- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁਰੂਆਤੀ ਜਾਂਚ ਦੌਰਾਨ ਇਹ ਸ਼ੱਕ ਜਤਾਇਆ ਗਿਆ ਸੀ ਕਿ ਹਮਲਾਵਰਾਂ ਨੇ ‘ਸ਼੍ਰੀ ਕੁਮਾਰ ਮੈਡੀਕੋਜ਼’ ਨੂੰ ‘ਕੁਮਾਰ ਬ੍ਰਦਰਜ਼’ ਸਮਝ ਕੇ ਗਲਤ ਪਛਾਣ ਦੇ ਆਧਾਰ ’ਤੇ ਹਮਲਾ ਕੀਤਾ। ਹਾਲਾਂਕਿ ਹੁਣ ਪੁਲਿਸ ਵਪਾਰਕ ਰੰਜਿਸ਼ ਅਤੇ ਫਿਰੌਤੀ ਦੇ ਐਂਗਲ ਨੂੰ ਵੀ ਗੰਭੀਰਤਾ ਨਾਲ ਖੰਗਾਲ ਰਹੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-11 ਸਥਿਤ ‘ਸ਼੍ਰੀ ਕੁਮਾਰ ਮੈਡੀਕੋਜ਼’ ਦੇ ਕੈਸ਼ੀਅਰ ਦੇ ਕਤਲ ਮਾਮਲੇ ਦੀ ਜਾਂਚ ਦੌਰਾਨ ਚੰਡੀਗੜ੍ਹ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਸੂਤਰਾਂ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਜੰਮੂ-ਕਸ਼ਮੀਰ ਦੇ ਰਾਜੌਰੀ ਖੇਤਰ ਨਾਲ ਸਬੰਧਤ ਹਨ। ਇਸ ਜਾਣਕਾਰੀ ਤੋਂ ਬਾਅਦ ਨਾ ਸਿਰਫ਼ ਚੰਡੀਗੜ੍ਹ ਪੁਲਿਸ, ਸਗੋਂ ਕੇਂਦਰੀ ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਉੱਤਰੀ ਭਾਰਤ ਦੇ ਕਈ ਖੇਤਰਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਕੈਸ਼ੀਅਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 13 ਰਾਊਂਡ ਫਾਇਰ ਕੀਤੇ ਸਨ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਸ਼ੱਕੀ ਸ਼ੂਟਰਾਂ ਦੀ ਲੋਕੇਸ਼ਨ ਟ੍ਰੈਕ ਕਰ ਲਈ ਹੈ ਅਤੇ ਜਾਂਚ ਟੀਮਾਂ ਉਨ੍ਹਾਂ ਤੱਕ ਪਹੁੰਚਣ ਦੇ ਕਾਫ਼ੀ ਨੇੜੇ ਦੱਸੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਚੰਡੀਗੜ੍ਹ ’ਚ ਸਥਾਨਕ ਸੰਪਰਕਾਂ ਦੀ ਵੀ ਜਾਂਚ
ਪੁਲਿਸ ਜਾਂਚ ਅਨੁਸਾਰ ਤਿੰਨੇ ਸ਼ੂਟਰ ਪਿਛਲੇ ਕਾਫ਼ੀ ਸਮੇਂ ਤੋਂ ਚੰਡੀਗੜ੍ਹ ਆਉਂਦੇ-ਜਾਂਦੇ ਰਹੇ ਹਨ। ਸੈਕਟਰ-29 ਦੀ ਇੱਕ ਕਾਲੋਨੀ ਵਿੱਚ ਉਨ੍ਹਾਂ ਦੇ ਕੁਝ ਸਥਾਨਕ ਸੰਪਰਕ ਹੋਣ ਦੀ ਜਾਣਕਾਰੀ ਵੀ ਮਿਲੀ ਹੈ। ਪੁਲਿਸ ਇਨ੍ਹਾਂ ਕੜੀਆਂ ਨੂੰ ਜੋੜ ਕੇ ਨੈੱਟਵਰਕ ਦੀ ਪੜਤਾਲ ਕਰ ਰਹੀ ਹੈ।
ਗਲਤ ਪਛਾਣ ਜਾਂ ਵਪਾਰਕ ਰੰਜਿਸ਼?
ਸ਼ੁਰੂਆਤੀ ਜਾਂਚ ਦੌਰਾਨ ਇਹ ਸ਼ੱਕ ਜਤਾਇਆ ਗਿਆ ਸੀ ਕਿ ਹਮਲਾਵਰਾਂ ਨੇ ‘ਸ਼੍ਰੀ ਕੁਮਾਰ ਮੈਡੀਕੋਜ਼’ ਨੂੰ ‘ਕੁਮਾਰ ਬ੍ਰਦਰਜ਼’ ਸਮਝ ਕੇ ਗਲਤ ਪਛਾਣ ਦੇ ਆਧਾਰ ’ਤੇ ਹਮਲਾ ਕੀਤਾ। ਹਾਲਾਂਕਿ ਹੁਣ ਪੁਲਿਸ ਵਪਾਰਕ ਰੰਜਿਸ਼ ਅਤੇ ਫਿਰੌਤੀ ਦੇ ਐਂਗਲ ਨੂੰ ਵੀ ਗੰਭੀਰਤਾ ਨਾਲ ਖੰਗਾਲ ਰਹੀ ਹੈ।
ਧਮਕੀ ਭਰੀ ਆਡੀਓ ਨਾਲ ਵਪਾਰੀਆਂ ’ਚ ਚਿੰਤਾ
ਜਾਂਚ ਦੌਰਾਨ ਗੈਂਗਸਟਰ ਗੋਲਡੀ ਢਿੱਲੋਂ ਗਰੁੱਪ ਨਾਲ ਜੁੜੀ ਇੱਕ ਕਥਿਤ ਆਡੀਓ ਵੀ ਸਾਹਮਣੇ ਆਈ ਹੈ। ਆਡੀਓ ਵਿੱਚ ਕਿਸੇ ਖਾਸ ਕਾਰੋਬਾਰ ਦਾ ਨਾਮ ਨਹੀਂ ਲਿਆ ਗਿਆ, ਪਰ ਇਹ ਚਿਤਾਵਨੀ ਦਿੱਤੀ ਗਈ ਹੈ ਕਿ “ਜੋ ਸਾਡਾ ਫੋਨ ਨਹੀਂ ਚੁੱਕੇਗਾ, ਉਸ ਨਾਲ ਮੁੜ ਵਾਰਦਾਤ ਹੋਵੇਗੀ। ਇਸ ਤੋਂ ਬਾਅਦ ਸ਼ਹਿਰ ਦੇ ਵਪਾਰਕ ਵਰਗ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਸੈਕਟਰ-19 ਦੇ ਇੱਕ ਕਾਰੋਬਾਰੀ ਅਤੇ ਸੈਕਟਰ-11 ਦੇ ਦੋ ਹੋਰ ਕੈਮਿਸਟਾਂ ਨੂੰ ਵੀ ਧਮਕੀ ਭਰੇ ਫੋਨ ਆਏ ਹਨ। ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ।