- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Chandigarh Police ਦੇ ਰਿਕਾਰਡ ਅਨੁਸਾਰ, ਹੁਣ ਨਾਬਾਲਗ ਸਿਰਫ਼ ਜੇਬ ਕੱਟਣ ਜਾਂ ਆਮ ਚੋਰੀ ਤਕ ਸੀਮਤ ਨਹੀਂ ਹਨ। ਉਹ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ, ਲੁੱਟ-ਖੋਹ ਤੇ ਝਪਟਮਾਰੀ ਵਰਗੀਆਂ ਵੱਡੀਆਂ ਵਾਰਦਾਤਾਂ 'ਚ ਫੜੇ ਜਾ ਰਹੇ ਹਨ। ਰੰਜਿਸ਼ ਜਾਂ ਗੈਂਗਵਾਰ ਦੇ ਚਲਦਿਆਂ ਚਾਕੂ, ਲੋਹੇ ਦੀਆਂ ਰਾਡਾਂ ਤੇ ਇੱਥੋਂ ਤਕ ਕਿ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਨ ਦੇ ਮਾਮਲੇ ਵਧੇ ਹਨ।

ਜਾਗਰਣ ਪੱਤਰਕਾਰ, ਚੰਡੀਗੜ੍ਹ : 'ਸਿਟੀ ਬਿਊਟੀਫੁੱਲ' ਤੇ 'ਸੇਫ ਸਿਟੀ' ਮੰਨੇ ਜਾਣ ਵਾਲੇ ਚੰਡੀਗੜ੍ਹ ਵਿਚ ਹੁਣ ਫਾਇਰਿੰਗ ਤੇ ਕਤਲ ਆਮ ਗੱਲ ਹੋ ਗਈ ਹੈ। ਸ਼ਾਂਤ ਮਾਹੌਲ 'ਚ ਰਹਿਣ ਵਾਲੇ ਲੋਕ ਹੁਣ ਦਹਿਸ਼ਤ ਦੇ ਸਾਏ 'ਚ ਜ਼ਿੰਦਗੀ ਗੁਜ਼ਾਰ ਕਰ ਰਹੇ ਹਨ। ਇਸ ਸਾਲ ਸ਼ਰੇਆਮ ਫਾਇਰਿੰਗ ਤੇ ਕਤਲ ਦੀਆਂ ਕਈ ਗੰਭੀਰ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਨ੍ਹਾਂ ਵਾਰਦਾਤਾਂ ਪਿੱਛੇ ਫਿਰੌਤੀ, ਪੁਰਾਣੀ ਰੰਜਿਸ਼ ਤੇ ਝਗੜਾ ਮੁੱਖ ਕਾਰਨ ਰਹੇ ਹਨ। ਗੈਂਗਸਟਰ ਤੇ ਬਦਮਾਸ਼ ਹੀ ਨਹੀਂ, ਬਲਕਿ ਨਾਬਾਲਗ ਵੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਗੈਂਗਸਟਰਾਂ ਨੇ ਕਾਰੋਬਾਰੀਆਂ, ਪ੍ਰਾਪਰਟੀ ਡੀਲਰਾਂ, ਮੈਡੀਕਲ ਤੇ ਕੈਮਿਸਟ ਸਟੋਰ ਸੰਚਾਲਕਾਂ ਤੇ ਇਮੀਗ੍ਰੇਸ਼ਨ ਸੈਂਟਰ ਸੰਚਾਲਕਾਂ ਦੇ ਦਿਲਾਂ 'ਚ ਖ਼ੌਫ ਪੈਦਾ ਕੀਤਾ ਹੋਇਆ ਹੈ, ਉੱਥੇ ਹੀ ਨਾਬਾਲਗ ਵੀ ਮਾਹੌਲ ਵਿਗਾੜਨ 'ਚ ਕੋਈ ਕਸਰ ਨਹੀਂ ਛੱਡ ਰਹੇ।
ਚੰਡੀਗੜ੍ਹ ਪੁਲਿਸ ਦੇ ਰਿਕਾਰਡ ਅਨੁਸਾਰ, ਹੁਣ ਨਾਬਾਲਗ ਸਿਰਫ਼ ਜੇਬਕੱਟਣ ਜਾਂ ਆਮ ਚੋਰੀ ਤਕ ਸੀਮਤ ਨਹੀਂ ਹਨ। ਉਹ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ, ਲੁੱਟ-ਖੋਹ ਤੇ ਝਪਟਮਾਰੀ ਵਰਗੀਆਂ ਵੱਡੀਆਂ ਵਾਰਦਾਤਾਂ 'ਚ ਫੜੇ ਜਾ ਰਹੇ ਹਨ। ਰੰਜਿਸ਼ ਜਾਂ ਗੈਂਗਵਾਰ ਦੇ ਚਲਦਿਆਂ ਚਾਕੂ, ਲੋਹੇ ਦੀਆਂ ਰਾਡਾਂ ਤੇ ਇੱਥੋਂ ਤਕ ਕਿ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਨ ਦੇ ਮਾਮਲੇ ਵਧੇ ਹਨ। ਜੇਕਰ ਪਿਛਲੇ ਦੋ ਸਾਲਾਂ ਦੇ ਅਪਰਾਧ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2024 'ਚ 4063 ਵਾਰਦਾਤਾਂ ਹੋਈਆਂ, ਜਿਨ੍ਹਾਂ ਦੀ ਗਿਣਤੀ 2025 'ਚ ਵਧ ਕੇ 4305 ਤਕ ਪਹੁੰਚ ਗਈ।
ਸੈਕਟਰ-11 'ਚ ਕੈਸ਼ੀਅਰ ਦਾ ਕਤਲ: 13 ਜੂਨ ਨੂੰ ਸੈਕਟਰ-11 ਦੀ ਕੈਮਿਸਟ ਮਾਰਕੀਟ 'ਚ 'ਸ਼੍ਰੀ ਕੁਮਾਰ ਮੈਡੀਕਲ ਸਟੋਰ' ਦੇ ਅੰਦਰ ਵੜ ਕੇ ਦੋ ਸ਼ੂਟਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਆਟੋਮੈਟਿਕ ਪਿਸਤੌਲ ਨਾਲ 13 ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਲੱਗਣ ਕਾਰਨ ਕੈਸ਼ੀਅਰ ਜਾਨਕੀ ਦਾਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਦੋਵੇਂ ਸ਼ੂਟਰ ਆਪਣੇ ਤੀਜੇ ਸਾਥੀ ਨਾਲ ਬਾਈਕ 'ਤੇ ਬੈਠ ਕੇ ਫਰਾਰ ਹੋ ਗਏ। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਇੰਟਰਨੈੱਟ ਮੀਡੀਆ 'ਤੇ ਗੈਂਗਸਟਰ ਗੋਲਡੀ ਢਿੱਲੋਂ ਗਰੁੱਪ ਨੇ ਲਈ ਹੈ।
ਮੌਲੀਜਾਗਰਾਂ 'ਚ ਨੌਜਵਾਨ ਨੂੰ ਬੇਰਹਿਮੀ ਨਾਲ ਮਾਰਿਆ: ਸੈਕਟਰ-11 ਦੇ ਗੋਲੀਕਾਂਡ ਦੇ ਠੀਕ ਦੋ ਦਿਨ ਬਾਅਦ, 15 ਜੂਨ ਨੂੰ ਮੌਲੀਜਾਗਰਾਂ ਇਲਾਕੇ 'ਚ ਵੱਡੀ ਵਾਰਦਾਤ ਹੋਈ। ਰੰਜਿਸ਼ ਤਹਿਤ ਕਰੀਬ 12 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। 'ਤੋਤਾ' ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦਕਿ ਉਸ ਦਾ ਦੋਸਤ ਆਕਾਸ਼ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਦੜਵਾ ਪਿੰਡ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਤਲ: 12 ਮਈ ਨੂੰ ਦੜਵਾ ਪਿੰਡ ਵਿਚ 18 ਸਾਲਾ ਸੂਰਜ ਦਾ ਦਿਨ-ਦਿਹਾੜੇ ਸ਼ਰੇਆਮ ਬਾਜ਼ਾਰ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰਾਂ ਨੇ ਮਿਲ ਕੇ ਨੌਜਵਾਨ 'ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਸ ਵਿਚ ਵੀ ਪੁਰਾਣੀ ਕਾਨੂੰਨੀ ਰੰਜਿਸ਼ ਅਤੇ ਵਿਵਾਦ ਦੀ ਗੱਲ ਕਹੀ ਸੀ। ਪੁਲਿਸ ਨੇ ਛੇ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੈਕਟਰ-9 ਜਿਮ ਦੇ ਬਾਹਰ ਸ਼ੂਟਆਊਟ: 18 ਮਾਰਚ ਨੂੰ ਦਿਨ-ਦਿਹਾੜੇ ਸੈਕਟਰ-9 ਵਿਚ ਇਕ ਜਿਮ ਦੇ ਬਾਹਰ ਫਾਇਰਿੰਗ ਦੀ ਵਾਰਦਾਤ ਹੋਈ। ਬਾਈਕ 'ਤੇ ਆਏ ਸ਼ੂਟਰਾਂ ਨੇ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਨਾਗਰਾ (ਉਰਫ਼ ਚਿੰਨੀ ਕੁਬਾਹੇੜੀ) 'ਤੇ ਉਸ ਸਮੇਂ ਤਾਬੜਤੋੜ ਗੋਲੀਆਂ ਵਰ੍ਹਾਈਆਂ ਜਦੋਂ ਉਹ ਜਿਮ ਤੋਂ ਬਾਹਰ ਨਿਕਲ ਰਿਹਾ ਸੀ। ਉਸ 'ਤੇ 12 ਗੋਲੀਆਂ ਦਾਗੀਆਂ ਗਈਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਗੇੜੀਆਂ ਅਤੇ ਫਾਇਰਿੰਗ: ਜੂਨ ਵਿਚ ਚੰਡੀਗੜ੍ਹ ਦੇ ਖੁੱਡਾ ਲਾਹੌਰਾ 'ਚ ਕਾਰ ਨਾਲ ਸਟੰਟ (ਗੇੜੀਆਂ) ਕਰਨ ਅਤੇ ਸ਼ਰੇਆਮ ਫਾਇਰਿੰਗ ਕਰਨ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚਿਆ, ਜਿਨ੍ਹਾਂ ਵਿਚ ਨਾਬਾਲਗ ਮੁਲਜ਼ਮ ਵੀ ਸ਼ਾਮਲ ਸੀ।
ਬਲੱਡ-ਡੇ ਪਾਰਟੀ 'ਚ ਜਾਨਲੇਵਾ ਹਮਲਾ: ਸੈਕਟਰ-56 ਦੇ ਪਾਰਕ ਵਿਚ ਚੱਲ ਰਹੀ ਜਨਮਦਿਨ ਦੀ ਪਾਰਟੀ ਦੌਰਾਨ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਮਾਮਲੇ 'ਚ ਪੁਲਿਸ ਨੇ ਇਕ ਨਾਬਾਲਗ ਨੂੰ ਹਿਰਾਸਤ 'ਚ ਲਿਆ ਅਤੇ 8 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਚਾਕੂ ਤੇ ਗੰਡਾਸੀ ਨਾਲ ਵਾਰ ਕੀਤੇ ਸਨ।
| ਵਾਰਦਾਤ | 2024 | 2025 | ਅੰਤਰ |
| ਕਤਲ | 22 | 26 | +4 |
| ਕਤਲ ਦੀ ਕੋਸ਼ਿਸ਼ | 59 | 40 | -19 |
| ਅਗਵਾ (ਕਿਡਨੈਪਿੰਗ) | 181 | 171 | -10 |
| ਦੰਗੇ | 27 | 39 | +12 |
| ਡਕੈਤੀ, ਲੁੱਟ, ਸਨੈਚਿੰਗ | 176 | 155 | -21 |
| ਆਰਮਜ਼ ਐਕਟ | 77 | 100 | +23 |