾਦ ਉਮੀਦਵਾਰ ਵੱਜੋਂ 31000 ਵੋਟਾਂ ਹਾਸਲ ਕੀਤੀਆਂ।