- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ’ਚ ਕਲੇਸ਼ ਰੋਕਣ ਲਈ ਹਾਈ ਕਮਾਂਡ ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿਦੰਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਆਗੂਆਂ ਨਾਲ ਦੋ ਦੌਰ ਦੀ ਗੱਲਬਾਤ ਕੀਤੀ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ , ਚੰਡੀਗੜ੍ਹ : ਪੰਜਾਬ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਚੁਸਤ-ਦਰੁਸਤ ਕਰਨ ’ਚ ਰੁੱਝੀ ਕਾਂਗਰਸ ’ਚ ਲਈ ਪੰਜਾਬ ਕਾਂਗਰਸ ਅੰਦਰਲੀ ਖਾਨਾਜੰਗੀ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ’ਚ ਤਾਲਮੇਲ ਬਣਾਉਣ ਤੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਦੇ ਮਕਸਦ ਨਾਲ ਲਏ ਗਏ ਫੈਸਲਿਆਂ ਤੋਂ ਜ਼ਿਆਦਤਰ ਨੇਤਾ ਖੁਸ਼ ਹੋਣ ਦੀ ਬਜਾਏ ਮਾਯੂਸ ਹਨ। ਚੋਣ ਟੀਮ ਦੇ ਐਲਾਨ ਦੇ ਅਗਲੇ ਹੀ ਦਿਨ ਵੀਰਵਾਰ ਨੂੰ ਇਕ ਪਾਸੇ ਜਿੱਥੇ ਪਾਰਟੀ ਦੇ ਸੀਨੀਅਰ ਆਗੂ ਤੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਇਸ ’ਚ ਆਪਣੀ ਅਣਦੇਖੀ ’ਤੇ ਸਰੇਆਮ ਨਾਰਾਜ਼ਗੀ ਪ੍ਰਗਟਾਈ ਹੈ। ਉੱਥੇ ਹੀ ਚੋਣ ਕੈਂਪੇਨ ਕਮੇਟੀ ਦੇ ਚੇਅਰਮੈਨ ਬਣਾਏ ਗਏ ਚਰਨਜੀਤ ਸਿੰਘ ਚੰਨੀ ਨੇ ਵੀ ਪਾਰਟੀ ਦੇ ਆਗੂਆਂ ਦੀ ਇਕ ਬੈਠਕ ਸੱਦ ਲਈ ਹੈ। ਸਿਆਸੀ ਮਾਹਰ ਇਸ ਬੈਠਕ ਨੂੰ ਵੀ ਵੱਡੀ ਬਗ਼ਾਵਤ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ’ਚ ਕਲੇਸ਼ ਰੋਕਣ ਲਈ ਹਾਈ ਕਮਾਂਡ ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿਦੰਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਆਗੂਆਂ ਨਾਲ ਦੋ ਦੌਰ ਦੀ ਗੱਲਬਾਤ ਕੀਤੀ। ਚੰਨੀ ਪ੍ਰਧਾਨਗੀ ਲਈ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਹਾਈਕਮਾਨ ਨੇ ਵੜਿੰਗ ਤੇ ਬਾਜਵਾ ਦੀ ਭੂਮਿਕਾ ’ਚ ਕੋਈ ਤਬਦੀਲੀ ਨਾ ਕਰਦੇ ਹੋਏ ਚੰਨੀ ਨੂੰ ਚੋਣ ਮੁਹਿੰਮ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ। ਇਸੇ ਤਰ੍ਹਾਂ ਸੀਨੀਅਰ ਆਗੂ ਵਿਜੇਇੰਦਰ ਸਿੰਗਲਾ ਨੂੰ ਚੋਣ ਮੈਨੇਜਮੈਂਟ ਤੇ ਤਾਲਮੇਲ ਕਮੇਟੀ, ਰੰਧਾਵਾ ਨੂੰ ਕੋਰ ਕਮੇਟੀ ਤੇ ਅਮਰ ਸਿੰਘ ਨੂੰ ਚੋਣ ਮੈਨੀਫੈਸਟੋ ਕਮੇਟੀ ਦਾ ਮੁਖੀ ਬਣਾ ਕੇ ਅੰਦਰੂਨੀ ਕਲੇਸ਼ ਨੂੰ ਰੋਕਣ ਦਾ ਰਾਹ ਕੱਢਿਆ। ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ।
ਪਰ ਸੂਤਰਾਂ ਦਾ ਕਹਿਣਾ ਹੈ ਕਿ ਬਹੁਤੇ ਆਗੂ ਇਨ੍ਹਾਂ ਫ਼ੈਸਲਿਆਂ ਤੋਂ ਖ਼ੁਸ਼ ਨਹੀਂ ਹਨ। ਬਹੁਤ ਸਾਰੇ ਆਗੂਆਂ ਨੇ ਆਪਣੀ ਨਿਯੁਕਤੀ ’ਤੇ ਹਾਈਕਮਾਨ ਦੇ ਫ਼ੈਸਲੇ ’ਤੇ ਸਵਾਗਤ ਜਾਂ ਧੰਨਵਾਦ ਵੀ ਨਹੀਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਆਪਣੇ ਖਰੜ ਸਥਿਤ ਘਰ ’ਚ ਹਲਕੇ ਦੇ ਕੁਝ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸ਼ੁੱਕਰਵਾਰ ਨੂੰ ਵੀ ਆਪਣੇ ਸਮਰਥਕ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਹੋਰ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਚੰਨੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਣਨੀਤੀ ਬਣਾਉਣ ਲਈ ਸੱਦੀ ਗਈ ਹੈ। ਪਰ ਕਾਂਗਰਸ ਦਾ ਇਕ ਧੜ੍ਹਾ ਇਸ ਮੀਟਿੰਗ ਨੂੰ ਹਾਈਕਮਾਂਡ ਦੇ ਫ਼ੈਸਲੇ ਖ਼ਿਲਾਫ ਬਗ਼ਾਵਤ ਦੇ ਰੂਪ ’ਚ ਦੇਖ ਰਿਹਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਚੰਨੀ ਇਸ ਮੀਟਿੰਗ ਰਾਹੀਂ ਹਾਈਕਮਾਂਡ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਸੂਬੇ ਦੀ ਸਿਆਸਤ ’ਚ ਉਨ੍ਹਾਂ ਦੇ ਕੱਦ-ਕਾਠ ਨੂੰ ਅਣਗੌਲਿਆ ਨਾ ਜਾ ਸਕੇ। ਹੁਣ ਇਸ ਮੀਟਿੰਗ ’ਚ ਕਿੰਨੇ ਵਿਧਾਇਕ ਤੇ ਸਾਬਕਾ ਮੰਤਰੀ ਸ਼ਾਮਲ ਹੁੰਦੇ ਹਨ, ਇਸ ਤੋਂ ਪੰਜਾਬ ਕਾਂਗਰਸ ਦੇ ਭਵਿੱਖ ਤੇ ਚੰਨੀ ਦੇ ਅਗਲੇ ਕਦਮ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।
ਓਧਰ ਮਨੀਸ਼ ਤਿਵਾੜੀ ਨੇ ‘ਐਕਸ’ ’ਤੇ ਪੋਸਟ ’ਚ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ, ‘ਕਾਬਿਲ ਹੋਣਾ ਹੀ ਆਪਣੇ ਆਪ ’ਚ ਇਕ ਵੱਡੀ ਕਮੀ ਹੈ। ਕਾਸ਼ ਮੇਰੇ ਕੋਲ ਲੋਕਾਂ ਤੇ ਸੰਸਥਾਵਾਂ ਦੀ ਅਸੁਰੱਖਿਆ ਦੀ ਭਾਵਨਾ ਦੂਰ ਕਰਨ ਦਾ ਕੋਈ ਤਰੀਕਾ ਹੁੰਦਾ। ਕਾਂਗਰਸ ਨੇ ਪਿਛਲੇ 45 ਸਾਲਾਂ ’ਚ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਮੈਂ ਵੀ ਆਪਣੀ ਪੂਰੀ ਜਵਾਨੀ ਪਾਰਟੀ ਦੀ ਸੇਵਾ ’ਚ ਸਮਰਪਿਤ ਕੀਤੀ ਹੈ। ਕਿਸਮਤ ਨੂੰ ਕੌਣ ਟਾਲ਼ ਸਕਦਾ ਹੈ। ਜੋ ਹੋਣਾ ਹੈ, ਉਹ ਤਾਂ ਹੋ ਕੇ ਹੀ ਰਹੇਗਾ।’
ਉਨ੍ਹਾਂ ਦੀ ਨਾਰਾਜ਼ਗੀ ’ਤੇ ਪਾਰਟੀ ਦੇ ਸੀਨੀਅਰ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ ਹੈ, ਬਲਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦਾ ਸੰਸਦ ਮੈਂਬਰ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਦੀ ਚੋਣ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ। ਮਨੀਸ਼ ਤਿਵਾੜੀ ਦੇ ਕਰੀਬੀ ਸੂਤਰਾਂ ਨੇ ਇਸ ਤਰਕ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਉਨ੍ਹਾਂ ਦਾ ਪੂਰਾ ਸਿਆਸੀ ਜੀਵਨ ਹੀ ਪੰਜਾਬ ਕੇਂਦਰਿਤ ਰਿਹਾ ਹੈ।